Punjab
ਫੇਸਬੁੱਕ ਅਤੇ ਵਟਸਐਪ ਤੇ ਜਾਅਲੀ ਅਤੇ ਅਫਵਾਹਕੁੰਨ ਪੋਸਟਾਂ ਪਾਉਣ ਲਈ 34 ਮਾਮਲੇ ਦਰਜ, 4 ਗ੍ਰਿਫਤਾਰ
ਪੰਜਾਬ ਪੁਲਿਸ ਨੇ ਕੋਵਿਡ -19 ਸੰਕਟ ਦੇ ਮੱਦੇਨਜ਼ਰ ਸੋਸ਼ਲ ਮੀਡੀਆ ‘ਤੇ ਅਫਵਾਹਾਂ ਫੈਲਾਉਣ ਅਤੇ, ਜਾਅਲੀ ਖ਼ਬਰਾਂ ਕਾਰਨ ਪੈਦਾ ਹੋਣ ਵਾਲੇ ਦਹਿਸ਼ਤ ਦੇ ਮਾਹੌਲ ਨਾਲ ਨਜਿੱਠਣ ਲਈ ਸਖਤ ਕਾਰਵਾਈ ਕਰਦਿਆਂ 34 ਕੇਸ ਦਰਜ ਕੀਤੇ ਹਨ। ਜਦਕਿ ਰਾਜ ਦੀ ਸ਼ਾਂਤੀ ਭੰਗ ਕਰਨ ਲਈ ਇੱਕ ਵਿਸ਼ੇਸ਼ ਭਾਈਚਾਰੇ ਨੂੰ ਨਿਸ਼ਾਨਾ ਬਣਾਉਣ ਵਾਲਿਆਂ ਵਿਰੁੱਧ ਵੀ ਸਖ਼ਤ ਕਾਰਵਾਈ ਕੀਤੀ ਹੈ।
ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ ਕਿ 21 ਮਾਰਚ ਤੋਂ 6 ਅਪ੍ਰੈਲ, 2020 ਦਰਮਿਆਨ ਦਰਜ 34 ਕੇਸਾਂ ਵਿੱਚੋਂ 27 ਮਾਮਲੇ ਵਟਸਐਪ ਸੰਦੇਸ਼ਾਂ ਅਤੇ ਗਲਤ ਜਾਣਕਾਰੀ ਪ੍ਰਚਾਰਨ ਨਾਲ ਸਬੰਧਤ ਹਨ।
ਸੋਸ਼ਲ ਮੀਡੀਆ ਦੀ ਵਰਤੋਂ ਨਾਲ ਫਿਰਕੂ ਹਿੰਸਾ ਫੈਲਾਉਣ ਦੀਆਂ ਕੋਸ਼ਿਸ਼ਾਂ ਕਰਨ ਵਾਲਿਆਂ ਖਿਲਾਫ ਵੀ ਪੁਲਿਸ ਵਲੋਂ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸ਼ੁੱਕਰਵਾਰ ਨੂੰ ਇੱਕ ਲੁਧਿਆਣਾ ਵਾਸੀ ਵਿਰੁੱਧ ਦੇਸ਼ ਧ੍ਰੋਹ ਦਾ ਕੇਸ ਦਰਜ ਕੀਤਾ ਗਿਆ ਸੀ।
ਸਾਹਮਣੇ ਆਏ ਪ੍ਰਮੁੱਖ ਕੇਸ ਵਿੱਚੋਂ ਇੱਕ ਲੁਧਿਆਣਾ ਨਿਵਾਸੀ ਦਾ ਹੈ ਜੋ ਫੇਸਬੁੱਕ ਦੀ ਪੋਸਟ ਰਾਹੀਂ ਲੋਕਾਂ ਨੂੰ ਗੰਭੀਰ ਡਾਕਟਰੀ ਉਪਕਰਣਾਂ ਦੀ ਉਪਲਬਧਤਾ ਬਾਰੇ ਗੁੰਮਰਾਹ ਕਰਨ ਅਤੇ ਰਾਜ ਸਰਕਾਰ ਵਿਰੁੱਧ ਭੜਕਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਉਕਤ ਵਿਅਕਤੀ ਖਿਲਾਫ ਦੇਸ਼ ਧ੍ਰੋਹ ਦਾ ਮਾਮਲਾ ਦਰਜ ਕੀਤਾ ਗਿਆ ਹੈ।
