Connect with us

Business

ਝੋਨੇ ਦੀ ਬਿਜਾਈ 7 ਫੀਸਦੀ ਘੱਟ,ਮਾਨਸੂਨ ਦੀ ਧੀਮੀ ਰਫਤਾਰ ਕਾਰਨ ਮਹਿੰਗਾਈ ਵਧਣ ਦੀ ਚਿੰਤਾ

Published

on

paddy monsoon

ਮਾਨਸੂਨ ਦੀ ਧੀਮੀ ਰਫਤਾਰ ਚਿੰਤਾ ਦੇਣ ਲੱਗੀ ਹੈ। ਸ਼ਾਇਦ ਇਹੀ ਕਾਰਨ ਹੈ ਕਿ ਇਸ ਸਾਲ ਸਾਉਣੀ ਦੇ ਮੌਸਮ ’ਚ ਪਿਛਲੇ ਸਾਲ ਇਸੇ ਮਿਆਦ ਦੀ ਤੁਲਨਾ ’ਚ ਝੋਨੇ ਦੀ ਬਿਜਾਈ 7 ਫੀਸਦੀ ਘੱਟ ਹੋਈ ਹੈ। ਇਹ ਜਾਣਕਾਰੀ ਕੇਂਦਰੀ ਖੇਤੀਬਾੜੀ ਮੰਤਰਾਲਾ ਨੇ ਦਿੱਤੀ ਹੈ। ਇਸ ਦੌਰਾਨ ਤਿਲਹਨ ਅਤੇ ਦਾਲਾਂ ਦੀ ਬਿਜਾਈ ਦਾ ਰਕਬਾ ਵੀ ਘਟਿਆ ਹੈ। ਬਿਜਾਈ ਘਟਣ ਨਾਲ ਮਹਿੰਗਾਈ ਵੀ ਵਧ ਸਕਦੀ ਹੈ। ਕੇਂਦਰੀ ਖੇਤੀਬਾੜੀ ਮੰਤਰਾਲਾ ਦੇ ਅੰਕੜਿਆਂ ਮੁਤਾਬਕ ਸਾਲ ਹੁਣ ਤੱਕ 207.65 ਲੱਖ ਹੈਕਟੇਅਰ ਖੇਤਰ ’ਚ ਝੋਨੇ ਦੀ ਬਿਜਾਈ ਹੋਈ ਹੈ, ਜਦ ਕਿ ਪਿਛਲੇ ਸਾਲ ਇਸੇ ਮਿਆਦ ’ਚ ਇਹ ਰਕਬਾ 22.88 ਲੱਖ ਹੈਕਟੇਅਰ ਦਾ ਸੀ। ਯਾਨੀ ਸੱਤ ਫੀਸਦੀ ਘੱਟ ਖੇਤਰ ’ਚ ਝੋਨੇ ਦੀ ਬਿਜਾਈ ਹੋ ਸਕੀ ਹੈ। ਹੁਣ ਤੱਕ ਸਾਉਣੀ ਦੀ ਫਸਲ ਦਾ ਕੁੱਲ ਖੇਤਰ 721.36 ਲੱਖ ਹੈਕਟੇਅਰ ਹੈ, ਜਦ ਕਿ ਪਿਛਲੇ ਸਾਲ ਇਸੇ ਮਿਆਦ ’ਚ ਇਹ 791.84 ਲੱਖ ਹੈਕਟੇਅਰ ਸੀ। ਮਤਲਬ ਲਗਭਗ ਸਾਰੀਆਂ ਫਸਲਾਂ ’ਚ ਧੀਮੀ ਰਫਤਾਰ ਨਾਲ ਬਿਜਾਈ ਹੋ ਰਹੀ ਹੈ।

