Connect with us

Punjab

ਫੁੱਲ ਬੀਜ ਦੀ ਖੇਤੀ ਨੂੰ ਉਤਸ਼ਾਹਤ ਕਰਨ ਲਈ ਪਟਿਆਲਾ ਜ਼ਿਲ੍ਹੇ ‘ਚ ਪਾਇਲਟ ਪ੍ਰੋਜੈਕਟ ਸ਼ੁਰੂ

Published

on

ਪਟਿਆਲਾ:

ਬਾਗਬਾਨੀ ਮੰਤਰੀ ਫ਼ੌਜਾ ਸਿੰਘ ਸਰਾਰੀ ਨੇ ਕਿਹਾ ਕਿ ਕਿਸਾਨ ਰਵਾਇਤੀ ਖੇਤੀ ਦੇ ਬਦਲ ਵਜੋਂ ਫੁੱਲਾਂ ਦੀ ਖੇਤੀ ਅਤੇ ਫੁੱਲ ਬੀਜ ਤਿਆਰ ਕਰਨ ਦੀ ਖੇਤੀ ਨੂੰ ਅਪਣਾਉਣ ਤਾਂ ਜੋ ਗੰਧਲੇ ਹੋ ਰਹੇ ਵਾਤਾਵਰਣ, ਡਿੱਗਦੇ ਜ਼ਮੀਨੀ ਪਾਣੀ ਦੇ ਪੱਧਰ ਅਤੇ ਬੇਰੋਜ਼ਗਾਰੀ ਵਰਗੇ ਗੰਭੀਰ ਮਸਲਿਆਂ ਦਾ ਹੱਲ ਹੋ ਸਕੇ।  ਕੈਬਨਿਟ ਮੰਤਰੀ ਪਟਿਆਲਾ ਜ਼ਿਲ੍ਹੇ ਦੇ ਪਿੰਡ ਧਬਲਾਨ ਵਿਖੇ ਸੂਬੇ ਵਿਚ ਫੁੱਲ ਬੀਜ ਦੀ ਖੇਤੀ ਨੂੰ ਉਤਸ਼ਾਹਤ ਕਰਨ ਲਈ ਫੀਲਡ ਲੈਵਲ ਡਿਮਾਂਸਟਰੇਸ਼ਨ ਦੀ ਸ਼ੁਰੂਆਤ ਕਰਨ ਲਈ ਪੁੱਜੇ ਹੋਏ ਸਨ। ਇਸ ਮੌਕੇ ਉਨ੍ਹਾਂ ਦੇ ਨਾਲ ਪਟਿਆਲਾ ਦਿਹਾਤੀ ਦੇ ਵਿਧਾਇਕ ਡਾ. ਬਲਬੀਰ ਸਿੰਘ ਵੀ ਮੌਜੂਦ ਸਨ।