ਨਕਲੀ ਟਿੱਕ ਟੌਕ ਵੀਡੀਓ, ਨਿਰਾਰਥਕ ਆਡੀਓ ਸੰਦੇਸ਼, ਭੜਕਾਊ ਅਤੇ ਝੂਠੀਆਂ ਖ਼ਬਰਾਂ ਦੀਆਂ ਕੋਸ਼ਿਸ਼ਾਂ ਉੱਤੇ ਪੰਜਾਬ ਪੁਲਿਸ ਵਲੋਂ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ। ਡੀਜੀਪੀ ਨੇ ਇਸ ਮਹੀਨੇ ਦੇ ਸ਼ੁਰੂ ਵਿਚ ਏਡੀਜੀਪੀ ਰੈਂਕ ਦੇ ਅਧਿਕਾਰੀ ਦੀ ਅਗਵਾਈ ਵਿਚ ਇਕ ਵਿਸ਼ੇਸ਼ ਟੀਮ ਦਾ ਗਠਨ ਕੀਤਾ ਸੀ ਤਾਂ ਜੋ ਲਾਕਡਾਉਨ ਦੌਰਾਨ ਲੋਕਾਂ ਨੂੰ ਪ੍ਰਭਾਵਿਤ ਕਰਨ ਵਾਲੀਆਂ ਝੂਠੀਆਂ ਖ਼ਬਰਾਂ ਜਾਂ ਅਫਵਾਹਾਂ ਸਬੰਧੀ ਕਿਸੇ ਵੀ ਘਟਨਾ ਦੀ ਜਾਂਚ ਕਰਨ ਲਈ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਦੀ ਨਿਗਰਾਨੀ ਕੀਤੀ ਜਾ ਸਕੇ।
ਪਿਛਲੇ 17 ਦਿਨਾਂ ਦੌਰਾਨ ਦਰਜ ਕੀਤੇ ਕੁਝ ਪ੍ਰਮੁੱਖ ਮਾਮਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਡੀਜੀਪੀ ਨੇ ਦੱਸਿਆ ਕਿ ਜਾਅਲੀ ਵੀਡੀਓ ਅਤੇ ਕੋਰੋਨਾ ਵਾਇਰਸ ਕਾਰਨ ਕਿਸੇ ਵਿਅਕਤੀ ਦੀ ਮੌਤ ਦੀ ਸਬੰਧੀ ਝੂਠੇ ਆਡੀਓ ਸੰਦੇਸ਼ ਫੈਲਾਉਣ ਅਤੇ ਗੈਰ-ਕਾਨੂੰਨੀ ਖ਼ਬਰਾਂ ਫੈਲਾ ਕੇ ਦਹਿਸ਼ਤ ਦਾ ਮਾਹੌਲ ਪੈਦਾ ਕਰਨ ਵਾਲਿਆਂ ਵਿਰੁੱਧ ਸੰਗਰੂਰ ਵਿੱਚ 5 ਅਤੇ ਬਠਿੰਡਾ ਵਿੱਚ 4 ਮਾਮਲੇ ਦਰਜ ਕੀਤੇ ਗਏ ਹਨ।
ਡੀਜੀਪੀ ਨੇ ਕਿਹਾ ਕਿ ਪਟਿਆਲਾ ਵਿੱਚ, ਫੌਜ ਦੀ ਤਾਇਨਾਤੀ ਸਬੰਧੀ ਝੂਠੀਆਂ ਖ਼ਬਰਾਂ ਫੈਲਾਉਣ ਲਈ ਇੱਕ ਐਫਆਈਆਰ ਦਰਜ ਕੀਤੀ ਗਈ ਹੈ। ਉਨ੍ਹਾਂ ਅੱਗੇ ਕਿਹਾ ਕਿ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਇੱਕ ਸ਼ਿਵ ਸੈਨਾ ਆਗੂ ਨੂੰ ਆਪਣੀ ਫੇਸਬੁੱਕ ਪੋਸਟ ਰਾਹੀਂ ਫਿਰਕੂ ਭਾਵਨਾਵਾਂ ਭੜਕਾਉਣ ਦੀ ਕੋਸ਼ਿਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ।
