Connect with us

punjab

ਸਿਹਤ ਵਿਭਾਗ ਵਿੱਚ 128 ਮੈਡੀਕਲ ਮਾਹਿਰਾਂ ਦੀ ਪੰਜਾਬ ਸਰਕਾਰ ਵੱਲੋਂ ਭਰਤੀ

Published

on

punjab government

ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਅੱਜ 128 ਮੈਡੀਕਲ ਮਾਹਿਰਾਂ ਨੂੰ ਨਿਯੁਕਤੀ ਪੱਤਰ ਸੌਂਪੇ। ਸ. ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਦੀ ‘ਘਰ ਘਰ ਰੋਜ਼ਗਾਰ ਯੋਜਨਾ’ ਤਹਿਤ ਸੂਬੇ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ ਅਤੇ ਵੱਖ ਵੱਖ ਸ਼੍ਰੇਣੀਆਂ ਅਧੀਨ ਲਗਭਗ 11,500 ਅਸਾਮੀਆਂ ਪਹਿਲਾਂ ਹੀ ਭਰੀਆਂ ਜਾ ਚੁੱਕੀਆਂ ਹਨ। ਪ੍ਰਮੁੱਖ ਸਕੱਤਰ ਸਿਹਤ, ਸ੍ਰੀ ਹੁਸਨ ਲਾਲ ਨੇ ਦੱਸਿਆ ਕਿ ਅੱਜ ਨਿਯੁਕਤੀ ਪ੍ਰਕਿਰਿਆ ਵਿਚ 41-ਮਾਈਕ੍ਰੋਬਾਇਓਲੌਜਿਸਟ, 21-ਈ.ਐਨ.ਟੀ., 13- ਕਮਿਉਨਿਟੀ ਮੈਡੀਸਨ, 17- ਪੈਥੋਲੋਜੀ, 11-ਮਨੋਰੋਗੀ ਮਾਹਿਰਾਂ, 13-ਅੱਖਾਂ ਦੇ ਮਾਹਰ, 19-ਜਨਰਲ ਸਰਜਰੀ, 6-ਚਮੜੀ ਅਤੇ ਵੀ.ਡੀ. ਦੇ ਮਾਹਿਰਾਂ, 10-ਫੋਰੈਂਸਿਕ ਮੈਡੀਸਨ ਅਤੇ 4-ਬੀ.ਟੀ.ਓ. ਦੀ ਮੈਡੀਕਲ ਮਾਹਿਰਾਂ ਵਜੋਂ ਨਿਯੁਕਤੀ ਕੀਤੀ ਗਈ ਹੈ। ਉਨਾਂ ਕਿਹਾ ਕਿ ਹਾਲ ਹੀ ਵਿੱਚ ਵਿਭਾਗ ’ਚ ਮੈਡੀਕਲ ਅਫ਼ਸਰਾਂ, ਫਾਰਮੇਸੀ ਅਧਿਕਾਰੀਆਂ ਅਤੇ ਦਰਜਾ-4 ਦੇ ਕਰਮਚਾਰੀਆ ਦੀਆਂ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਹਨ ਅਤੇ ਇਸ ਨਾਲ ਡਾਕਟਰੀ ਸੇਵਾਵਾਂ ਨੂੰ ਮਜ਼ਬੂਤੀ ਮਿਲੇਗੀ।

ਨਵੇਂ ਭਰਤੀ ਹੋਏ ਅਧਿਕਾਰੀਆਂ ਨੂੰ ਵਧਾਈ ਦਿੰਦਿਆਂ ਡਾਇਰੈਕਟਰ ਸਿਹਤ ਸੇਵਾਵਾਂ ਡਾ. ਜੀ.ਬੀ. ਸਿੰਘ ਨੇ ਕਿਹਾ ਕਿ ਮਹਾਂਮਾਰੀ ਦੌਰਾਨ ਸਾਰੇ ਡਾਕਟਰੀ ਭਾਈਚਾਰੇ ਨੇ ਪੂਰੀ ਤਨਦੇਹੀ ਨਾਲ ਕੰਮ ਕੀਤਾ ਤੇ ਇਨਾਂ ਨਵੀਆਂ ਨਿਯੁਕਤੀਆਂ ਨਾਲ ਮਹਾਂਮਾਰੀ ਸਬੰਧੀ ਡਿਊਟੀਆਂ ਵਿੱਚ ਲੱਗੇ ਮੈਡੀਕਲ ਅਮਲੇ ਨੂੰ ਰਾਹਤ ਮਿਲੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬੱਸੀ ਪਠਾਣਾ ਤੋਂ ਵਿਧਾਇਕ ਗੁਰਪ੍ਰੀਤ ਸਿੰਘ, ਸਿਹਤ ਮੰਤਰੀ ਦੇ ਓਐਸਡੀ ਡਾ. ਬਲਵਿੰਦਰ ਸਿੰਘ, ਸੁਪਰਡੈਂਟ ਨਿਰਲੇਪ ਕੌਰ ਅਤੇ ਮਾਸ ਮੀਡੀਆ ਅਧਿਕਾਰੀ ਗੁਰਮੀਤ ਸਿੰਘ ਰਾਣਾ ਵੀ ਮੌਜੂਦ ਸਨ।