Corona Virus
ਜਾਨਲੇਵਾ ਬਿਮਾਰੀ ਨੂੰ ਮਾਤ ਪਾਉਣ ਲਈ ਲਗਾਤਾਰ ਡਿਊਟੀ ਕਰ ਰਹੇ ਮਲਟੀਪਰਪਜ਼ ਹੈਲਥ ਵਰਕਰ

ਮੋਹਾਲੀ , 15 ਅਪ੍ਰੈਲ , ( ਬਲਜੀਤ ਮਰਵਾਹਾ ): ਅੱਜ ਜਦੋਂ ਪੂਰੀ ਦੁਨੀਆਂ ਵਿੱਚ ਕੋਰੋਨਾਂ ਵਾਇਰਸ (ਕੋਵਿਡ-19) ਦਾ ਕਹਿਰ ਜਾਰੀ ਹੈ ਉੱਥੇ ਹੀ ਪੰਜਾਬ ਨੂੰ ਵੀ ਇਸ ਭਿਆਨਕ ਬਿਮਾਰੀ ਨੇ ਆਪਣੀ ਚਪੇਟ ਵਿੱਚ ਲੈ ਲਿਆ ਹੈ। ਪੰਜਾਬ ਸਰਕਾਰ ਵੱਲੋਂ ਕਰਫਿਊ ਲਗਾ ਕੇ ਇਸ ਬਿਮਾਰੀ ਨੂੰ ਖਤਮ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ ਉੱਥੇ ਦੂਜੇ ਪਾਸੇ ਸਿਹਤ ਵਿਭਾਗ ਵਿੱਚ ਕੰਮ ਕਰਦੇ ਮਲਟੀਪਰਪਜ਼ ਹੈਲਥ ਵਰਕਰ ਆਪਣੀ ਜਾਨ ਨੂੰ ਖਤਰੇ ਵਿੱਚ ਪਾ ਕੇ ਇਸ ਜਾਨਲੇਵਾ ਬਿਮਾਰੀ ਨੂੰ ਮਾਤ ਪਾਉਣ ਲਈ ਲਗਾਤਾਰ ਡਿਊਟੀ ਕਰ ਰਹੇ ਹਨ। ਮਲਟੀਪਰਪਜ਼ ਹੈਲਥ ਵਰਕਰ ਯੂਨੀਅਨ (1263) ਦੇ ਮੁਹਾਲੀ ਜ਼ਿਲੇ ਦੇ ਪ੍ਧਾਨ ਜਸਵੰਤ ਸਿੰਘ ਅਤੇ ਜਗਤਾਰ ਸਿੰਘ ਨੇ ਦੱਸਿਆ ਸਾਡੇ ਕੋਲ ਫੀਲਡ ਵਿੱਚ ਕੰਮ ਕਰਨ ਨਾਲ ਜਾਨ ਨੂੰ ਖਤਰਾ ਹੋਣ ਦੇ ਬਾਵਜੂਦ ਅਸੀਂ ਪਿੱਛੇ ਨਹੀਂ ਹਟਾਂਗੇ ਅਤੇ ਤਨਦੇਹੀ ਨਾਲ ਆਪਣੀਂ ਡਿਊਟੀ ਨਿਭਾਂਵਾਗੇ।
ਉਹਨਾਂ ਦੇ ਦੱੱਸਣ ਅਨੁਸਾਰ 1263 ਮਲਟੀਪਰਪਜ਼ ਹੈਲਥ ਵਰਕਰ ਤਾਂ ਪਹਿਲਾਂ ਹੀ ਸਰਕਾਰੀ ਨੀਤੀਆਂ ਦੀ ਮਾਰ ਝੱਲ ਚੁੱਕੇ ਹਨ। ਜਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਇਹਨਾਂ 1263 ਸਿਹਤ ਕਾਮਿਆਂ ਦੀ ਭਰਤੀ ਦਿਸੰਬਰ 2016 ਵਿੱਚ ਆਰੰਭੀ ਗਈ ਸੀ ।
ਪਰ ਭਰਤੀ ਪੂਰੀ ਹੋਣ ਤੋਂ ਪਹਿਲਾਂ ਹੀ ਮਾਣਯੋਗ ਹਾਈਕੋਰਟ ਵਲੋਂ ਇਸ ਭਰਤੀ ਉੱਪਰ ਸਟੇਅ ਲਗਾ ਦਿੱਤਾ ਗਿਆ। ਕਰੀਬ ਇੱਕ ਸਾਲ ਬਾਅਦ ਮਈ 2018 ਵਿੱਚ ਅਦਾਲਤ ਦਾ ਫੈਸਲਾ ਆਉਣ ਤੋਂ ਬਾਅਦ ਭਰਤੀ ਦੁਬਾਰਾ ਸ਼ੁਰੂ ਹੋਈ ਜਿਸ ਤੋਂ ਬਾਅਦ ਵੀ ਸਿਹਤ ਮਹਿਕਮੇਂ ਵੱਲੋ ਬਿਨਾਂ ਕਾਰਨ ਇਸ ਭਰਤੀ ਨੂੰ 6 ਮਹੀਨੇਂ ਹੋਰ ਲਮਕਾਇਆ ਗਿਆ। ਆਖਿਰ ਨਵੰਬਰ 2018 ਵਿੱਚ ਇਹਨਾਂ ਹੈਲਥ ਵਰਕਰਾਂ ਨੇ ਡਿਊਟੀ ਸੰਭਾਲੀ।
ਮੁਹਾਲੀ ਜ਼ਿਲੇ ਦੇ ਪ੍ਰਧਾਨ ਜਸਵੰਤ ਸਿੰਘ ਅਤੇ ਜਗਤਾਰ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਕੇਡਰ ਨੇ ਨੌਕਰੀ ਜੁਆਇਨ ਕਰਨ ਤੋਂ ਬਾਅਦ ਫੀਲਡ ਵਿੱਚ ਈਮਾਨਦਾਰੀ ਅਤੇ ਤਨਦੇਹੀ ਨਾਲ ਡਿਊਟੀ ਕੀਤੀ ਜਿਸਦਾ ਨਤੀਜਾ ਵੀ ਮਿਲਿਆ ਕਿ ਸਾਲ 2019 ਦੌਰਾਨ ਸੂਬੇ ਵਿੱਚ ਜਾਨਲੇਵਾ,ਮਲੇਰੀਆ ਤੇ ਡੇਂਗੂ ਬੁਖਾਰ ਦੇ ਆਂਕੜਿਆਂ ਵਿੱਚ ਬਹੁਤ ਕਮੀ ਆਈ ਹੈ। ਹਾਲ ਦੀ ਘੜੀ ਇਹ ਹੈਲਥ ਵਰਕਰ ਵਿਦੇਸ਼ਾਂ ਤੋਂ ਆ ਰਹੇ ਕੋਰੋਨਾਂ ਵਾਇਰਸ ਦੇ ਸ਼ੱਕੀ ਮਰੀਜ਼ਾਂ ਦੇ ਘਰ ਜਾ ਕੇ ਉਹਨਾਂ ਦੀ ਹਿਸਟਰੀ ਲਿਖ ਕੇ ਲਗਾਤਰ ਉਹਨਾਂ ‘ਤੇ ਨਿਗਰਾਨੀ ਰੱਖ ਰਹੇ ਹਨ। ਮੁਹਾਲੀ ਜ਼ਿਲੇ ਦੇ ਪ੍ਰਧਾਨ ਜਸਵੰਤ ਸਿੰਘ ਅਤੇ ਜਗਤਾਰ ਸਿੰਘ ਨੇ ਅੱਗੇ ਆਪਣੇ ਦੁੱਖੜੇ ਦੱਸਦਿਆ ਦੱਸਿਆ ਕਿ
