Punjab
ਫਿਰੋਜ਼ਪੁਰ ‘ਚ ਡਾਕਟਰ ਦੀ ਲਾਪਰਵਾਹੀ ਨੇ ਲਈ ਗਰਭਵਤੀ ਔਰਤ ਦੀ ਜਾਨ
ਸੂਬੇ ਅੰਦਰ ਕਰਫਿਊ ਦੇ ਚਲਦਿਆਂ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕ ਆਪਣੇ ਘਰਾਂ ਚੋਂ ਨਿਕਲਣ ਤੇ ਵੀ ਗੁਰੇਜ਼ ਕਰ ਰਹੇ ਹਨ। ਇਥੋਂ ਤੱਕ ਕਿ ਲੋਕ ਆਪਣਾ ਇਲਾਜ ਪਿੰਡਾਂ ਦੇ ਝੋਲਾ ਸ਼ਾਪ ਡਾਕਟਰਾਂ ਕੋਲੋਂ ਕਰਾਉਣ ਲਈ ਮਜਬੂਰ ਹਨ। ਇਸੇ ਤਰ੍ਹਾਂ ਦਾ ਇੱਕ ਮਾਮਲਾ ਜਿਲ੍ਹਾ ਫਿਰੋਜ਼ਪੁਰ ਦੇ ਪਿੰਡ ਨੂਰਪੁਰ ਸੇਠਾਂ ਤੋਂ ਸਾਹਮਣੇ ਆਇਆ ਹੈ। ਜਿਥੇ ਪਿੰਡ ਦੇ ਇੱਕ ਕਲੀਨਿਕ ਦੇ ਝੋਲਾ ਸ਼ਾਪ ਡਾਕਟਰ ਅਤੇ ਉਸ ਦੀ ਪਤਨੀ ਵੱਲੋਂ ਘਰ ਵਿੱਚ ਹੀ ਇੱਕ ਗਰਭਵਤੀ ਔਰਤ ਦੀ ਡਿਲਵਰੀ ਕਰਨ ਦਾ ਦਾਅਵਾ ਕੀਤਾ ਗਿਆ।ਜਿਸ ਦੌਰਾਨ ਗਰਭਵਤੀ ਮਹਿਲਾ ਮੋਨਿਕਾ ਉਮਰ ਕਰੀਬ 28 ਸਾਲ ਨੇ ਇੱਕ ਲੜਕੇ ਨੂੰ ਜਨਮ ਦਿੱਤਾ ਪਰ ਮਹਿਲਾ ਦਾ ਸਹੀ ਡਾਕਟਰੀ ਇਲਾਜ ਨਾ ਹੋਣ ਕਾਰਨ ਉਸ ਦੀ ਹਾਲਤ ਜਿਆਦਾ ਵਿਗੜ ਗਈ।ਜਿਸ ਤੋਂ ਬਾਅਦ ਮਹਿਲਾ ਨੂੰ ਫਿਰੋਜ਼ਪੁਰ ਦੇ ਮਿਸ਼ਨ ਹਸਪਤਾਲ ਵਿੱਚ ਲਿਜਾਇਆ ਜਾ ਰਿਹਾ ਸੀ, ਪਰ ਉਸ ਨੇ ਰਾਸਤੇ ਵਿੱਚ ਹੀ ਦਮ ਤੋੜ ਦਿੱਤਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪਰਿਵਾਰਕ ਮੈਬਰਾਂ ਨੇ ਦੱਸਿਆ ਕਿ ਉਨ੍ਹਾਂ ਦੀ ਨੂੰਹ ਮੋਨਿਕਾ ਨੂੰ ਬੱਚਾ ਹੋਣ ਵਾਲਾ ਸੀ ਅਤੇ ਬਾਹਰ ਕੋਰੋਨਾਵਾਇਰਸ ਦੇ ਚਲਦਿਆਂ ਉਨ੍ਹਾਂ ਪਿੰਡ ਦੇ ਡਾਕਟਰ ਜਗਜੀਤ ਸਿੰਘ ਅਤੇ ਉਸ ਦੀ ਪਤਨੀ ਗੁਰਮੀਤ ਕੌਰ ਦੀ ਸਲਾਹ ਲਈ ਅਤੇ ਉਨ੍ਹਾਂ ਕਿਹਾ ਬਾਹਰ ਜਾਣ ਦੀ ਲੋੜ ਨਹੀਂ ਉਹ ਘਰ ਵਿੱਚ ਹੀ ਡਿਲਵਰੀ ਕਰਾ ਦੇਣਗੇ। ਜਿਸ ਤੋਂ ਬਾਅਦ ਜੱਚਾ ਮੋਨਿਕਾ ਦਾ ਇਲਾਜ ਸੁਰੂ ਕੀਤਾ ਗਿਆ ਪਰ ਡਾਕਟਰ ਕੋਲ ਜਿਆਦਾ ਤਜਰਬਾ ਨਾ ਹੋਣ ਕਾਰਨ ਜੱਚਾ ਦਰਦਾਂ ਨਾਲ ਤੜਫਦੀ ਰਹੀ। ਜਿਆਦਾ ਸਮਾਂ ਬੀਤਣ ਤੇ ਪਰਿਵਾਰ ਨੇ ਗਰਭਵਤੀ ਔਰਤ ਨੂੰ ਸਹਿਰ ਦੇ ਕਿਸੇ ਹਸਪਤਾਲ ਲਿਜਾਣ ਲਈ ਕਿਹਾ ਗਿਆ ਪਰ ਪਿੰਡ ਦੇ ਡਾਕਟਰ ਵੱਲੋ ਭਰੋਸਾ ਦਿੱਤਾ ਗਿਆ ਕਿ ਉਹ ਸਭ ਸੰਭਾਲ ਲੈਣਗੇ ਕਿਤੇ ਵੀ ਜਾਣ ਦੀ ਲੋੜ ਨਹੀਂ। ਪਰ ਗਰਭਵਤੀ ਔਰਤ ਦੀ ਹਾਲਤ ਵਿਗੜਦੀ ਜਾ ਰਹੀ ਸੀ ਕਾਫੀ ਸਮਾਂ ਬੀਤਨ ਤੇ ਜੱਚਾ ਦੀ ਹਾਲਤ ਬਹੁਤ ਜਿਆਦਾ ਵਿਗੜ ਚੁੱਕੀ ਸੀ। ਜਿਸ ਤੋਂ ਬਾਅਦ ਮੋਨਿਕਾ ਨੇ ਇੱਕ ਲੜਕੇ ਨੂੰ ਜਨਮ ਦਿੱਤਾ ਪਰ ਜਣੇਪੇ ਦੌਰਾਨ ਉਸ ਦਾ ਸਹੀ ਟਰੀਟਮੈਂਟ ਨਾ ਹੋਣ ਕਾਰਨ ਉਸ ਦੀ ਆਪਣੀ ਹਾਲਤ ਬਿਲਕੁਲ ਵਿਗੜ ਚੁੱਕੀ ਸੀ ਫਿਰ ਉਸਨੂੰ ਫਿਰੋਜ਼ਪੁਰ ਦੇ ਮਿਸ਼ਨ ਹਸਪਤਾਲ ਵਿੱਚ ਲਿਜਾਇਆ ਜਾ ਰਿਹਾ ਸੀ ਕਿ ਰਾਸਤੇ ਵਿੱਚ ਮੋਨਿਕਾ ਨੇ ਦਮ ਤੋੜ ਦਿੱਤਾ।
ਉਧਰ ਇਹ ਮਾਮਲਾ ਮੀਡੀਆ ਵਿੱਚ ਆਉਣ ਤੇ ਜਦੋਂ ਪੱਤਰਕਾਰਾਂ ਵੱਲੋਂ ਝੋਲਾ ਸ਼ਾਪ ਡਾਕਟਰ ਕੋਲੋਂ ਡਾਕਟਰੀ ਡਿਗਰੀ ਅਤੇ ਇਸ ਮਾਮਲੇ ਨੂੰ ਲੇਕੇ ਉਸਦਾ ਪੱਖ ਜਾਨਣ ਦੀ ਕੋਸ਼ਿਸ਼ ਕੀਤੀ ਗਈ ਤਾਂ ਝੋਲਾ ਸ਼ਾਪ ਡਾਕਟਰ ਨੇ ਆਪਣੀ ਨਲਾਇਕੀ ਛੁਪਾਉਣ ਲਈ ਉਲਟਾ ਮੀਡੀਆ ਨਾਲ ਹੀ ਬਦਸਲੂਕੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਕਵਰੇਜ਼ ਕਰ ਰਹੇ ਪੱਤਰਕਾਰ ਦਾ ਕੈਮਰਾ ਵੀ ਖੋਹਣ ਦੀ ਕੋਸ਼ਿਸ਼ ਕੀਤੀ ਗਈ। ਮਾਮਲਾ ਮੀਡੀਆ ਵਿੱਚ ਆਉਣ ਤੇ ਪੁਲਿਸ ਵੀ ਮੌਕੇ ਤੇ ਪਹੁੰਚ ਗਈ ਜਿਸ ਨੂੰ ਦੇਖ ਝੋਲਾ ਸ਼ਾਪ ਡਾਕਟਰ ਪਤੀ ਪਤਨੀ ਦੋਨੋਂ ਘਰ ਅਤੇ ਕਲੀਨਿਕ ਨੂੰ ਜਿੰਦੇ ਲਾਕੇ ਕਿਧਰੇ ਰਫੂਚੱਕਰ ਹੋ ਗਏ। ਉਧਰ ਮੌਕੇ ਤੇ ਪਹੁੰਚੀ ਪੁਲਿਸ ਨੇ ਲਾਸ਼ ਕਬਜੇ ਵਿੱਚ ਲੇਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਉਧਰ ਮੌਕੇ ਤੇ ਪਹੁੰਚੇ ਤਹਿਸੀਲਦਾਰ ਚਰਨਜੀਤ ਸਿੰਘ ਚੰਨੀ ਨੇ ਦੱਸਿਆ ਕਿ ਪੋਸਟਮਾਰਟਮ ਦੀ ਰਿਪੋਰਟ ਆਉਣ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।
ਸੋ ਲੋੜ ਹੈ ਸਰਕਾਰ ਅਤੇ ਜਿਲ੍ਹਾ ਪ੍ਰਸਾਸਨ ਨੂੰ ਅਜਿਹੇ ਬਿਨਾਂ ਡਿਗਰੀਆਂ ਵਾਲੇ ਝੋਲਾ ਸ਼ਾਪ ਡਾਕਟਰਾਂ ਤੇ ਸਖਤ ਕਾਰਵਾਈ ਕਰਨ ਦੀ ਤਾਂ ਜੋ ਲੋਕਾਂ ਦੀਆਂ ਜਿੰਦਗੀ ਨਾਲ ਖਿਲਵਾੜ ਨਾ ਹੋ ਸਕੇ ਅਤੇ ਕੀਮਤੀ ਜਾਨਾਂ ਬਚ ਸਕਣ।