National
‘ਵੀਰ ਬਾਲ ਦਿਵਸ’ ਮੌਕੇ ਰਾਸ਼ਟਰਪਤੀ ਮੁਰਮੂ ਵੱਲੋਂ ਦੇਸ਼ ਦੇ 17 ਬੱਚਿਆਂ ਨੂੰ ਕੀਤਾ ਜਾਵੇਗਾ ਸਨਮਾਨਿਤ

ਰਾਸ਼ਟਰਪਤੀ ਦਰੋਪਦੀ ਮੁਰਮੂ ਅੱਜ 17 ਬੱਚਿਆਂ ਨੂੰ ‘ਪ੍ਰਧਾਨ ਮੰਤਰੀ ਕੌਮੀ ਬਾਲ ਪੁਰਸਕਾਰ’ ਨਾਲ ਸਨਮਾਨਿਤ ਕਰਨਗੇ। ਦੱਸ ਦੇਈਏ ਕਿ ‘ਵੀਰ ਬਾਲ ਦਿਵਸ’ ਮੌਕੇ ਬੱਚਿਆਂ ਨੂੰ ਇਹ ਪੁਰਸਕਾਰ ਕਲਾ ਤੇ ਸੱਭਿਆਚਾਰ, ਬਹਾਦਰੀ, ਨਵੀਨਤਾ, ਵਿਗਿਆਨ ਤੇ ਟੈਕਨਾਲੋਜੀ, ਸਮਾਜ ਸੇਵਾ, ਖੇਡਾਂ ਤੇ ਵਾਤਾਵਰਨ ਖੇਤਰ ’ਚ ਪ੍ਰਾਪਤੀਆਂ ਲਈ ਦਿੱਤਾ ਜਾਵੇਗਾ।
ਦੱਸਣਯੋਗ ਹੈ ਕਿ ਅਜਿਹਾ ਪਹਿਲੀ ਵਾਰ ਹੋਵੇਗਾ ਜਦੋਂ ਰਾਸ਼ਟਰੀ ਬਾਲ ਪੁਰਸਕਾਰ ਗਣਤੰਤਰ ਦਿਵਸ ਦੀ ਬਜਾਏ 26 ਦਸੰਬਰ ਨੂੰ ਦਿੱਤੇ ਜਾਣਗੇ। ਹਰ ਬੱਚੇ ਨੂੰ ਮੈਡਲ, ਸਰਟੀਫਿਕੇਟ ਤੇ ਪ੍ਰਸ਼ੰਸਾ ਪੱਤਰ ਦਿੱਤਾ ਜਾਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਵੀਰ ਬਾਲ ਦਿਵਸ ਮੌਕੇ ਵਿਚ ਮੌਜੂਦ ਰਹਿਣਗੇ।
ਇਸ ਵਾਰ 14 ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 17 ਬੱਚਿਆਂ ਨੂੰ ਇਸ ਪੁਰਸਕਾਰ ਲਈ ਚੁਣਿਆ ਗਿਆ ਹੈ। ਇਨ੍ਹਾਂ ਵਿਚ 7 ਲੜਕੇ ਤੇ 10 ਲੜਕੀਆਂ ਸ਼ਾਮਿਲ ਹਨ । ਵੀਰ ਬਾਲ ਦਿਵਸ ‘ਤੇ ਰਾਸ਼ਟਰੀ ਦਿਵਸ 26 ਦਸੰਬਰ 2024 ਨੂੰ ਭਾਰਤ ਮੰਡਪਮ, ਨਵੀਂ ਦਿੱਲੀ ਵਿਚ ਆਯੋਜਿਤ ਕੀਤਾ ਜਾਵੇਗਾ। ਇਸ ਪ੍ਰੋਗਰਾਮ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੁਪੋਸ਼ਿਤ ਪੰਚਾਇਤ ਯੋਜਨਾ ਦੀ ਸ਼ੁਰੂਆਤ ਕਰਨਗੇ ਤੇ ਮਾਰਚ ਪਾਸਟ ਨੂੰ ਹਰੀ ਝੰਡੀ ਦਿਖਾਉਣਗੇ। ਕੇਂਦਰੀ ਮਹਿਲਾ ਤੇ ਬਾਲ ਵਿਕਾਸ ਮੰਤਰੀ ਅੰਨਪੂਰਨਾ ਦੇਵੀ ਉਦਘਾਟਨ ਭਾਸ਼ਣ ਦੇਣਗੇ। ਪ੍ਰੋਗਰਾਮ ਵਿਚ ਪ੍ਰਧਾਨ ਮੰਤਰੀ ਸਣੇ ਰਾਸ਼ਟਰੀ ਬਾਲ ਪੁਰਸਕਾਰ ਜੇਤੂਆਂ ਤੇ ਸਨਮਾਨਯੋਗ ਵਿਅਕਤੀਆਂ ਸਣੇ ਲਗਭਗ 3500 ਬੱਚੇ ਹਿੱਸਾ ਲੈਣਗੇ।
ਜ਼ਿਕਰਯੋਗ ਹੈ ਕਿ ਵੀਰ ਬਾਲ ਦਿਵਸ ਹਰ ਸਾਲ 26 ਦਸੰਬਰ ਨੂੰ ਮਨਾਇਆ ਜਾਂਦਾ ਹੈ। ਇਹ ਦਿਨ ਖਾਸ ਤੌਰ ‘ਤੇ ਸਿੱਖ ਗੁਰੂ ਸ੍ਰੀ ਗੋਬਿੰਦ ਸਿੰਘ ਜੀ ਦੇ ਦੋਵੇਂ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਹਿ ਸਿੰਘ ਦੀ ਸ਼ਹਾਦਤ ਨੂੰ ਸਮਰਪਿਤ ਹੈ। ਇਨ੍ਹਾਂ ਦੋਵੇਂ ਸਾਹਿਬਜ਼ਾਦਿਆਂ ਨੇ ਬਹੁਤ ਛੋਟੀ ਉਮਰ ਵਿਚ ਮੁਗਲ ਸਾਮਰਾਜ ਦੇ ਅਤਿਆਚਾਰਾਂ ਦਾ ਸਾਹਮਣਾ ਕਰਦੇ ਹੋਏ ਆਪਣੀ ਸ਼ਹਾਦਤ ਦਿੱਤੀ ਸੀ।