ਬਾਗਬਾਨੀ, ਸੁਤੰਤਰਤਾ ਸੈਨਾਨੀ, ਸੈਨਿਕ ਸੇਵਾਵਾਂ ਤੇ ਭਲਾਈ ਅਤੇ ਫੂਡ ਪ੍ਰੋਸੈਸਿੰਗ ਵਿਭਾਗਾਂ ਦੇ ਮੰਤਰੀ ਫ਼ੌਜਾ ਸਿੰਘ ਸਰਾਰੀ ਨੇ ਕਿਹਾ ਕਿ ਫੁੱਲ ਬੀਜ ਨੂੰ ਸੂਬੇ ਵਿਚ ਉਤਸ਼ਾਹਤ ਕਰਨ ਲਈ ਪੰਜਾਬ ਦੇ ਤਿੰਨ ਜ਼ਿਲ੍ਹੇ ਪਟਿਆਲਾ, ਫ਼ਤਿਹਗੜ੍ਹ ਸਾਹਿਬ ਤੇ ਬਠਿੰਡਾ ਵਿਖੇ ਪਾਇਲਟ ਪ੍ਰੋਜੈਕਟ ਦੀ ਅੱਜ ਸ਼ੁਰੂਆਤ ਕੀਤੀ ਗਈ ਹੈ, ਜਿਸ ਤਹਿਤ ਪਟਿਆਲਾ ਜ਼ਿਲ੍ਹੇ ਵਿਚ 50 ਕਿਸਾਨਾਂ ਨੂੰ ਫੁੱਲ ਬੀਜ ਦੀ ਖੇਤੀ ਕਰਨ ਲਈ ਸਬਸਿਡੀ ਦਿੱਤੀ ਜਾਵੇਗੀ, ਇਸੇ ਤਰ੍ਹਾਂ ਫ਼ਤਿਹਗੜ੍ਹ ਸਾਹਿਬ ਤੇ ਬਠਿੰਡਾ ਦੇ 10-10 ਕਿਸਾਨਾਂ ਨੂੰ ਪਾਇਲਟ ਪ੍ਰੋਜੈਕਟ ਦੌਰਾਨ ਸਬਸਿਡੀ ਦੇ ਕੇ ਫੁੱਲ ਬੀਜ ਦੇ ਖੇਤੀ ਕਰਨ ਲਈ ਉਤਸ਼ਾਹਤ ਕੀਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਬਾਗਬਾਨੀ ਦੀਆਂ ਨਵੀਨਤਮ ਤਕਨੀਕਾਂ ਨੂੰ ਕਿਸਾਨਾਂ ਦੇ ਖੇਤਾਂ ਤੱਕ ਪਹੁੰਚਾ ਕੇ ਫਸਲੀ ਵਿਭਿੰਨਤਾ ਲਿਆਉਣਾ ਅਤੇ ਬਾਗਬਾਨੀ ਫਸਲਾਂ ਨੂੰ ਕੌਮਾਂਤਰੀ ਪੱਧਰ ਤੇ ਮੁਕਾਬਲੇ ਯੋਗ ਬਣਾਉਣਾ ਬਾਗਬਾਨੀ ਵਿਭਾਗ ਦਾ ਮੁੱਖ ਮੰਤਵ ਹੈ। ਇਸ ਉਦੇਸ਼ ਨਾਲ ਪਟਿਆਲਾ ਦੇ ਕਿਸਾਨ ਅੱਲਾਰੰਗ, ਪਿੰਡ ਧਬਲਾਨ ਵਿਖੇ ਐਮ.ਆਈ.ਡੀ.ਐਚ ਅਧੀਨ ਫੁੱਲ ਬੀਜ ਦੀ ਖੇਤੀ ਨੂੰ ਰਾਜ ਵਿੱਚ ਉਤਸ਼ਾਹਤ ਕਰਨ ਲਈ ਫੀਲਡ ਲੈਵਲ ਡਿਮਾਂਸਟ੍ਰੇਸ਼ਨ ਦੀ ਸ਼ੁਰੂਆਤ ਕੀਤਾ ਗਈ ਹੈ।

ਕੈਬਨਿਟ ਮੰਤਰੀ ਨੇ ਜ਼ਿਮੀਂਦਾਰ ਦੇ ਖੇਤ ਵਿੱਚ ਗੁੱਲ ਅਸ਼ਰਫ਼ੀ (ਕੈਲੰਡੂਲਾ) ਦੀ ਪਨੀਰੀ ਲਗਾ ਕੇ ਫੀਲਡ ਲੈਵਲ ਡਿਮਾਂਸਟ੍ਰੇਸ਼ਨ ਦੀ ਸ਼ੁਰੂਆਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਰਾਜ ਦੇ ਜ਼ਿਮੀਂਦਾਰਾਂ ਦੇ ਆਰਥਿਕ ਪੱਧਰ ਨੂੰ ਉੱਚਾ ਚੁੱਕਣ ਲਈ ਵਚਨਬੱਧ ਹੈ, ਜਿਸ ਲਈ ਕੌਮੀ ਬਾਗਬਾਨੀ ਮਿਸ਼ਨ ਅਧੀਨ ਰਵਾਇਤੀ ਫਸਲਾਂ ਦੇ ਬਦਲ ਵਜੋਂ ਫੁੱਲ ਬੀਜਾਂ ਦੀ ਖੇਤੀ ਨੂੰ ਉਤਸ਼ਾਹਤ ਕੀਤਾ ਜਾ ਰਿਹਾ ਹੈ।