ਅੰਕੜਿਆਂ ਮੁਤਾਬਕ ਇਸ ਸਾਲ ਹੁਣ ਤੱਕ ਤਿਲਹਨ ਦੀ ਬਿਜਾਈ ਵੀ 145.81 ਲੱਖ ਹੈਕਟੇਅਰ ’ਚ ਹੀ ਹੋ ਸਕੀ ਹੈ ਜਦ ਕਿ ਪਿਛਲੇ ਸਾਲ ਇਸੇ ਸਮੇਂ ਤਿਲਹਾਨ ਦੀ ਬਿਜਾਈ ਦਾ ਰਕਬਾ 162.68 ਲੱਖ ਹੈਕਟੇਅਰ ਸੀ। ਇਸ ਤਰ੍ਹਾਂ ਦਾਲਾਂ ਦਾ ਰਕਬਾ ਵੀ ਪਿਛਲੇ ਸਾਲ ਦੇ 97.19 ਲੱਖ ਹੈਕਟੇਅਰ ਦੀ ਤੁਲਨਾ ’ਚ ਘਟ ਕੇ 87.30 ਲੱਖ ਹੈਕਟੇਅਰ ਰਹਿ ਗਿਆ ਹੈ। ਬਾਰਕਲੇ ਪੀ. ਐੱਲ.ਸੀ. ਦੇ ਅਰਥਸ਼ਾਸਤਰੀ ਰਾਹੁਲ ਬਾਜੋਰੀਆ ਨੇ ਪਿਛਲੇ ਦਿਨੀਂ ਕਿਹਾ ਸੀ ਕਿ ਮਾਨਸੂਨ ਦੀ ਧੀਮੀ ਰਫਤਾਰ ਆਰਥਿਕਤਾ ਲਈ ਪ੍ਰੇਸ਼ਾਨੀ ਪੈਦਾ ਕਰ ਸਕਦੀ ਹੈ। ਭਾਰਤ ’ਚ ਹਾਲੇ ਵੀ ਅੱਧੀ ਤੋਂ ਵੱਧ ਖੇਤੀ ਮਾਨਸੂਨੀ ਬਾਰਿਸ਼ ’ਤੇ ਨਿਰਭਰ ਹੈ। ਅਜਿਹੇ ’ਚ ਹੁਣ ਤੱਕ ਇੱਥੇ ਮਾਨਸੂਨ ਨੇ ਰਫਤਾਰ ਨਹੀਂ ਫੜੀ ਹੈ ਅਤੇ ਇਸ ਦਾ ਅਸਰ ਖੇਤੀ ਉਤਪਾਦਨ ’ਤੇ ਪੈ ਸਕਦਾ ਹੈ। ਬਾਜੋਰੀਆ ਦਾ ਕਹਿਣਾ ਹੈ ਕਿ ਸਾਉਣੀ ਦੀਆਂ ਫਸਲਾਂ ਦੀ ਬਿਜਾਈ ਲਈ ਜੁਲਾਈ ਅਤੇ ਅਗਸਤ ਦਾ ਮਹੀਨਾ ਬੇਹੱਦ ਅਹਿਮ ਹੁੰਦਾ ਹੈ। ਇਨੀਂ ਦਿਨੀਂ ਮੀਂਹ ਦੀ ਰਫਤਾਰ ਕਮਜ਼ੋਰ ਰਹਿੰਦੀ ਹੈ ਅਤੇ ਇਸ ਦਾ ਅਸਰ ਬਿਜਾਈ ’ਤੇ ਪੈਂਦਾ ਹੈ। ਜੇ ਖੇਤਾਂ ’ਚ ਘੱਟ ਬਿਜਾਈ ਹੋਵੇਗੀ ਤਾਂ ਖੇਤੀਬਾੜੀ ਉਤਪਾਦਨ ਘਟੇਗਾ। ਇਸ ਦਾ ਦਬਾਅ ਮਹਿੰਗਾਈ ਦੀਆਂ ਦਰਾਂ ’ਤੇ ਪਵੇਗਾ। ਬਾਰਕਲੇ ਪੀ. ਐੱਲ. ਸੀ. ਦੀ ਰਿਪੋਰਟ ’ਚ ਕਿਹਾ ਗਿਆ ਹੈ ਕਿ ਹੁਣ ਤੱਕ 41 ਫੀਸਦੀ ਇਲਾਕਿਆਂ ’ਚ ਔਸਤ ਤੋਂ ਘੱਟ ਮੀਂਹ ਦਰਜ ਕੀਤਾ ਗਿਆ ਹੈ।