Connect with us

Punjab

PSEB ਦੀ ਵੱਡੀ ਲਾਪਰਵਾਹੀ: ਪੇਪਰ ਲੀਕ ਹੋਣ ਤੋਂ ਬਾਅਦ ਪ੍ਰੀਖਿਆ ‘ਚ ਮੁੜ ਹੋਈ ਗਲਤੀ, ਜਾਣੋ ਵੇਰਵਾ

Published

on

ਪੰਜਾਬ ਸਕੂਲ ਸਿੱਖਿਆ ਬੋਰਡ (PSEB ) ਦੀ ਘੋਰ ਲਾਪਰਵਾਹੀ ਲਗਾਤਾਰ ਸਾਹਮਣੇ ਆ ਰਹੀ ਹੈ। 24 ਫਰਵਰੀ ਨੂੰ 12ਵੀਂ ਜਮਾਤ ਦਾ ਅੰਗਰੇਜ਼ੀ (ਜਨਰਲ) ਦਾ ਪੇਪਰ ਲੀਕ ਹੋਣ ਤੋਂ ਬਾਅਦ ਬੋਰਡ ਨੇ 24 ਮਾਰਚ ਨੂੰ ਮੁੜ ਪ੍ਰੀਖਿਆ ਲਈ ਸੀ ਪਰ 24 ਫਰਵਰੀ ਦਾ ਪ੍ਰਸ਼ਨ ਪੱਤਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਲਵਾਰਾ ਦੇ ਪ੍ਰੀਖਿਆ ਕੇਂਦਰ ਵਿੱਚ ਫਿਰ ਵੰਡਿਆ ਗਿਆ। ਜਦੋਂ ਉੱਤਰ ਪੱਤਰੀਆਂ ਦੀ ਚੈਕਿੰਗ ਦੌਰਾਨ ਇਹ ਗਲਤੀ ਫੜੀ ਗਈ ਤਾਂ ਬੋਰਡ ਨੇ ਹਲਵਾਰਾ ਕੇਂਦਰ ਦੀ ਪ੍ਰੀਖਿਆ ਰੱਦ ਕਰਕੇ ਤੀਜੀ ਵਾਰ ਪੇਪਰ ਕਰਵਾਉਣ ਦੇ ਹੁਕਮ ਜਾਰੀ ਕਰ ਦਿੱਤੇ ਹਨ।

ਮਿਲੀ ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ 118 ਵਿਦਿਆਰਥੀਆਂ ਨੂੰ 18 ਮਈ ਨੂੰ ਤੀਜੀ ਵਾਰ ਦੁਬਾਰਾ ਪੇਪਰ ਦੇਣਾ ਪਵੇਗਾ। ਇਸ ਦੇ ਨਾਲ ਹੀ ਪ੍ਰੀਖਿਆ ਲਈ ਘੱਟ ਸਮਾਂ ਦਿੱਤੇ ਜਾਣ ਕਾਰਨ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਵਿੱਚ ਰੋਸ ਜਤਾਇਆ ਜਾ ਰਿਹਾ ਹੈ। ਬੋਰਡ ਦੇ ਹਲਵਾਰਾ ਪ੍ਰੀਖਿਆ ਕੇਂਦਰ ਦੇ ਕੰਟਰੋਲਰ ਪ੍ਰਿਤਪਾਲ ਸਿੰਘ ਦੀ ਇਸ ਗੰਭੀਰ ਅਣਗਹਿਲੀ ਦਾ ਖ਼ਮਿਆਜ਼ਾ ਹੁਣ ਇਨ੍ਹਾਂ ਵਿਦਿਆਰਥੀਆਂ ਨੂੰ ਭੁਗਤਣਾ ਪਵੇਗਾ। 24 ਮਾਰਚ ਨੂੰ ਹੋਈ ਮੁੜ ਪ੍ਰੀਖਿਆ ਵਿੱਚ ਕੰਟਰੋਲਰ ਪ੍ਰੀਖਿਆਵਾਂ ਪ੍ਰਿਤਪਾਲ ਸਿੰਘ ਨੇ 22 ਫਰਵਰੀ ਨੂੰ ਲੀਕ ਹੋਏ ਪ੍ਰਸ਼ਨ ਪੱਤਰ ਦੀ ਵੰਡ ਕੀਤੀ। ਬੋਰਡ ਵੱਲੋਂ ਭੇਜੇ ਗਏ ਦੂਜੇ ਲਾਟ ਦੇ ਨਵੇਂ ਪ੍ਰਸ਼ਨ ਪੱਤਰ ਬੰਡਲਾਂ ਨੂੰ ਪੁਰਾਣੇ ਲੀਕ ਹੋਏ ਪ੍ਰਸ਼ਨ ਪੱਤਰਾਂ ਦੇ ਬੰਡਲਾਂ ਨਾਲ ਮਿਲਾਇਆ ਗਿਆ ਸੀ।