ਇਸ ਮੌਕੇ ਪਟਿਆਲਾ ਦਿਹਾਤੀ ਤੋਂ ਵਿਧਾਇਕ ਡਾ. ਬਲਬੀਰ ਸਿੰਘ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਫੁੱਲ ਬੀਜ ਦੀ ਖੇਤੀ ਰਵਾਇਤੀ ਖੇਤੀ ਨਾਲੋ ਜਿਥੇ ਆਮਦਨ ਵਿੱਚ ਦੋ ਤੋਂ ਤਿੰਨ ਗੁਣਾਂ ਵਾਧਾ ਕਰਦੀ ਹੈ ਉਥੇ ਹੀ ਰੋਜ਼ਗਾਰ ਦੇ ਮੌਕੇ ਵੀ ਦਿੰਦੀ ਹੈ।

ਇਸ ਮੌਕੇ ਡਾਇਰੈਕਟਰ ਬਾਗਬਾਨੀ-ਕਮ-ਮਿਸ਼ਨ ਡਾਇਰੈਕਟਰ ਸ਼ੈਲਿੰਦਰ ਕੌਰ ਨੇ ਦੱਸਿਆ ਕਿ ਫੁੱਲ ਬੀਜਾਂ ਦੀ ਖੇਤੀ ਨੂੰ ਉਤਸ਼ਾਹਤ ਕਰਨ ਲਈ ਬਾਗਾਬਾਨੀ ਮੰਤਰੀ ਫ਼ੌਜਾ ਸਿੰਘ ਸਰਾਰੀ ਦੇ ਨਿਰਦੇਸ਼ਾਂ ਅਨੁਸਾਰ ਰਾਜ ਵਿੱਚ ਪਹਿਲੀ ਵਾਰ ਫੀਲਡ ਲੈਵਲ ਡਿਮਾਂਸਟ੍ਰੇਸ਼ਨ ਪਾਇਲਟ ਪ੍ਰੋਜੈਕਟ ਦੇ ਤੌਰ ‘ਤੇ ਤਿੰਨ ਜਿਲ੍ਹੇ ਪਟਿਆਲਾ, ਬਠਿੰਡਾ ਅਤੇ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਲਗਾਈਆਂ ਜਾ ਰਹੀਆਂ ਹਨ। ਇਨ੍ਹਾਂ ਡਿਮਾਂਸਟ੍ਰੇਸ਼ਨ ਦਾ ਮੁੱਖ ਮੰਤਵ ਰਾਜ ਦੇ ਕਿਸਾਨਾਂ ਨੂੰ ਫੁੱਲ ਬੀਜਾਂ ਦੀ ਖੇਤੀ ਸਬੰਧੀ ਨਵੀਨਤਮ ਤਕਨੀਕਾਂ ਪ੍ਰਤੀ ਜਾਣੂ ਕਰਵਾਉਣਾ ਹੈ ਅਤੇ ਵਪਾਰਕ ਪੱਧਰ ਤੇ ਜਿਮੀਦਾਰਾਂ ਨੂੰ ਫੁੱਲ ਬੀਜਾਂ ਦੇ ਮੰਡੀਕਰਨ ਲਈ ਸਵੈ-ਸਮਰੱਥ ਕਰਨਾ ਹੈ।

