Connect with us

Punjab

ਨਾਮੀਂ ਖਿਡਾਰੀਆਂ ਨੂੰ ਸਰਕਾਰੀ ਨੌਕਰੀ ਦੇਣ ਅਤੇ ਹਰ ਟੂਰਨਾਮੈਂਟ ਦੇ ਜੇਤੂਆਂ ਨੂੰ ਨਗਦ ਇਨਾਮ ਦੇਣ ਲਈ ਬਣੇਗੀ ਨਵੀਂ ਖੇਡ ਨੀਤੀ- ਮੀਤ ਹੇਅਰ

Published

on

ਖੇਡਾਂ ਦੇ ਖੇਤਰ ਵਿੱਚ ਕੌਮੀ ਤੇ ਕੌਮਾਂਤਰੀ ਪੱਧਰ ਉਤੇ ਸੂਬੇ ਦਾ ਨਾਮ ਰੌਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਸਰਕਾਰੀ ਨੌਕਰੀ ਦੇਣ ਅਤੇ ਹਰ ਖੇਡ ਦੇ ਵੱਡੇ ਟੂਰਨਾਮੈਂਟ ਵਿੱਚ ਤਮਗੇ ਜਿੱਤਣ ਵਾਲੇ ਖਿਡਾਰੀਆਂ ਨੂੰ ਨਗਦ ਇਨਾਮ ਦੇ ਘੇਰੇ ਵਿੱਚ ਲਿਆਉਣ ਲਈ ਪੰਜਾਬ ਸਰਕਾਰ ਮੌਜੂਦਾ ਖੇਡ ਨੀਤੀ ਵਿੱਚ ਕਈ ਤਬਦੀਲੀਆਂ ਕਰ ਕੇ ਨਵੀਂ ਵਿਆਪਕ ਖੇਡ ਨੀਤੀ ਬਣਾ ਰਹੀ ਹੈ। ਇਹ ਗੱਲ ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕਹੀ।
ਖੇਡ ਮੰਤਰੀ ਮੀਤ ਹੇਅਰ ਨੇ ਇਹ ਗੱਲ ਅੱਜ ਨਿਸ਼ਾਨੇਬਾਜ਼ੀ ਵਿਸ਼ਵ ਕੱਪ ਵਿੱਚ ਦੋ ਸੋਨੇ ਦੇ ਤਮਗੇ ਜਿੱਤ ਕੇ ਵਤਨ ਪਰਤੇ ਅਰਜੁਨ ਬਬੂਟਾ ਦਾ ਸਵਾਗਤ ਤੇ ਸਨਮਾਨ ਕਰਨ ਮੌਕੇ ਕਹੀ। ਮੀਤ ਹੇਅਰ, ਜਲਾਲਾਬਾਦ ਤੋਂ ਵਿਧਾਇਕ ਜਗਦੀਪ ਸਿੰਘ ਗੋਲਡੀ ਕੰਬੋਜ ਤੇ ਸਥਾਨਕ ਕੌਂਸਲਰ ਸਰਬਜੀਤ ਸਿੰਘ ਮੁਹਾਲੀ ਦੇ ਫੇਜ਼ 11 ਸਥਿਤ ਅਰਜੁਨ ਬਬੂਟਾ ਦੀ ਰਿਹਾਇਸ਼ ਵਿਖੇ ਪੁੱਜੇ ਸਨ।

ਮੀਤ ਹੇਅਰ ਨੇ ਅਰਜੁਨ ਬਬੂਟਾ ਨੂੰ ਮਾਣਮੱਤੀ ਪ੍ਰਾਪਤੀ ਲਈ ਮੁਬਾਰਕਬਾਦ ਦਿੰਦਿਆਂ ਆਖਿਆ ਕਿ ਉਸ ਨੇ ਸੂਬੇ ਅਤੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ। ਇਸ ਪ੍ਰਾਪਤੀ ਨਾਲ ਨਵੀਂ ਉਮਰ ਦੇ ਖਿਡਾਰੀ ਉਤਸ਼ਾਹਤ ਹੋਣਗੇ। ਉਨ੍ਹਾਂ ਅਰਜੁਨ ਨੂੰ ਭਵਿੱਖ ਦੇ ਮੁਕਾਬਲਿਆਂ ਅਤੇ 2024 ਵਿੱਚ ਪੈਰਿਸ ਵਿਖੇ ਹੋਣ ਵਾਲੀਆਂ ਓਲੰਪਿਕ ਖੇਡਾਂ ਲਈ ਸ਼ੁਭਕਾਮਨਾਵਾਂ ਦਿੱਤੀਆਂ

