Punjab
ਪੰਜਾਬ ‘ਚ ਕੜਾਕੇ ਦੀ ਠੰਡ ਤੋਂ ਨਹੀਂ ਮਿਲੀ ਰਾਹਤ, ਦੋ ਦਿਨ ਦਾ ਆਰੇਂਜ ਅਲਰਟ
19 ਜਨਵਰੀ 2024: ਪੰਜਾਬ ‘ਚ ਕੜਾਕੇ ਦੀ ਠੰਡ ਜਾਰੀ ਹੈ ਅਤੇ ਬੁੱਧਵਾਰ ਨੂੰ ਲਗਾਤਾਰ ਤੀਜੇ ਦਿਨ ਨਵਾਂਸ਼ਹਿਰ (ਐੱਸ. ਬੀ. ਐੱਸ. ਨਗਰ) ‘ਚ ਰਾਤ ਦਾ ਤਾਪਮਾਨ ਜ਼ੀਰੋ ਦਰਜ ਕੀਤਾ ਗਿਆ। ਇਸ ਦੇ ਨਾਲ ਹੀ ਪੰਜਾਬ ਵਿੱਚ ਰਾਤ ਦਾ ਤਾਪਮਾਨ ਆਮ ਨਾਲੋਂ 2.2 ਡਿਗਰੀ ਹੇਠਾਂ ਆ ਗਿਆ ਹੈ। ਮੰਗਲਵਾਰ ਨੂੰ ਘੱਟੋ-ਘੱਟ ਤਾਪਮਾਨ ਆਮ ਨਾਲੋਂ 1.7 ਡਿਗਰੀ ਘੱਟ ਦਰਜ ਕੀਤਾ ਗਿਆ। ਮੌਸਮ ਵਿਭਾਗ ਨੇ ਪੰਜਾਬ ਵਿੱਚ ਅਗਲੇ ਦੋ ਦਿਨਾਂ ਲਈ ਔਰੇਂਜ ਅਲਰਟ ਅਤੇ ਸ਼ਨੀਵਾਰ ਅਤੇ ਐਤਵਾਰ ਨੂੰ ਯੈਲੋ ਅਲਰਟ ਜਾਰੀ ਕੀਤਾ ਹੈ। ਇਸ ਮੁਤਾਬਕ ਕੁਝ ਜ਼ਿਲ੍ਹਿਆਂ ਵਿੱਚ ਬਹੁਤ ਸੰਘਣੀ ਧੁੰਦ ਛਾਈ ਰਹੇਗੀ।
ਧੁੰਦ ਕਾਰਨ 36 ਟਰੇਨਾਂ ਦੇਰੀ ਨਾਲ ਚੱਲ ਰਹੀਆਂ ਹਨ। ਮੌਸਮ ਵਿਭਾਗ ਅਨੁਸਾਰ ਧੁੰਦ ਦੇ ਨਾਲ ਦਿਨ ਵੇਲੇ ਕੜਾਕੇ ਦੀ ਠੰਢ ਰਹੇਗੀ ਅਤੇ ਸੀਤ ਲਹਿਰ ਵੀ ਜਾਰੀ ਰਹੇਗੀ। ਬੁੱਧਵਾਰ ਸਵੇਰੇ ਬੇਹੱਦ ਸੰਘਣੀ ਧੁੰਦ ਕਾਰਨ ਬਠਿੰਡਾ ‘ਚ ਵਿਜ਼ੀਬਿਲਟੀ ਜ਼ੀਰੋ ਰਹੀ। ਜਦੋਂ ਕਿ ਪਟਿਆਲਾ, ਲੁਧਿਆਣਾ ਅਤੇ ਅੰਮ੍ਰਿਤਸਰ ਵਿੱਚ 25-25 ਮੀਟਰ ਤੱਕ ਵਿਜ਼ੀਬਿਲਟੀ ਦਰਜ ਕੀਤੀ ਗਈ। ਪੰਜਾਬ ਦੇ ਵੱਧ ਤੋਂ ਵੱਧ ਤਾਪਮਾਨ ਵਿੱਚ ਬੁੱਧਵਾਰ ਨੂੰ 2.7 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ ਪਰ ਇਹ ਅਜੇ ਵੀ ਆਮ ਨਾਲੋਂ 3.7 ਡਿਗਰੀ ਘੱਟ ਹੈ।