Punjab
ਕਰਫਿਊ ਦੇ ਮੱਦੇਨਜ਼ਰ ਪੰਜਾਬ ਪੁਲਿਸ ਨੇ ਸੂਬੇ ਭਰ ‘ਚ ਰਾਹਤ ਕਾਰਜਾਂ ਨੂੰ ਹੋਰ ਤੇਜ਼ ਕੀਤਾ
ਸੂਬੇ ‘ਚ ਲਾਏ ਗਏ ਕਰਫਿਊ ਦੇ ਮੱਦੇਨਜ਼ਰ ਪੰਜਾਬ ਪੁਲਸ ਨੇ ਸੂਬੇ ਭਰ ‘ਚ ਰਾਹਤ ਕਾਰਜਾਂ ਨੂੰ ਹੋਰ ਤੇਜ਼ ਕਰ ਦਿੱਤਾ ਹੈ, ਜਿਸ ਦੌਰਾਨ ਡਿਊਟੀ ‘ਤੇ ਤਾਇਨਾਤ 41000 ਪੁਲਸ ਕਰਮਚਾਰੀਆਂ ਵੱਲੋਂ ਪਿਛਲੇ 36 ਘੰਟਿਆਂ ‘ਚ ਲੋੜਵੰਦਾਂ ਨੂੰ 1,50,000 ਤੋਂ ਵੱਧ ਡਰਾਈ ਫੂਡ ਪੈਕੇਟ ਵੰਡੇ ਗਏ ਅਤੇ ਨਾਲ ਹੀ ਸਾਰੇ ਜ਼ਿਲਿਆਂ ‘ਚ ਨਾਗਰਿਕਾਂ ਨੂੰ ਜ਼ਰੂਰੀ ਵਸਤਾਂ ਘਰ-ਘਰ ਪਹੁੰਚਾਈਆਂ ਜਾ ਰਹੀਆਂ ਹਨ। ਡੀ. ਜੀ. ਪੀ. ਦਿਨਕਰ ਗੁਪਤਾ ਨੇ ਦੱਸਿਆ ਕਿ ਹੁਣ ਤੱਕ ਲੋੜਵੰਦਾਂ ਨੂੰ ਕੁਲ 1.50 ਲੱਖ ਤੋਂ ਵੱਧ ਫੂਡ ਪੈਕੇਟ ਵੰਡੇ ਗਏ ਹਨ। ਉਨ੍ਹਾਂ ਕਿਹਾ ਕਿ ਆਮ ਲੋਕਾਂ ਨੂੰ ਉਨ੍ਹਾਂ ਦੀਆਂ ਜ਼ਰੂਰੀ ਲੋੜਾਂ ਦੀ ਪੂਰਤੀ ਅਤੇ ਮੈਡੀਕਲ ਐਮਰਜੈਂਸੀ ਨਾਲ ਨਜਿੱਠਣ ਵਾਸਤੇ ਸਹਾਇਤਾ ਪ੍ਰਦਾਨ ਕਰਨ ਸਬੰਧੀ ਕੋਵਿਡ-19 ਕਰਫਿਊ ਲਈ ਇਕ ਈ-ਪਾਸ ਸਹੂਲਤ ਸ਼ੁਰੂ ਕੀਤੀ ਗਈ ਹੈ। ਇਸ ਦੇ ਨਾਲ ਹੀ ਹੈਲਪ ਲਾਈਨ ਨੰਬਰ 112 ਨੂੰ ਕਰਫਿਊ ਹੈਲਪ ਲਾਈਨ ‘ਚ ਤਬਦੀਲ ਕਰ ਦਿੱਤਾ ਗਿਆ ਹੈ, ਜਿਸ ‘ਤੇ ਹੁਣ ਕਰਫਿਊ ਨਾਲ ਸਬੰਧਤ ਸਾਰੀਆਂ ਮੁਸ਼ਕਲਾਂ ਸੁਣੀਆਂ ਜਾਣਗੀਆਂ ਅਤੇ ਉਨ੍ਹਾਂ ਦਾ ਜਵਾਬ ਮਿਲੇਗਾ। ਡੀ. ਜੀ. ਪੀ. ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬੰਦ ਦੌਰਾਨ ਪੈਦਾ ਹੋਈ ਕਿਸੇ ਵੀ ਐਮਰਜੈਂਸੀ ਲਈ ਪੁਲਸ ਨਾਲ ਸੰਪਰਕ ਕਰਨ।