Connect with us

Punjab

ਸਾਡੀ ਸਰਕਾਰ ਪੜ੍ਹੇ ਲਿਖੇ ਮੁੰਡੇ-ਕੁੜੀਆਂ ਨੂੰ ਪੰਜਾਬ ਵਿੱਚ ਹੀ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਵਚਨਬੱਧ

Published

on

ਚੰਡੀਗੜ੍ਹ,16 ਮਾਰਚ 2024 : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਤਹਿਤ ਜਲ ਸਪਲਾਈ ਤੇ ਸੈਨੀਟੇਸ਼ਨ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ  24 ਹੋਰ ਉਮੀਦਵਾਰਾਂ ਨੂੰ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵਿੱਚ ਨਿਯੁਕਤੀ ਪੱਤਰ ਵੰਡੇ। ਇਨ੍ਹਾਂ ਮੁੰਡੇ ਕੁੜੀਆਂ ਨੂੰ ਸਟੈਨੋਟਾਈਪਿਸਟ ਦੀ ਅਸਾਮੀ ਲਈ ਨਿਯੁਕਤੀ ਪੱਤਰ ਦਿੱਤੇ ਗਏ ਹਨ। ਇਸ ਤੋਂ ਪਹਿਲਾਂ 11 ਮਾਰਚ ਨੂੰ ਵੀ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵਿੱਚ ਹੀ 9 ਉਮੀਦਵਾਰਾਂ ਨੂੰ ਬਤੌਰ ਕਲਰਕ, ਜੂਨੀਅਰ ਟੈਕਨੀਸ਼ੀਅਨ ਅਤੇ ਹੈਲਪਰ ਦੀਆਂ ਅਸਾਮੀਆਂ ਲਈ ਨਿਯੁਕਤੀ ਪੱਤਰ ਵੰਡੇ ਗਏ ਸਨ।

ਜਿੰਪਾ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਰਾਜ ਦੇ ਨੌਜਵਾਨਾਂ ਨੂੰ ਸੂਬੇ ਵਿੱਚ ਹੀ ਰੋਜ਼ਗਾਰ ਉਪਲਬਧ ਕਰਵਾਉਣ ਲਈ ਵਚਨਬੱਧ ਹਨ ਅਤੇ ਉਨ੍ਹਾਂ ਦੀ ਅਗਵਾਈ ਵਾਲੀ ਸੂਬਾ ਸਰਕਾਰ ਪੜ੍ਹੇ ਲਿਖੇ ਮੁੰਡੇ-ਕੁੜੀਆਂ ਨੂੰ ਵਿਦੇਸ਼ਾਂ ਵਿੱਚ ਜਾਣ ਦੀ ਥਾਂ ਪੰਜਾਬ ਵਿੱਚ ਹੀ ਨੌਕਰੀਆਂ ਦੇਣ ਲਈ ਦਿਨ ਰਾਤ ਕੋਸ਼ਿਸ਼ਾਂ ਕਰ ਰਹੀ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਰਵਪੱਖੀ ਵਿਕਾਸ ਦੇ ਨਾਲ ਨਾਲ ਸਮਾਜ ਦੇ ਬਾਕੀ ਵਰਗਾਂ ਦੇ ਹਿੱਤਾਂ ਨੂੰ ਵੀ ਧਿਆਨ ਵਿੱਚ ਰੱਖਿਆ ਜਾ ਰਿਹਾ ਹੈ।

ਅੱਜ ਦਿੱਤੇ ਗਏ ਨਿਯੁਕਤੀ ਪੱਤਰ ਅਸਲ ਵਿੱਚ ਮੁੱਖ ਮੰਤਰੀ ਵੱਲੋਂ ਦਿੱਤੇ ਜਾਣੇ ਸਨ ਪਰ ਕੁਝ ਨਾ ਟਾਲੇ ਜਾਣ ਵਾਲੇ ਕਾਰਨਾਂ ਕਰਕੇ ਮੁੱਖ ਮੰਤਰੀ ਨੇ ਇਹ ਜ਼ਿੰਮੇਵਾਰੀ ਜਲ ਸਪਲਾਈ ਤੇ ਸੈਨੀਟੇਸ਼ਨ ਮੰਤਰੀ ਜਿੰਪਾ ਨੂੰ ਦੇ ਦਿੱਤੀ ਅਤੇ ਮੁੱਖ ਮੰਤਰੀ ਦੇ ਨਿਰਦੇਸ਼ਾਂ ਤਹਿਤ ਜਿੰਪਾ ਨੇ ਇਹ ਨਿਯੁਕਤੀ ਪੱਤਰ ਵੰਡੇ।

ਨਵ-ਨਿਯੁਕਤ ਹੋਏ ਉਮੀਦਵਾਰਾਂ ਅਤੇ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਨਿਯੁਕਤੀ ਪੱਤਰ ਜਾਰੀ ਕਰਨ ਉੱਤੇ ਪੰਜਾਬ ਸਰਕਾਰ ਅਤੇ ਵਿਭਾਗ ਦੇ ਅਧਿਕਾਰੀਆਂ ਦਾ ਧੰਨਵਾਦ ਕੀਤਾ ਗਿਆ। ਨਵ ਨਿਯੁਕਤ ਮੁੰਡੇ ਕੁੜੀਆਂ ਨੇ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਲੋਕ ਸੇਵਾ ਕਰਨ ਦਾ ਅਹਿਦ ਵੀ ਲਿਆ।

ਇਸ ਮੌਕੇ ਪ੍ਰਮੁੱਖ ਸਕੱਤਰ ਨੀਲਕੰਠ ਅਵਹਾੜ ਅਤੇ ਵਿਭਾਗ ਮੁਖੀ ਅਮਿਤ ਤਲਵਾਰ ਵੀ ਹਾਜ਼ਿਰ ਸਨ।