ਖੇਡ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਪੰਜਾਬ ਵਿੱਚ ਖੇਡਾਂ ਨੂੰ ਹੁਲਾਰਾ ਦੇਣ ਲਈ ਵਿਸ਼ੇਸ਼ ਯਤਨ ਕਰ ਰਹੀ ਹੈ ਤਾਂ ਜੋ ਪੰਜਾਬ ਮੁੜ ਖੇਡਾਂ ਵਿੱਚ ਦੇਸ਼ ਦਾ ਨੰਬਰ ਇਕ ਸੂਬਾ ਬਣ ਸਕੇ। ਕੌਮੀ ਤੇ ਕੌਮਾਂਤਰੀ ਪੱਧਰ ਉਤੇ ਤਮਗੇ ਜਿੱਤਣ ਵਾਲੇ ਖਿਡਾਰੀਆਂ ਨੂੰ ਸਰਕਾਰੀ ਨੌਕਰੀ ਦੇਣੀ ਯਕੀਨੀ ਬਣਾਈ ਜਾਵੇਗੀ। ਨਗਦ ਇਨਾਮ ਦੇਣ ਲਈ ਇਸ ਵੇਲੇ ਸਾਰੀਆਂ ਖੇਡਾਂ ਲਈ ਇਕੋ ਨੀਤੀ ਹੈ ਜਦੋਂ ਕਿ ਹਰ ਖੇਡ ਵਿੱਚ ਟੂਰਨਾਮੈਂਟ ਦਾ ਸ਼ਡਿਊਲ, ਪੱਧਰ ਅਤੇ ਕਿਸਮ ਵੱਖੋ-ਵੱਖਰੀ ਹੈ, ਇਸ ਲਈ ਹਰ ਖੇਡ ਦੇ ਅਹਿਮ ਟੂਰਨਾਮੈਂਟਾਂ ਨੂੰ ਨਗਦ ਇਨਾਮ ਦੇ ਘੇਰੇ ਵਿੱਚ ਲਿਆਂਦਾ ਜਾਵੇਗਾ।

ਅਰਜੁਨ ਬਬੂਟਾ ਨਾਲ ਗੱਲਬਾਤ ਕਰਦਿਆਂ ਮੀਤ ਹੇਅਰ ਨੇ ਦੱਸਿਆ ਕਿ ਮੁਹਾਲੀ ਦੀ ਫੇਜ਼ 6 ਸਥਿਤ ਰੇਂਜ ਨੂੰ ਆਧੁਨਿਕ ਦਰਜੇ ਦੀ ਬਣਾਇਆ ਜਾ ਰਿਹਾ ਹੈ। ਉਨ੍ਹਾਂ ਅਰਜੁਨ ਬਬੂਟਾ ਤੋਂ ਵਿਸ਼ਵ ਕੱਪ ਦੇ ਮੁਕਾਬਲੇ ਅਤੇ ਉਸ ਦੀ ਖੇਡ ਬਾਰੇ ਜਾਣਕਾਰੀ ਵੀ ਲਈ ਅਤੇ ਅਰਜੁਨ ਦੀ ਰਾਈਫਲ ਅਤੇ ਤਮਗੇ ਵੀ ਦੇਖੇ। ਅਰਜੁਨ ਨੇ ਆਪਣੇ ਘਰ ਵਿੱਚ ਬਣਾਈ ਸ਼ੂਟਿੰਗ ਰੇਂਜ ਵੀ ਦਿਖਾਈ ਜੋ ਕੋਵਿਡ-19 ਦੇ ਸਮੇਂ ਦੌਰਾਨ ਅਭਿਆਸ ਲਈ ਵਿਸ਼ੇਸ਼ ਤੌਰ ਉਤੇ ਬਣਾਈ ਸੀ।

ਵਿਧਾਇਕ ਜਗਦੀਪ ਸਿੰਘ ਗੋਲਡੀ ਕੰਬੋਜ ਨੇ ਕਿਹਾ ਕਿ ਅਰਜੁਨ ਨੇ ਜਲਾਲਾਬਾਦ ਦਾ ਨਾਮ ਪੂਰੀ ਦੁਨੀਆਂ ਵਿੱਚ ਰੌਸ਼ਨ ਕੀਤਾ ਹੈ। ਜ਼ਿਕਰਯੋਗ ਹੈ ਕਿ ਬਬੂਟਾ ਪਰਿਵਾਰ ਜੱਦੀ ਤੌਰ ਉਤੇ ਜਲਾਲਾਬਾਦ ਸ਼ਹਿਰ ਦਾ ਰਹਿਣ ਵਾਲਾ ਹੈ।

ਇਸ ਮੌਕੇ ਅਰਜੁਨ ਦੇ ਪਿਤਾ ਨੀਰਜ ਬਬੂਟਾ ਤੇ ਮਾਤਾ ਦੀਪਤੀ ਬਬੂਟਾ ਨੇ ਖੇਡ ਮੰਤਰੀ ਦਾ ਘਰ ਆ ਕੇ ਹੱਲਾਸ਼ੇਰੀ ਦੇਣ ਲਈ ਧੰਨਵਾਦ ਕੀਤਾ। ਦੀਪਤੀ ਬਬੂਟਾ ਜੋ ਪੰਜਾਬੀ ਲੇਖਿਕਾ ਹੈ, ਨੇ ਆਪਣੀਆਂ ਕਿਤਾਬਾਂ ਦਾ ਸੈੱਟ ਵੀ ਖੇਡ ਮੰਤਰੀ ਨੂੰ ਭੇਂਟ ਕੀਤੀਆਂ।

ਇਸ ਮੌਕੇ ਜ਼ਿਲਾ ਖੇਡ ਅਫਸਰ ਗੁਰਦੀਪ ਕੌਰ ਤੇ ਨਾਇਬ ਤਹਿਸੀਲਦਾਰ ਅਰਜਨ ਗਰੇਵਾਲ ਵੀ ਮੌਜੂਦ ਸਨ।