ਗੁੱਜਰ ਭਾਈਚਾਰੇ ਤੋਂ ਦੁੱਧ ਨਾ ਖਰੀਦਣ ਦੀ ਘੋਸ਼ਣਾ ਕਰਨ ਸਬੰਧੀ ਪਿੰਡ ਦਾਲਮ ਦੇ ਗ੍ਰੰਥੀ ਖਿਲਾਫ਼ ਪੁਲੀਸ ਥਾਣਾ ਕਿਲਾ ਲਾਲ ਸਿੰਘ, ਜ਼ਿਲ੍ਹਾ ਬਟਾਲਾ ਵਿਖੇ ਐਫਆਈਆਰ ਦਰਜ ਕੀਤੀ ਗਈ ਹੈ।
ਇਸੇ ਤਰ੍ਹਾਂ ਆਦਮਪੁਰ ਵਿਚ ਇਕ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਜਿਸਨੇ ਕੋਵਿਡ 19 ਤੋਂ ਸੁਰੱਖਿਅਤ ਹੋਣ ਦਾ ਦਾਅਵਾ ਕੀਤਾ ਹੈ ਅਤੇ ਲੋਕਾਂ ਨੂੰ ਇਸ ਜਾਨਲੇਵਾ ਬਿਮਾਰੀ ਦੇ ਇਲਾਜ ਲਈ ਪਿਆਜ਼ ਨਾਲ ਪਾਣੀ ਪੀਣ ਲਈ ਕਿਹਾ ਹੈ।
ਅਫਵਾਹਾਂ ਫੈਲਾਉਣ ਸਬੰਧੀ ਤਿੰਨ ਮਾਮਲੇ ਲੁਧਿਆਣਾ, ਸ੍ਰੀ ਮੁਕਤਸਰ ਸਾਹਿਬ ਅਤੇ ਜਲੰਧਰ ਵਿੱਚ ਦਰਜ ਕੀਤੇ ਗਏ ਹਨ।ਇਸ ਤੋਂ ਇਲਾਵਾ ਹੁਸ਼ਿਆਰਪੁਰ, ਮੋਗਾ, ਫਰੀਦਕੋਟ, ਮੁਹਾਲੀ ਅਤੇ ਸ਼ਹੀਦ ਭਗਤ ਸਿੰਘ ਨਗਰ ਵਿੱਚ ਵੀ ਇੱਕ-ਇੱਕ ਮਾਮਲਾ ਦਰਜ ਕੀਤਾ ਗਿਆ ਹੈ। ਫਤੜਗੜ੍ਹ ਸਾਹਿਬ ਅਤੇ ਅੰਮ੍ਰਿਤਸਰ ਵਿਖੇ ਦੋ-ਦੋ ਮਾਮਲੇ ਦਰਜ ਕੀਤੇ ਗਏ ਹਨ।
ਗਲਤ ਅਤੇ ਨਿਰਾਧਾਰ ਸੂਚਨਾ, ਜੋ ਲੋਕਾਂ ਵਿੱਚ ਬੇਲੋੜੀ ਘਬਰਾਹਟ ਅਤੇ ਮੁਸ਼ਕਿਲਾਂ ਪੈਦਾ ਕਰ ਸਕਦੀ ਹੈ, ਫੈਲਾ ਕੇ ਮੌਜੂਦਾ ਹਾਲਾਤਾਂ ਦਾ ਫਾਇਦਾ ਉਠਾਉਣ ਦੀ ਕਿਸੇ ਵੀ ਕੋਸ਼ਿਸ਼ ਵਿਰੁੱਧ ਆਪਣੀ ਚੇਤਾਵਨੀ ਨੂੰ ਦੁਹਰਾਉਂਦਿਆਂ ਡੀਜੀਪੀ ਨੇ ਕਿਹਾ ਕਿ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਡੀ.ਜੀ.ਪੀ. ਦਿਨਕਰ ਗੁਪਤਾ ਨੇ ਆਮ ਜਨਤਾ ਨੂੰ ਅਪੀਲ ਕੀਤੀ ਕਿ ਉਹ ਗਲਤ ਜਾਣਕਾਰੀ ਅਤੇ ਸ਼ੋਸ਼ਲ ਮੀਡੀਆ ਪੋਸਟਾਂ ਰਾਹੀਂ ਘਬਰਾਹਟ ਜਾਂ ਬੇਚੈਨੀ ਪੈਦਾ ਨਾ ਕਰਨ।