ਪਰਖ-ਕਾਲ ਸਮੇਂ ਦੌਰਾਨ ਇਹ ਹੈਲਥ ਵਰਕਰ ਸਿਰਫ ਬੇਸਿਕ ਤਨਖਾਹ 10300 ‘ਤੇ ਕੰਮ ਕਰ ਰਹੇ ਹਨ। ਏਨੀਂ ਤਨਖਾਹ ਨਾਲ ਇਹਨਾਂ ਨੂੰ ਗੁਜਾਰਾ ਕਰਨਾ ਬਹੁਤ ਔਖਾ ਹੋ ਰਿਹਾ ਹੈ। ਬਹੁਤ ਸਾਰੇ ਵਰਕਰ ਆਪਣੇਂ ਘਰ ਤੋਂ ਕਾਫੀ ਦੂਰ ਪੈਂਦੇ ਸਿਹਤ ਕੇਂਦਰਾਂ ‘ਤੇ ਕੰਮ ਕਰਦੇ ਹਨ ਜਿਸ ਕਾਰਨ ਉਨ੍ਹਾਂ ਨੂੰ ਡਿਊਟੀ ‘ਤੇ ਆਉਣ ਜਾਣ ਲਈ ਕਾਫੀ ਖਰਚ ਉਠਾਉਂਣਾ ਪੈਂਦਾ ਹੈ। ਇਸ ਭਿਆਨਕ ਆਰਥਿਕ ਤੰਗੀ ਕਾਰਨ ਆਪਣਾ ਪਰਿਵਾਰ ਪਾਲਣਾ ਤੇ ਤਨਦੇਹੀ ਨਾਲ ਡਿਊਟੀ ਕਰਨਾ ਬਹੁਤ ਔਖਾ ਹੋ ਰਿਹਾ ਹੈ,ਡਿਊਟੀ ਤੇ ਜਾਣ ਲਈ ਵੀ ਹੈਲਥ ਵਰਕਰ ਕਰਜੇ ਚੁਕ ਚੁਕ ਕੇ ਆਰਥਿਕ ਬੋਝ ਦੇ ਥੱਲੇ ਦਬਦੇ ਜਾ ਰਹੇ ਨੇ,ਮੁਹਾਲੀ ਜ਼ਿਲੇ ਦੇ ਪ੍ਰਧਾਨ ਜਸਵੰਤ ਸਿੰਘ ਨੇ ਅੱਗੇ ਦੱਸਿਆ ਕਿ ਜਦੋ ਵੀ ਕੋਈ ਬਿਮਾਰੀ ਜਾਂ ਮਹਾਂਮਾਰੀ ਫੈਲਦੀ ਹੈ ਤਾਂ ਹੈਲਥ ਵਰਕਰ ਹਮੇਸ਼ਾ ਮੋਹਰੀ ਹੋ ਕੇ ਆਪਣੀਆ ਸੇਵਾਵਾਂ ਦਿੰਦੇ ਹਨ ,ਕੇਂਦਰ ਸਰਕਾਰ ਨੇ ਵੀ ਹੈਲਥ ਵਰਕਰਾਂ ਦੀਆ ਸੇਵਾਵਾਂ ਨੂੰ ਧਿਆਨ ਚ ਰੱਖਦਿਆਂ ਹੀ ਹੈਲਥ ਵਰਕਰ ਲਈ 50 ਲੱਖ ਦੇ ਬੀਮੇ ਦੀ ਯੋਜਨਾ ਲਿਆਂਦੀ ਹੈ,ਅੱਜ ਕਲ ਵਰਲਡ ਹੈਲਥ ਆਰਗੇਨਾਈਜੇਸ਼ਨ ਵਲੋਂ ਮਹਾਂਮਾਰੀ ਐਲਾਨੀ ਤੇ
ਭਿਆਨਕ ਰੂਪ ਲੈ ਚੁੱਕੇ ਇਸ ਕੋਰੋਨਾਂ ਵਾਇਰਸ ਨਾਲ ਲੜ ਰਹੇ ਇਹਨਾਂ ਹੈਲਥ ਵਰਕਰਾਂ ਲਈ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਪਰਖ-ਕਾਲ ਸਮਾਂ ਖਤਮ ਕਰਕੇ ਰੈਗੂਲਰ ਤਨਖਾਹ ਸਕੇਲ ਅਤੇ ਅਲੱਗ ਤੋਂ ਜੋਖਿਮ ਭੱਤਾ ਦੇਣਾ ਚਾਹੀਦਾ ਹੈ ।