Punjab
ਨੀਰਜ ਬਵਾਨਾ ਗੈਂਗ ਦੀ ਧਮਕੀ- 2 ਦਿਨਾਂ ‘ਚ ਲਵਾਂਗਾ ਸਿੱਧੂ ਮੂਸੇਵਾਲਾ ਦੇ ਕਤਲ ਦਾ ਬਦਲਾ
ਚੰਡੀਗੜ੍ਹ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਪੰਜਾਬ ਦੀ ਕਾਨੂੰਨ ਵਿਵਸਥਾ ਲਗਾਤਾਰ ਸਵਾਲਾਂ ਦੇ ਘੇਰੇ ‘ਚ ਬਣੀ ਹੋਈ ਹੈ। ਸਿੱਧੂ ਮੂਸੇਵਾਲਾ ਦੇ ਕਾਤਲਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ। ਪੁਲਿਸ ਨੇ ਕਈ ਸ਼ੱਕੀ ਹਿਰਾਸਤ ‘ਚ ਲਏ ਸੀ ਪਰ ਅਜੇ ਵੀ ਪੁਲਿਸ ਠੋਸ ਸਬੂਤਾਂ ਤੇ ਅਸਲ ਦੋਸ਼ੀਆਂ ਤੋਂ ਦੂਰ ਹੈ। ਪੰਜਾਬੀ ਪੁਲਿਸ ਦੇ ਡੀਜੀਪੀ ਨੇ ਵੀਕੇ ਭਾਵਰਾ ਨੇ ਮੂਸੇਵਾਲਾ ਕਤਲ ਕਾਂਡ ਨੂੰ ਗੈਂਗਸਟਰਵਾਦ ਨਾਲ ਜੁੜਿਆ ਦੱਸਿਆ ਸੀ। ਸਿੱਧੂ ਦੇ ਕਤਲ ਮਗਰੋਂ ਕਈ ਗੈਂਗਸਟਰ ਗਰੁੱਪ ਇਸ ਦਾ ਬਦਲਾ ਲੈਣ ਦੀ ਗੱਲ ਵੀ ਕਹਿ ਰਹੇ ਹਨ।
ਇਸ ਵਿਚਾਲੇ ਵਿੱਕੀ ਗੌਂਡਰ ਤੇ ਦਵਿੰਦਰ ਬੰਬੀਹਾ ਗੈਂਗ ਤੋਂ ਬਾਅਦ ਹੁਣ ਨੀਰਜ ਬਵਾਨਾ ਗੈਂਗ ਵੀ ਖੁੱਲ੍ਹ ਕੇ ਮੈਦਾਨ ਵਿੱਚ ਆ ਗਿਆ ਹੈ। ਦੱਸ ਦੇਈਏ ਕਿ ਨੀਰਜ ਬਵਾਨਾ ਗੈਂਗ ਨੇ ਇੱਕ ਫੇਸਬੁੱਕ ਪੋਸਟ ਵਿੱਚ ਸਿੱਧੂ ਮੂਸੇਵਾਲਾ ਦੇ ਕਤਲ ਦੀ ਨਿੰਦਾ ਕੀਤੀ ਹੈ ਤੇ ਧਮਕੀ ਦਿੱਤੀ ਹੈ ਕਿ ਉਹ ਦੋ ਦਿਨਾਂ ਵਿੱਚ ਮੂਸੇਵਾਲਾ ਦੇ ਕਤਲ ਦਾ ਬਦਲਾ ਲੈਣਗੇ। ਟਿੱਲੂ ਤੇਜਪੁਰੀਆ, ਕੌਸ਼ਲ ਗੁੜਗਾਓਂ ਅਤੇ ਦਵਿੰਦਰ ਬੰਬੀਹਾ ਗੈਂਗ ਵੀ ਬਵਾਨਾ ਗੈਂਗ ਨਾਲ ਜੁੜੇ ਹੋਏ ਹਨ। ਅਜਿਹੇ ‘ਚ ਆਉਣ ਵਾਲੇ ਦਿਨਾਂ ‘ਚ ਪੰਜਾਬ ‘ਚ ਗੈਂਗ ਵਾਰ ਵਧਣ ਦੀ ਸੰਭਾਵਨਾ ਵਧ ਗਈ ਹੈ।
