Punjab
ਅਕਾਲ ਤਖ਼ਤ ਸਾਹਿਬ ਦੇ ਨਵੇਂ ਹੁਕਮ ,ਅਕਾਲੀ ਦਲ ਤੇ 2 ਦਸੰਬਰ ਵਾਲੇ ਹੁਕਮਾਂ ਦੀ ਉਲੰਘਣਾ

ਅੱਜ ਅਕਾਲ ਤਖ਼ਤ ਸਾਹਿਬ ਤੋਂ ਕੁੱਝ ਵੱਡੀਆਂ ਸਿੱਖ ਸ਼ਖਸ਼ੀਅਤਾਂ ਨੂੰ ਤਨਖਾਹ ਲਗਾਈ ਗਈ ਜਿਨ੍ਹਾਂ ਵਿੱਚ ਭਾਈ ਰਣਜੀਤ ਸਿੰਘ ਢੱਡੀਆਂਵਾਲੇ , ਹਰਵਿੰਦਰ ਸਿੰਘ ਸਰਨਾ, ਗਿਆਨੀ ਗੁਰਮੁੱਖ ਸਿੰਘ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੁਲਾਜਮ ਬਲਬੀਰ ਸਿੰਘ। ਢੱਡਰੀਆਂ ਵਾਲਿਆਂ ਉੱਪਰ ਸਰੋਵਰ, ਦੁਖਭੰਜਨੀ ਬੇਰੀ ਅਤੇ ਬਾਬਾ ਬਕਾਲਾ ਦੇ ਇਤਿਹਾਸ ਬਾਰੇ ਕਿੰਤੂ ਪ੍ਰੰਤੂ ਕਰਦਿਆਂ ਬਿਆਨ ਦਿੱਤੇ ਗਏ ਸਨ, ਹਰਵਿੰਦਰ ਸਿੰਘ ਸਰਨਾ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਕੰਮ ਕਾਜ ਉੱਪਰ ਸਵਾਲ ਚੁੱਕੇ ਸਨ, ਗਿਆਨੀ ਗੁਰਮੁੱਖ ਸਿੰਘ ਉੱਪਰ ਦੋਸ਼ ਸਨ ਕਿ ਸਿਰਸਾ ਸਾਧ ਦੀ ਮੁਆਫੀ ਵਾਲੀ ਚਿੱਠੀ ਪ੍ਰਵਾਨ ਕਰਨ ਵਾਲਿਆਂ ਵਿੱਚ ਉਹ ਵੀ ਸ਼ਾਮਲ ਸਨ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮ ਬਲਬੀਰ ਸਿੰਘ ਉੱਪਰ ਇੱਕ ਔਰਤ ਨਾਲ ਵਿਭਚਾਰ ਕਰਨ ਦਾ ਦੋਸ਼ ਸੀ ਜਿਸ ਵਿਰੁੱਧ ਕਾਰਵਾਈ ਕਰਨ ਦੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਦੇਸ਼ ਦਿੱਤੇ ਗਏ। ਬਾਕੀ ਸਾਰਿਆਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਤਨਖਾਹ ਲਗਾਈ ਗਈ ਜਿਸ ਵਿੱਚ ਜੂਠੇ ਬਰਤਨ ਮਾਜ਼ਣ , ਗਿਆਰਾਂ ਦਿਨ ਜਪਜੀ ਸਾਹਿਬ ਤੇ ਚੌਪਈ ਸਾਹਿਬ ਦੇ ਪਾਠ ਕਰਕੇ 501 ਰੁਪਏ ਦੀ ਦੇਗ਼ ਕਰਵਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ। ਢੱਡਰੀਆਂ ਵਾਲ਼ਿਆਂ ਨੂੰ ਕੇਵਲ 501 ਦੀ ਦੇਗ਼ ਕਰਵਾਉਣ ਦੇ ਹੁਕਮ ਦੇ ਕੇ ਦੋਸ਼ਮੁਕਤ ਕਰ ਦਿੱਤਾ ਗਿਆ ਹੈ।ਇਸ ਦੌਰਾਨ ਗਿਆਨੀ ਰਣਜੀਤ ਸਿੰਘ ਗੌਹਰ ਏ ਮਸਕੀਨ ਨੂੰ ਪਟਨਾ ਸਾਹਿਬ ਜਾਂਚ ਕਮੇਟੀ ਨੂੰ ਜਨਤਕ ਕਰਦਿਆਂ ਦੋਸ਼ ਮੁਕਤ ਕੀਤਾ ਗਿਆ।ਨਿਰ ਸੰਦੇਹ ਸ੍ਰੀ ਅਕਾਲ ਤਖਤ ਸਾਹਿਬ ਸਿੱਖਾਂ ਦੀ ਸਰਵਉੱਚ ਅਦਾਲਤ ਹੈ। ਹਰ ਨਾਨਕ ਨਾਮ ਲੇਵਾ ਵਿਅਕਤੀ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਅੱਗੇ ਸਿਰ ਝੁਕਾਉਂਦਾ ਹੈ। ਅਸੀਂ ਇੰਨੀ ਜੁਰਅਤ ਨਹੀਂ ਕਰ ਸਕਦੇ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਫੈਸਲਿਆਂ ‘ਤੇ ਕੋਈ ਕਿੰਤੂ ਕਰਨ ਕਰੀਏ।
