Connect with us

Punjab

ਪੰਜਾਬ ਸਰਕਾਰ ਵੱਲੋਂ ਜਾਰੀ ਨਵੇਂ ਦਿਸ਼ਾ ਨਿਰਦੇਸ਼

Published

on

ਚੰਡੀਗੜ੍ਹ : ਪੰਜਾਬ ਵਿਚ ਲਗਾਤਾਰ ਵੱਧ ਰਹੀ ਕੋਰੋਨਾ ਮਰੀਜ਼ਾਂ ਦੀ ਗਿਣਤੀ ਦੇ ਮੱਦੇਨਜ਼ਰ ਕੈਪਟਨ ਅਮਰਿੰਦਰ ਸਿੰਘ ਸਰਕਾਰ ਵਲੋਂ ਹੋਰ ਸਖ਼ਤੀ ਕੀਤੀ ਗਈ। ਸਰਕਾਰ ਦੀਆਂ ਤਾਜ਼ਾ ਗਾਈਡ ਲਾਈਨ ਮੁਤਾਬਿਕ ਵਿਆਹ ਸਮਾਗਮ ਵਿਚ ਮਹਿਜ਼ 30 ਲੋਕ ਹਿੱਸਾ ਲੈ ਸਕਣਗੇ ਜਦਕਿ ਪਹਿਲਾਂ 50 ਲੋਕਾਂ ਨੂੰ ਵਿਆਹ ਵਿਚ ਸ਼ਾਮਿਲ ਹੋਣ ਦੀ ਮਨਜ਼ੂਰੀ ਦਿੱਤੀ ਗਈ ਸੀ। ਨਿਯਮਾਂ ਵਿਚ ਸਾਫ਼ ਤੌਰ ‘ਤੇ ਕਿਹਾ ਗਿਆ ਹੈ ਕਿ ਵਿਆਹ ਸਮਾਗਮ ਵਿਚ ਦੋਵਾਂ ਧਿਰਾਂ (ਕੁੜੀ-ਮੁੰਡੇ) ਵਲੋਂ 30 ਲੋਕ ਹੀ ਹਿੱਸਾ ਲੈ ਸਕਣਗੇ। ਇਸ ਤੋਂ ਇਲਾਵਾ ਕਿਸੇ ਵੀ ਤਰ੍ਹਾਂ ਦੇ ਇਕੱਠ ਜਾਂ ਧਰਨੇ ਪ੍ਰਦਰਸ਼ਨਾਂ ‘ਤੇ ਰੋਕ ਲਗਾ ਦਿੱਤੀ ਗਈ ਹੈ। ਜੇਕਰ ਕੋਈ ਇਨ੍ਹਾਂ ਨਿਯਮਾਂ ਦੀ ਉਲੰਘਣਾ ਕਰਦਾ ਹੈ, ਉਸਦੇ ਖ਼ਿਲਾਫ਼ ਐੱਫ.ਆਈ.ਆਰ. ਦਰਜ ਕੀਤੀ ਜਾਵੇਗੀ। ਇਸ ਤੋਂ ਇਲਾਵਾ ਜੇਕਰ ਕੋਈ ਮੀਟਿੰਗ ਕਰਦਾ ਹੈ ਤਾਂ ਇਸ ਮੀਟਿੰਗ ਵਿਚ ਪੰਜ ਤੋਂ ਜ਼ਿਆਦਾ ਲੋਕ ਹਿੱਸਾ ਨਹੀਂ ਲੈ ਸਕਣਗੇ।

ਬੀਤੇ ਦਿਨਾਂ ਤੋਂ ਵੱਖ-ਵੱਖ ਧਿਰਾਂ ਭਾਵੇਂ ਉਹ ਸਿਆਸੀ ਆਗੂ ਹੋਣ, ਧਾਰਮਿਕ ਹੋਣ ਜਾਂ ਫਿਰ ਅਧਿਆਪਕ ਜਥੇਬੰਦੀਆਂ ਹੋਣ, ਵਲੋਂ ਧਰਨੇ ਪ੍ਰਦਰਸ਼ਨ ਉਲੀਕੇ ਜਾ ਰਹੇ ਸਨ, ਜਿਨ੍ਹਾਂ ਵਿਚ ਸਾਫ਼ ਤੌਰ ‘ਤੇ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਜੇਕਰ ਹੁਣ ਕੋਈ ਨਿਯਮਾਂ ਦੀ ਉਲੰਘਣਾ ਕਰੇਗਾ ਤਾਂ ਉਸ ‘ਤੇ ਸਿੱਧੀ ਕਾਰਵਾਈ ਹੋਵੇਗੀ। ਇਸ ਤੋਂ ਇਲਾਵਾ ਕੰਮਕਾਜੀ ਥਾਵਾਂ ‘ਤੇ ਵੀ ਮਾਸਕ ਪਾਉਣ ਪੂਰੀ ਤਰ੍ਹਾਂ ਲਾਜ਼ਮੀ ਕਰ ਦਿੱਤਾ ਗਿਆ ਹੈ। ਜਦਕਿ ਜਨਤਕ ਥਾਵਾਂ ‘ਤੇ ਮਾਸਕ ਪਾਉਣਾ ਅਤੇ ਥੁੱਕਣ ‘ਤੇ ਪਹਿਲਾਂ ਹੀ ਪੂਰਨ ਤੌਰ ‘ਤੇ ਪਾਬੰਦੀ ਲਗਾਈ ਗਈ ਹੈ।