ਪ੍ਰੀਖਿਆਰਥੀ ਨਾ ਪਹੁੰਚਣ ‘ਤੇ ਪ੍ਰਿੰਸੀਪਲ ਜ਼ਿੰਮੇਵਾਰ: ਬੋਰਡ
ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਕੱਤਰ ਵੱਲੋਂ ਗੁਰੂ ਹਰਗੋਬਿੰਦ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਗੁਰੂਸਰ ਸੁਧਾਰ ਨੂੰ ਜਾਰੀ ਪੱਤਰ ਵਿੱਚ ਹੁਕਮ ਦਿੱਤਾ ਗਿਆ ਹੈ ਕਿ ਸਾਰੇ 118 ਪ੍ਰੀਖਿਆਰਥੀਆਂ ਨੂੰ ਭਗਵਾਨ ਮਹਾਵੀਰ ਸੀਨੀਅਰ ਸੈਕੰਡਰੀ ਸਕੂਲ ਰਾਏਕੋਟ ਦੇ ਪ੍ਰੀਖਿਆ ਕੇਂਦਰ ਨੰਬਰ 45461 ਵਿੱਚ ਮੁੜ ਹਾਜ਼ਰੀ ਭਰਨੀ ਪਵੇਗੀ। 18 ਮਈ ਜੇਕਰ ਕੋਈ ਉਮੀਦਵਾਰ ਪੇਪਰ ਦੇਣ ਲਈ ਨਹੀਂ ਆਉਂਦਾ ਤਾਂ ਇਸ ਦੀ ਜ਼ਿੰਮੇਵਾਰੀ ਸਕੂਲ ਮੁਖੀ ਦੀ ਹੋਵੇਗੀ।

ਸਕੂਲ ਮੈਨੇਜਮੈਂਟ ਨੇ ਕਿਹਾ- ਇੰਨੀ ਜਲਦੀ ਪੇਪਰ ਦੇਣਾ ਸੰਭਵ ਨਹੀਂ, ਹਾਈਕੋਰਟ ਜਾਣ ਦੀ ਤਿਆਰੀ
ਗੁਰੂ ਹਰਗੋਬਿੰਦ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਗੁਰੂਸਰ ਸੁਧਾਰ ਦੀ ਪ੍ਰਿੰਸੀਪਲ ਨੀਰੂ ਬਾਲਾ ਨੇ ਮੁੱਖ ਮੰਤਰੀ ਭਗਵੰਤ ਮਾਨ, ਸਿੱਖਿਆ ਸਕੱਤਰ, ਚੇਅਰਮੈਨ ਪੰਜਾਬ ਸਕੂਲ ਸਿੱਖਿਆ ਬੋਰਡ ਅਤੇ ਕੰਟਰੋਲਰ ਪ੍ਰੀਖਿਆਵਾਂ ਮੁਹਾਲੀ ਨੂੰ ਪੱਤਰ ਲਿਖ ਕੇ ਇੰਨੇ ਘੱਟ ਸਮੇਂ ਵਿੱਚ ਪ੍ਰੀਖਿਆ ਕਰਵਾਉਣ ਤੋਂ ਅਸਮਰੱਥਾ ਪ੍ਰਗਟਾਈ ਹੈ। ਇਨ੍ਹਾਂ ਵਿਦਿਆਰਥੀਆਂ ਵਿੱਚ 4 ਬਿਹਾਰ, 2 ਹਿਮਾਚਲ ਅਤੇ 2 ਨੇਪਾਲ ਦੇ ਹਨ, ਜੋ ਆਪਣੇ ਘਰਾਂ ਨੂੰ ਚਲੇ ਗਏ ਹਨ। ਮਾਪਿਆਂ ਨੇ ਵੀ ਨਾਰਾਜ਼ਗੀ ਜ਼ਾਹਰ ਕੀਤੀ ਹੈ। ਦੂਜੇ ਪਾਸੇ ਸਕੂਲ ਦੇ ਡਾਇਰੈਕਟਰ ਜਗਰਾਜ ਸਿੰਘ ਨੇ ਦੱਸਿਆ ਕਿ ਉਹ ਇਸ ਮਾਮਲੇ ਵਿੱਚ ਰਾਹਤ ਲਈ ਸੋਮਵਾਰ ਨੂੰ ਹਾਈ ਕੋਰਟ ਵਿੱਚ ਪਹੁੰਚ ਕਰਨਗੇ ਅਤੇ ਡੀਸੀ ਲੁਧਿਆਣਾ ਸੁਰਭੀ ਮਲਿਕ ਨੂੰ ਮੰਗ ਪੱਤਰ ਵੀ ਦੇਣਗੇ।