ਲੇਕਿਨ ਪਿਛਲੇ ਸਮੇਂ ਦੌਰਾਨ ਵਾਪਰੀਆਂ ਘਟਨਾਵਾਂ ਨੂੰ ਵੇਖਦਿਆਂ ਇੰਝ ਲੱਗਦਾ ਹੈ ਕਿ ਸਾਡੇ ਕੁੱਝ ਸਿੱਖ ਲੀਡਰ ਆਪਣੇ ਸਿਆਸੀ ਹਿੱਤਾਂ ਲਈ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਨੂੰ ਛਿੱਕੇ ਟੰਗਦੇ ਰਹੇ ਹਨ। ਜ਼ਿਕਰਯੋਗ ਹੈ ਕਿ 2 ਦਸੰਬਰ 2024 ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਕਈ ਅਕਾਲੀ ਆਗੂਆਂ ਨੂੰ ਤਨਖਾਹ ਲਗਾਈ ਗਈ ਸੀ ਉਨ੍ਹਾਂ ਆਗੂਆਂ ਨੇ ਲਗਾਈ ਗਈ ਸੇਵਾ ਤਾਂ ਪੂਰੀ ਕੀਤੀ ਪਰ ਜਿਹੜਾ ਹੁਕਮ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਨੂੰ ਲੈ ਕੇ ਜਾਰੀ ਕੀਤਾ ਗਿਆ ਸੀ ਉਸ ਹੁਕਮ ਦੀ ਉਲੰਘਣਾ ਬਾਦਲ ਦਲ ਨੇ ਸ਼ਰ੍ਹੇਆਮ ਕਰਦਿਆਂ ਆਪਣੇ ਵੱਲੋਂ ਹੀ ਭਰਤੀ ਦੀ ਪ੍ਰੀਕਿਰਿਆ ਪੂਰੀ ਕਰ ਲਈ ਸੀ। ਅਕਾਲ ਤਖਤ ਸਾਹਿਬ ਵੱਲੋਂ ਸੱਤ ਮੈਂਬਰੀ ਕਮੇਟੀ ਬਣਾਈ ਗਈ ਜਿਸਨੇ ਭਰਤੀ ਕਰਨੀ ਸੀ ਲੇਕਿਨ ਇਸ ਕਮੇਟੀ ਵਿੱਚੋਂ ਜਥੇਦਾਰ ਕਿਰਪਾਲ ਸਿੰਘ ਬਡੂੰਗਰ ਅਤੇ ਹਰਜਿੰਦਰ ਸਿੰਘ ਧਾਮੀ ਸ਼ੁਰੂ ਵਿੱਚ ਹੀ ਅਸਤੀਫਾ ਦੇ ਗਏ ਸਨ।
ਇੱਕ ਪਾਸੇ ਬਾਦਲ ਦਲ ਨੇ ਅਕਾਲੀ ਦਲ ਦੀ ਮੈਂਬਰਸ਼ਿਪ ਦੀ ਪ੍ਰੀਕਿਰਿਆ ਪੂਰੀ ਕਰ ਲਈ ਅਤੇ ਦੂਜੇ ਪਾਸੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਬਣਾਈ ਪੰਜ ਮੈਂਬਰੀ ਕਮੇਟੀ ਨੇ ਭਰਤੀ ਸ਼ੁਰੂ ਕਰ ਦਿੱਤੀ। ਇਸ ਤੋਂ ਇਹ ਸਪੱਸ਼ਟ ਹੋ ਗਿਆ ਕਿ ਬਾਦਲ ਦਲ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਨੂੰ ਨਹੀਂ ਮੰਨਿਆ। ਹੁਣ ਇੱਕ ਪਾਸੇ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲਾ ਅਕਾਲੀ ਦਲ ਤੇ ਦੂਜੇ ਪਾਸੇ ਬਾਦਲ ਦਲ ਤੋਂ ਬਾਗੀ ਹੋ ਕੇ ਬਣੀ ਸੁਧਾਰ ਲਹਿਰ। ਅੱਜ ਚਾਹੀਦਾ ਤਾਂ ਇਹ ਵੀ ਸੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਦੋ ਦਸੰਬਰ ਦੇ ਹੁਕਮਨਾਮੇ ਦੀ ਹੋਈ ਉਲੰਘਣਾ ਦਾ ਜ਼ਿਕਰ ਵੀ ਕਰਦੇ ਤੇ ਉਲੰਘਣਾ ਕਰਨ ਵਾਲਿਆਂ ਨੂੰ ਤਲਬ ਕਰਨ ਦੇ ਹੁਕਮ ਜਾਰੀ ਕਰਦੇ ਲੇਕਿਨ ਇਸ ਮੁੱਦੇ ਦਾ ਜ਼ਿਕਰ ਵੀ ਨਹੀਂ ਕੀਤਾ ਗਿਆ। ਇਸ ਸਮੇਂ ਅਕਾਲੀ ਦਲ ਖੇਰੂੰ ਖੇਰੂੰ ਹੋ ਚੁੱਕਾ ਹੈ।
ਆਉਣ ਵਾਲੇ ਸਮੇਂ ਵਿੱਚ ਅਕਾਲੀ ਦਲ ਦੀ ਵੋਟ ਚਾਰ ਹਿੱਸਿਆਂ ਵਿੱਚ ਵੰਡੀ ਜਾਵੇਗੀ ਕਿਉਂਕਿ ਇਸ ਵੇਲੇ ਚਾਰ ਅਕਾਲੀ ਦਲ ਮੈਦਾਨ ਵਿੱਚ ਹਨ। ਇੱਕ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲਾ, ਦੂਜਾ ਸੁਧਾਰ ਲਹਿਰ, ਤੀਜਾ ਸਿਮਰਨਜੀਤ ਸਿੰਘ ਮਾਨ ਦਾ ਅਕਾਲੀ ਦਲ ਅਤੇ ਚੌਥਾ ਅੰਮ੍ਰਿਤਪਾਲ ਸਿੰਘ ਦਾ ਅਕਾਲੀ ਦਲ। ਅਕਾਲੀ ਦਲ ਦੀ ਵੋਟ ਚਾਰ ਹਿੱਸਿਆਂ ਵਿੱਚ ਵੰਡੇ ਜਾਣ ਦਾ ਲਾਭ ਰਾਸ਼ਟਰੀ ਪਾਰਟੀਆਂ ਨੂੰ ਹੋਵੇਗਾ। ਅਕਾਲੀ ਦਲ ਇੱਕੋ ਇੱਕ ਖੇਤਰੀ ਪਾਰਟੀ ਹੈ ਜੋ ਪੰਜਾਬ ਦੇ ਹਿੱਤਾਂ ਲਈ ਤਾਂ ਆਵਾਜ਼ ਬੁਲੰਦ ਕਰਦੀ ਆ ਰਹੀ ਸੀ ਨਾਲੋ ਨਾਲ ਸੰਘੀ ਢਾਂਚੇ ਦੀ ਵਕਾਲਤ ਕਰਦੀ ਰਹੀ ਹੈ। ਪੰਜਾਬ ਨੂੰ ਅਕਾਲੀ ਦਲ ਦੀ ਲੋੜ। ਅੱਜ ਦੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਵਿੱਚ ਅਕਾਲੀ ਦਲ ਦੀ ਏਕਤਾ ਦੀ ਗੱਲ ਵੀ ਕੀਤੀ ਜਾਂਦੀ ਤਾਂ ਚੰਗ਼ਾ ਹੁੰਦਾ ਪਰ ਇੱਥੇ ਤਾਂ 2 ਦਸੰਬਰ 2024 ਦੇ ਆਕਾਲ ਤਖਤ ਸਾਹਿਬ ਦੇ ਹੁਕਮਾਂ ਦਾ ਜ਼ਿਕਰ ਤੱਕ ਨਹੀਂ ਕੀਤਾ ਗਿਆ। ਇਹ ਵੀ ਆਵਾਜ਼ ਉੱਠਦੀ ਰਹੀ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਇੱਕ ਪਰਿਵਾਰ ਵੱਲੋਂ ਆਪਣੇ ਸਿਆਸੀ ਹਿੱਤਾਂ ਲਈ ਵਰਤਿਆ ਜਾਂਦਾ ਰਿਹਾ ਹੈ। ਅਸੀਂ ਪੰਜ ਸਿੰਘ ਸਾਹਿਬਾਨ ਨੂੰ ਅਪੀਲ ਕਰਦੇ ਹਾਂ ਕਿ ਉਹ ਆਉਣ ਵਾਲੇ ਸਮੇਂ ਵਿੱਚ ਅਕਾਲੀ ਦਲ ਦੀ ਏਕਤਾ ਲਈ ਪਹਿਲਕਦਮੀ ਕਰਨ ਅਤੇ ਅਜਿਹੇ ਫੈਸਲੇ ਕੀਤੇ ਜਾਣ ਜਿਸ ਤੋਂ ਲੱਗੇ ਕਿ ਸਿੱਖਾਂ ਦੀ ਸਰਵਉੱਚ ਅਦਾਲਤ ਸ੍ਰੀ ਅਕਾਲ ਤਖਤ ਸਾਹਿਬ ਆਜ਼ਾਦ ਹੈ, ਕਿਸੇ ਦੇ ਪ੍ਰਭਾਵ ਹੇਠ ਨਹੀਂ ।