ਉਨ੍ਹਾਂ ਦੱਸਿਆ ਕਿ ਪਿਛਲੇ ਕੁਝ ਸਮਿਆਂ ਤੋਂ ਬਾਗਬਾਨੀ ਵਿਭਾਗ ਜਿਮੀਦਾਰਾਂ ਦੀ ਮੰਗ ਅਨੁਸਾਰ ਵੱਖ-ਵੱਖ ਕਿਸਾਨ ਭਲਾਈ ਸਕੀਮਾਂ ਲਾਗੂ ਕੀਤੀਆਂ ਗਈਆਂ ਹਨ। ਮੌਜੂਦਾ ਸਾਲ ਦੌਰਾਨ ਐਮ.ਆਈ.ਡੀ.ਐਚ ਸਕੀਮ ਅਧੀਨ 113 ਜਿਮੀਦਾਰਾਂ ਨੂੰ 179 ਲੱਖ ਰੁਪਏ ਦੀ ਸਬਸਿਡੀ ਦਿੱਤੀ ਜਾ ਚੁੱਕੀ ਹੈ। ਇਸ ਤੋਂ ਇਲਾਵਾ ਆਰ.ਕੇ.ਵੀ.ਵਾਈ ਸਕੀਮ ਅਧੀਨ ਸਾਲ 2021-22 ਅਤੇ 2022-23 ਦੌਰਾਨ ਆਈ.ਐਨ.ਐਮ. ਸਕੀਮ ਅਧੀਨ ਜਿਲ੍ਹਾ ਪਟਿਆਲਾ ਦੇ 65 ਜਿਮੀਦਾਰਾਂ ਨੂੰ ਲਗਭਗ 20 ਲੱਖ ਰੁਪਏ ਅਤੇ ਬੈਮੂ ਸਟੇਕਿੰਗ ਸਕੀਮ ਅਧੀਨ 49 ਜਿਮੀਦਾਰਾਂ ਨੂੰ ਲਗਭਗ 15 ਲੱਖ ਰੁਪਏ ਦਾ ਉਪਦਾਨ ਦਿੱਤਾ ਗਿਆ ਹੈ।

ਇਸ ਤੋਂ ਇਲਾਵਾ ਸਾਲ 2022-23 ਦੌਰਾਨ ਫੁੱਲ ਬੀਜ ਦੀ ਖੇਤੀ ਲਈ ਲਗਾਈਆਂ ਜਾ ਰਹੀਆਂ ਡਿਮਾਂਸਟ੍ਰੇਸ਼ਨ ਵਿੱਚ ਜਿਲ੍ਹਾ ਪਟਿਆਲਾ ਦੇ 61 ਜਿਮੀਦਾਰਾਂ ਦੀ ਚੋਣ ਕੀਤੀ ਗਈ ਹੈ, ਜਿਨ੍ਹਾਂ ਨੂੰ ਲਗਭਗ 21,35,000/- ਰੁਪਏ ਦੀ ਵਿੱਤੀ ਸਹਾਇਤਾ ਜਾਰੀ ਕੀਤੀ ਜਾਵੇਗੀ। ਇਸ ਮੌਕੇ ਐਸ.ਡੀ.ਐਮ. ਪਟਿਆਲਾ ਇਸ਼ਮਿਤ ਵਿਜੈ ਸਿੰਘ, ਰਵਦੀਪ ਕੌਰ, ਸੰਜੈ ਪਰਮਾਰ, ਹਰਮੇਲ ਸਿੰਘ, ਦਲਬੀਰ ਸਿੰਘ, ਬਲਵਿੰਦਰਜੀਤ ਕੌਰ, ਰੁਪਿੰਦਰ ਕੌਰ, ਕੁਲਵਿੰਦਰ ਸਿੰਘ, ਪ੍ਰਭਜੋਤ ਕੌਰ, ਰਵੀਪਾਲ ਸਿੰਘ ਹਾਜ਼ਰ ਸਨ।