Politics
ਪ੍ਰਕਾਸ਼ ਸਿੰਘ ਬਾਦਲ ਲੰਬੇ ਸਮੇਂ ਬਾਅਦ ਆਏ ਮੀਡੀਆ ਦੇ ਸਾਹਮਣੇ, ਜਾਣੋ ਕਿ ਕਿਹਾ..

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਦੇ ਮੌਜੂਦਾ ਹਾਲਾਤ ਬਦ ਤੋਂ ਬਦਤਰ ਹੋ ਗਏ ਹਨ, ਜਦੋਂਕਿ ਸਰਕਾਰ ਮੂਕ ਦਰਸ਼ਕ ਬਣ ਕੇ ਸਿਰਫ਼ ਹੱਥ ਜੋੜ ਕੇ ਬੈਠੀ ਹੈ, ਜੋ ਕਿ ਬਹੁਤ ਮਾੜੀ ਗੱਲ ਹੈ। ਬਾਦਲ ਨੇ ਅੱਜ ਸਾਬਕਾ ਕੈਬਨਿਟ ਮੰਤਰੀ ਤੇ ਸੀਨੀਅਰ ਆਗੂ ਸੁਰਜੀਤ ਸਿੰਘ ਰੱਖੜਾ, ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਤੇ ਹੋਰ ਆਗੂਆਂ ਨਾਲ ਮੀਟਿੰਗ ਕੀਤੀ।
ਇਸ ਮੁਲਾਕਾਤ ਦੌਰਾਨ ਬਾਦਲ ਅਤੇ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਪੰਜਾਬ ਦੇ ਸਿਆਸੀ ਹਾਲਾਤ ਅਤੇ ਪੰਜਾਬ ਦੇ ਵਿਕਾਸ ਬਾਰੇ ਖੁੱਲ੍ਹ ਕੇ ਚਰਚਾ ਕੀਤੀ। ਬਾਦਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਅਯੋਗਤਾ ਕਾਰਨ ਲੋਕ ਕੰਗਾਲ ਹੋ ਗਏ ਹਨ। ਹਰ ਪਾਸੇ ਲੋਕ ਪ੍ਰੇਸ਼ਾਨ ਨਜ਼ਰ ਆ ਰਹੇ ਹਨ ਅਤੇ ਪੰਜਾਬ ਵਿਚ ਕਾਨੂੰਨ ਵਿਵਸਥਾ ਨਾਂ ਦੀ ਕੋਈ ਚੀਜ਼ ਨਜ਼ਰ ਨਹੀਂ ਆ ਰਹੀ ਹੈ। ਜਦੋਂ ਤੋਂ ‘ਆਪ’ ਨੇ ਸੱਤਾ ਸੰਭਾਲੀ ਹੈ, ਉਦੋਂ ਤੋਂ ਹੀ ਲੋਕਾਂ ਦੇ ਦੁੱਖ-ਦਰਦ ਵਧੇ ਹਨ। ਅੱਜ ਹਰ ਕੋਈ ‘ਆਪ’ ਨੂੰ ਸੱਤਾ ‘ਚ ਲਿਆਉਣ ‘ਤੇ ਪਛਤਾ ਰਿਹਾ ਹੈ ਕਿਉਂਕਿ ਲੋਕ ਹੁਣ ‘ਆਪ’ ਦੀਆਂ ਮਾੜੀਆਂ ਨੀਤੀਆਂ ਤੋਂ ਪੂਰੀ ਤਰ੍ਹਾਂ ਜਾਣੂ ਹੋ ਚੁੱਕੇ ਹਨ ਅਤੇ ਅੱਜ ਹਰ ਕੋਈ ਅਕਾਲੀ ਦਲ ਦੇ ਸਮੇਂ ਨੂੰ ਯਾਦ ਕਰ ਰਿਹਾ ਹੈ।
ਇਸ ਮੌਕੇ ਸੁਰਜੀਤ ਸਿੰਘ ਰੱਖੜਾ ਨੇ ਕਿਹਾ ਕਿ ਪੰਜਾਬ ਦੇ ਹਾਲਾਤ ਇੰਝ ਲੱਗ ਰਹੇ ਹਨ ਜਿਵੇਂ ਪੰਜਾਬ ਦਾ ਕੋਈ ਵਾਰਸ ਹੀ ਨਹੀਂ ਹੈ। ਹਰ ਪਾਸੇ ਅਪਰਾਧ ਦਾ ਅਨੁਪਾਤ ਵਧ ਗਿਆ ਹੈ ਅਤੇ ਲੋਕ ਤ੍ਰਾਹ-ਤ੍ਰਾਹ ਕਰ ਰਹੇ ਹਨ। ਪਹਿਲਾਂ ਕਾਂਗਰਸ ਨੇ ਲੋਕਾਂ ਨੂੰ ਸ਼ਰੇਆਮ ਲੁੱਟਿਆ ਅਤੇ ਹੁਣ ‘ਆਪ’ ਵੀ ਉਸੇ ਰਾਹ ‘ਤੇ ਚੱਲ ਕੇ ਲੋਕਾਂ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਜਿਸ ਦਾ ਅਕਾਲੀ ਦਲ ਵੱਲੋਂ ਤਿੱਖਾ ਵਿਰੋਧ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿਕਾਸ ਦੇ ਨਾਂ ‘ਤੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ, ਪਰ ਇਨ੍ਹਾਂ ਦਾਅਵਿਆਂ ‘ਤੇ ਅਮਲ ਨਹੀਂ ਹੋ ਰਿਹਾ।