Punjab
ਗਊਸ਼ਾਲਾਵਾਂ ਦੇ ਪ੍ਰਬੰਧ ਲਈ ਫੰਡਾਂ ਦੀ ਕੋਈ ਕਮੀ ਨਹੀਂ : ਜੰਜੂਆ
ਚੰਡੀਗੜ੍ਹ : ਅਖ਼ਬਾਰ ਵਿੱਚ ਛਪੀ ਇੱਕ ਖ਼ਬਰ ਦਾ ਗੰਭੀਰ ਨੋਟਿਸ ਲੈਂਦਿਆਂ ਪੰਜਾਬ ਸਰਕਾਰ ਨੇ ਸਪੱਸ਼ਟ ਕੀਤਾ ਕਿ ਗਊਸ਼ਾਲਾਵਾਂ (ਕੈਟਲ ਪੌਂਡ) ਦੀ ਸੰਭਾਲ ਲਈ ਫੰਡਾਂ ਦੀ ਕੋਈ ਕਮੀ ਨਹੀਂ ਹੈ। ਪੰਜਾਬ ਸਰਕਾਰ ਵੱਲੋਂ ਸ਼ੈੱਡਾਂ ਦੇ ਨਿਰਮਾਣ ਅਤੇ ਸੂਬੇ ਵਿੱਚ ਸਾਰੀਆਂ 20 ਗਊਸ਼ਾਲਾਵਾਂ ਵਿੱਚ ਰੱਖੇ ਪਸ਼ੂਆਂ ਦੀ ਸੰਭਾਲ ਲਈ 43.85 ਕਰੋੜ ਰੁਪਏ ਖਰਚ ਕੀਤੇ ਗਏ।
ਪਸ਼ੂ ਪਾਲਣ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਵਿਜੈ ਕੁਮਾਰ ਜੰਜੂਆ ਨੇ ਇੱਕ ਪ੍ਰੈਸ ਬਿਆਨ ਰਾਹੀਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੂਬਾ ਸਰਕਾਰ ਜਲਦ ਹੀ ਇਨ੍ਹਾਂ ਗਊਸ਼ਾਲਾਵਾਂ ਵਿੱਚ ਨਵੇਂ ਸ਼ੈੱਡਾਂ ਦੇ ਨਿਰਮਾਣ ਲਈ 20 ਕਰੋੜ ਰੁਪਏ ਹੋਰ ਖਰਚ ਕਰੇਗੀ। ਉਨ੍ਹਾਂ ਦੱਸਿਆ ਕਿ ਮੌਜੂਦਾ ਸਮੇਂ ਇਨ੍ਹਾਂ ਗਊਸ਼ਾਲਾਵਾਂ ਵਿੱਚ ਲਗਭਗ 10,024 ਪਸ਼ੂਆਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ।
ਸੂਬੇ ਵਿੱਚ ਗਊਸ਼ਾਲਾਵਾਂ ਸਥਾਪਤ ਕਰਨ ਦੇ ਉਦੇਸ਼ ਬਾਰੇ ਦੱਸਦਿਆਂ ਪਸ਼ੂ ਪਾਲਣ ਵਿਭਾਗ ਦੇ ਵਧੀਕ ਮੁੱਖ ਸਕੱਤਰ ਨੇ ਕਿਹਾ ਕਿ ਅਵਾਰਾ ਪਸ਼ੂਆਂ ਦੇ ਖ਼ਤਰੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਅਤੇ 24 ਸਤੰਬਰ, 2014 ਨੂੰ ਸੀਐਮਐਮ ਦੀ ਮੀਟਿੰਗ ਵਿੱਚ ਲਏ ਗਏ ਫੈਸਲੇ ਅਨੁਸਾਰ ਪੰਜਾਬ ਸਰਕਾਰ ਵੱਲੋਂ ਹਰੇਕ ਜ਼ਿਲ੍ਹੇ ਵਿੱਚ 2000 ਅਵਾਰਾ ਪਸ਼ੂਆਂ ਨੂੰ ਰੱਖਣ ਦੀ ਸਮਰੱਥਾ ਵਾਲੀਆਂ ਗਊਸ਼ਾਲਾਵਾਂ ਦਾ ਨਿਰਮਾਣ ਕੀਤਾ ਗਿਆ। ਇਨ੍ਹਾਂ ਗਊਸ਼ਾਲਾਵਾਂ ਦਾ ਪ੍ਰਬੰਧ ਸਬੰਧਤ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਗਠਿਤ “ਜ਼ਿਲ੍ਹਾ ਪਸ਼ੂ ਭਲਾਈ ਸੁਸਾਇਟੀਆਂ” ਵੱਲੋਂ ਕੀਤਾ ਜਾਂਦਾ ਹੈ।
ਇਹਨਾਂ ਸੁਸਾਇਟੀਆਂ ਦਾ ਕੰਮ ਗਊਸ਼ਾਲਾਵਾਂ ਦੇ ਨਿਰਮਾਣ ਲਈ ਘੱਟੋ -ਘੱਟ 25 ਏਕੜ ਪੰਚਾਇਤੀ ਜ਼ਮੀਨ ਦੀ ਪਛਾਣ ਕਰਨਾ ਸੀ ਪਰ ਕੁਝ ਜ਼ਿਲ੍ਹਿਆਂ ਵਿੱਚ ਲੋੜੀਂਦੀ ਪੰਚਾਇਤੀ ਜ਼ਮੀਨ ਨਾ ਹੋਣ ਕਾਰਨ 20 ਜ਼ਿਲ੍ਹਿਆਂ ਵਿੱਚ ਤਕਰੀਬਨ 15 ਤੋਂ 25 ਏਕੜ ਜ਼ਮੀਨ ‘ਤੇ ਗਊਸ਼ਾਲਾਵਾਂ ਦੇ ਨਿਰਮਾਣ ਜਾਰੀ ਰੱਖਿਆ ਗਿਆ।
ਸ੍ਰੀ ਜੰਜੂਆ ਨੇ ਦੱਸਿਆ ਕਿ ਚੀਫ਼ ਆਰਕੀਟੈਕਟ, ਪੰਜਾਬ ਵੱਲੋਂ ਗਊਸ਼ਾਲਾਵਾਂ ਦੇ ਨਿਰਮਾਣ ਲਈ ਤਿਆਰ ਕੀਤੀ ਗਈ ਯੋਜਨਾ ਦੇ ਨਕਸ਼ੇ ਅਨੁਸਾਰ ਹਰੇਕ ਗਊਸ਼ਾਲਾ ਵਿੱਚ 6 ਕੈਟਲ ਸ਼ੈੱਡ (ਕੁੱਲ 22×6=132 ਕੈਟਲ ਸ਼ੈੱਡ) ਬਣਾਏ ਜਾਣੇ ਸਨ। ਹਰੇਕ ਕੈਟਲ ਸ਼ੈੱਡ ਵਿੱਚ 300-325 ਪਸ਼ੂ ਰੱਖੇ ਜਾ ਸਕਦੇ ਹਨ।