Punjab
ਕਾਰਗਿਲ ਦਿਵਸ ਮੌਕੇ ਭਗਵੰਤ ਮਾਨ ਨੇ ਫੌਜੀਆਂ ਦੇ ਪਰਿਵਾਰਾਂ ਲਈ ਕਰਤੇ ਵੱਡੇ ਐਲਾਨ, ਪੜ੍ਹੋ ਪੂਰੀ ਖ਼ਬਰ…
ਅੰਮ੍ਰਿਤਸਰ, 26 ਜੁਲਾਈ, 2023: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਅੰਮ੍ਰਿਤਸਰ ਵਿਖੇ ਪੰਜਾਬ ਸਟੇਟ ਵਾਰ ਹੀਰੋਜ ਮੈਮੋਰੀਅਲ, ਅੰਮ੍ਰਿਤਸਰ ਪਹੁੰਚੇ ਹਨ, ਜਿਥੇ ਓਹਨਾ ਵੱਲੋਂ ਕਾਰਗਿਲ ਦਿਵਸ ਮੌਕੇ ਫੌਜੀਆਂ ਦੇ ਪਰਿਵਾਰਾਂ ਲਈ ਆਰਥਿਕ ਸਹਾਇਤਾ ਦੇ ਵੱਡੇ ਐਲਾਨ ਕੀਤੇ ਗਏ ਹਨ ।
ਉਹਨਾਂ ਦੱਸਿਆ ਕਿ ਜੰਗ ਤੋਂ ਇਲਾਵਾ ਜਿਹੜੇ ਸੈਨਿਕ ਹਾਦਸਿਆਂ ਵਿਚ ਸ਼ਹੀਦ ਹੋਣਗੇ ਜਿਵੇਂ ਬਰਫ ਦਾ ਤੋਦਾ ਡਿੱਗਣ ਨਾਲ ਜਾਂ ਫਿਰ ਸੜਕ ਹਾਦਸਿਆਂ ਜਾਂ ਕਿਸੇ ਵੀ ਤਰੀਕੇ ਨਾਲ ਸ਼ਹੀਦ ਹੁੰਦੇ ਹਨ, ਉਹਨਾਂ ਦੇ ਪਰਿਵਾਰਾਂ ਨੂੰ 25-25 ਲੱਖ ਰੁਪਏ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ। ਓਥੇ ਹੀ ਉਹਨਾਂ ਕਿਹਾ ਕਿ ਪੰਜਾਬ ਵਿਚ ਸਾਲ ਵਿਚ ਅਜਿਹੇ 30 ਕੇਸ ਆਉਂਦੇ ਹਨ ਤੇ ਇਸ ਨਾਲ ਸੂਬੇ ਦਾ ਪੌਣੇ ਕਰੋੜ ਰੁਪਏ ਦਾ ਖਰਚ ਇਸ ਮਾਣ ਸਨਮਾਨ ’ਤੇ ਹੋਵੇਗਾ ।
ਉਹਨਾਂ ਕਿਹਾ ਕਿ ਜਿਹੜੇ ਫੌਜੀ 76 ਤੋਂ 100 ਫੀਸਦੀ ਨਕਾਰਾ ਹੋ ਜਾਂਦੇ ਹਨ, ਉਹਨਾਂ ਦਾ ਐਕਸ ਗ੍ਰੇਸ਼ੀਆ 20 ਲੱਖ ਰੁਪਏ ਤੋਂ ਵਧਾ ਕੇ 40 ਲੱਖ ਰੁਪਏ ਕੀਤਾ ਗਿਆ ਹੈ। ਇਸੇ ਤਰੀਕੇ 51 ਤੋਂ 75 ਫੀਸਦੀ ਜਿਹੜੇ ਨਕਾਰਾ ਸਰੀਰ ਤੋਂ ਹੁੰਦੇ ਹਨ, ਉਹਨਾਂ ਲਈ ਸਹਾਇਤਾ ਰਾਸ਼ੀ 10 ਤੋਂ ਵਧਾ ਕੇ 20 ਲੱਖ ਰੁਪਏ ਕੀਤੀ ਗਈ ਹੈ। ਉਹਨਾਂ ਕਿਹਾ ਕਿ ਜਿਹੜੇ ਫੌਜੀ 25 ਤੋਂ 50 ਫੀਸਦੀ ਨਕਾਰਾ ਹੋਣਗੇ ਉਹਨਾਂ ਲਈ ਸਹਾਇਤਾ ਰਾਸ਼ੀ 5 ਤੋਂ ਵਧਾ ਕੇ 10 ਲੱਖ ਰੁਪਏ ਕੀਤੀ ਜਾ ਰਹੀ ਹੈ।
ਉਹਨਾਂ ਪਹਿਲੇ ਤੇ ਦੂਜੇ ਵਿਸ਼ਵ ਯੁੱਧ ਦੇ ਸ਼ਹੀਦਾਂ ਦੇ ਪਰਿਵਾਰਾਂ ਲਈ ਪੈਨਸ਼ਨ 6 ਤੋਂ 10 ਹਜ਼ਾਰ ਰੁਪਏ ਕਰਨ ਦਾ ਐਲਾਨ ਕੀਤਾ। ਉਹਨਾਂ ਦੱਸਿਆ ਕਿ ਜੰਗ ਵਿਚ ਸ਼ਹੀਦ ਹੋਣ ਵਾਲੇ ਫੌਜੀਆਂ ਵਾਸਤੇ ਪੰਜਾਬ ਸਰਕਾਰ ਇਕ ਕਰੋੜ ਰੁਪਏ ਦਿੰਦੀ ਹੈ, ਉਥੇ ਹੀ ਐਚ ਡੀ ਐਫ ਸੀ ਬੈਂਕ ਵੀ 1 ਕਰੋੜ ਰੁਪਏ ਦਿੰਦਾ ਹੈ ਕਿਉਂਕਿ ਅਸੀਂ ਪੁਲਿਸ ਦੀ ਤਨਖਾਹ ਆਦਿ ਦਾ ਸਾਰਾ ਕੰਮ ਐਚ ਡੀ ਐਫ ਸੀ ਬੈਂਕ ਨੂੰ ਦਿੱਤਾ ਹੋਇਆ ਹੈ।