ਨੀਰਜ ਬਵਾਨਾ ਨੇ ਪੋਸਟ ‘ਚ ਲਿਖਿਆ ਕਿ ਸਿੱਧੂ ਮੂਸੇਵਾਲਾ ਉਸ ਦਾ ਭਰਾ ਸੀ ਤੇ ਹੁਣ ਉਹ ਦੋ ਦਿਨਾਂ ਵਿੱਚ ਉਸ ਦੇ ਕਤਲ ਦਾ ਬਦਲਾ ਲਵੇਗਾ। ਨੀਰਜ ਬਵਾਨਾ ਦਾ ਨਾਂ ਹਾਲ ਹੀ ‘ਚ ਪਹਿਲਵਾਨ ਸੁਸ਼ੀਲ ਕੁਮਾਰ ਮਾਮਲੇ ‘ਚ ਚਰਚਾ ‘ਚ ਆਇਆ ਸੀ। ਉਹ ਦਿੱਲੀ ਦੇ ਬਵਾਨਾ ਪਿੰਡ ਦਾ ਰਹਿਣ ਵਾਲਾ ਹੈ। ਉਸ ਖ਼ਿਲਾਫ਼ ਕਤਲ, ਡਕੈਤੀ, ਲੁੱਟ-ਖੋਹ, ਜਬਰੀ ਵਸੂਲੀ, ਲੋਕਾਂ ਨੂੰ ਡਰਾਉਣ ਧਮਕਾਉਣ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਵਰਗੇ ਕਈ ਕੇਸ ਦਰਜ ਹਨ।
ਦਵਿੰਦਰ ਬੰਬੀਹਾ ਗਰੁੱਪ ਦੇ ਨੀਰਜ ਬਵਾਨਾ ਦੀ ਲਾਰੈੰਸ ਬਿਸ਼ਨੋਈ ਨੂੰ ਧਮਕੀ ਦਿੱਤੀ ਹੈ। ਉਨ੍ਹਾਂ ਨੇ ਕਿਹਾ ਦੋ ਦਿਨ ਵਿੱਚ ਬਿਸ਼ਨੋਈ ਮਾਰਿਆ ਜਾਵੇਗਾ। ਨੀਰਜ ਬਵਾਨਾ ਨੇ ਫੇਸਬੁੱਕ ‘ਤੇ ਪੋਸਟ ਪਾ ਕੇ ਧਮਕੀ ਦਿੱਤੀ ਹੈ।
ਦੂਜੇ ਪਾਸੇ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਬੰਦ ਨਾਮੀ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਪੁੱਛਗਿੱਛ ਲਈ ਪੰਜਾਬ ਲਿਆਂਦਾ ਜਾ ਸਕਦਾ ਹੈ। ਸੂਤਰਾਂ ਅਨੁਸਾਰ ਦਿੱਲੀ ਪੁਲਿਸ ਦੀ ਸਪੈਸ਼ਲ ਬ੍ਰਾਂਚ ਵੱਲੋਂ ਮੰਗਲਵਾਰ ਨੂੰ ਮੂਸੇਵਾਲਾ ਕਤਲ ਕਾਂਡ ‘ਚ ਲਾਰੈਂਸ ਬਿਸ਼ਨੋਈ ਨੂੰ ਪੰਜ ਦਿਨ ਦੇ ਰਿਮਾਂਡ ‘ਤੇ ਲੈਣ ਤੋਂ ਬਾਅਦ ਪੰਜਾਬ ਪੁਲਿਸ ਨੇ ਵੀ ਇਸ ਮਾਮਲੇ ‘ਚ ਕਾਗਜ਼ੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਬਿਸ਼ਨੋਈ ਨੂੰ ਟਰਾਂਜ਼ਿਟ ਰਿਮਾਂਡ ‘ਤੇ ਪੰਜਾਬ ਲਿਆਂਦਾ ਜਾ ਸਕੇ।