Connect with us

Health

ਪੰਜਾਬ ਵਿੱਚ ਹੁਣ ਤੱਕ 2.16 ਕਰੋੜ ਲੋਕਾਂ ਦਾ ਕੋਵਿਡ ਟੀਕਾਕਰਨ ਕੀਤਾ ਜਾ ਚੁੱਕਾ ਹੈ: ਓ.ਪੀ. ਸੋਨੀ

Published

on

OP Soni

76 ਫ਼ੀਸਦੀ ਆਬਾਦੀ ਨੂੰ ਇੱਕ ਖੁਰਾਕ ਅਤੇ 29 ਫ਼ੀਸਦੀ ਲੋਕਾਂ ਨੂੰ ਦਿੱਤੀਆਂ ਦੋਵੇਂ ਖੁਰਾਕਾਂ

ਕੋਵਿਡ-19 ਕਾਬੂ ਹੇਠ; ਸਿਰਫ 229 ਐਕਟਿਵ ਕੇਸ

3 ਜ਼ਿਲ੍ਹਿਆਂ ਵਿੱਚ ਸਿਰਫ 1-1 ਐਕਟਿਵ ਕੇਸ ਦਰਜ, ਨੌਂ ਹੋਰ ਜ਼ਿਲ੍ਹਿਆਂ ਵਿੱਚ 10 ਤੋਂ ਘੱਟ ਕੇਸ

ਚੰਡੀਗੜ੍ਹ, 25 ਅਕਤੂਬਰ : ਪੰਜਾਬ ਵਿੱਚ ਹੁਣ ਤੱਕ 2.16 ਕਰੋੜ ਲੋਕਾਂ ਦਾ ਕੋਵਿਡ ਟੀਕਾਕਰਨ ਕੀਤਾ ਜਾ ਚੁੱਕਾ ਹੈ ਜਿਸ ਵਿੱਚ 1.56 ਕਰੋੜ ਲੋਕਾਂ ਨੂੰ ਪਹਿਲੀ ਖੁਰਾਕ ਅਤੇ 59.61 ਲੱਖ ਵਿਅਕਤੀਆਂ ਨੂੰ ਦੋਵੇਂ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ। ਇਹ ਜਾਣਕਾਰੀ ਉਪ ਮੁੱਖ ਮੰਤਰੀ ਕਮ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਓ.ਪੀ. ਸੋਨੀ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਸੂਬੇ ਭਰ ਵਿੱਚ ਕੋਵਿਡ ਟੀਕਾਕਰਨ ਮੁਹਿੰਮ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀ ਹੈ ਅਤੇ ਵਰਕਰਾਂ ਨੂੰ ਟੀਕਾ ਲਗਾਉਣ ਲਈ ਉਨ੍ਹਾਂ ਦੀਆਂ ਕੰਮ ਵਾਲੀਆਂ ਥਾਵਾਂ ‘ਤੇ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ।

ਐਕਟਿਵ ਕੇਸਾਂ ਬਾਰੇ ਵਿਸਥਾਰ ਵਿੱਚ ਦੱਸਦਿਆਂ ਉਪ ਮੁੱਖ ਮੰਤਰੀ ਨੇ ਦੱਸਿਆ ਕਿ ਹੁਣ ਕੋਵਿਡ-19 ਦੇ ਸਿਰਫ਼ 229 ਐਕਟਿਵ ਕੇਸ ਹਨ। ਤਿੰਨ ਜ਼ਿਲ੍ਹਿਆਂ ਐਸਬੀਐਸ ਨਗਰ, ਮੁਕਤਸਰ ਅਤੇ ਮਾਨਸਾ ਵਿੱਚ ਕੋਵਿਡ ਦਾ ਸਿਰਫ 1-1 ਕੇਸ ਹੈ ਜਦਕਿ 9 ਹੋਰ ਜ਼ਿਲ੍ਹਿਆਂ ਵਿੱਚ 10 ਤੋਂ ਘੱਟ ਕੇਸ ਹਨ। ਐਤਵਾਰ ਤੱਕ ਗੁਰਦਾਸਪੁਰ ਵਿੱਚ 5, ਪਠਾਨਕੋਟ ਵਿੱਚ 9, ਕਪੂਰਥਲਾ ਵਿੱਚ 7, ਸੰਗਰੂਰ ਵਿੱਚ 3, ਫਿਰੋਜ਼ਪੁਰ ਵਿੱਚ 7, ਫ਼ਤਿਹਗੜ੍ਹ ਸਾਹਿਬ ਵਿੱਚ 3, ਮੋਗਾ ਵਿੱਚ 9, ਤਰਨਤਾਰਨ ਵਿੱਚ 7 ਅਤੇ ਬਰਨਾਲਾ ਵਿੱਚ 8 ਐਕਟਿਵ ਕੇਸ ਹਨ।
ਸ੍ਰੀ ਸੋਨੀ ਨੇ ਕਿਹਾ ਕਿ ਇਸ ਤੱਥ ਦੇ ਬਾਵਜੂਦ ਕਿ ਪਾਜੇਟਿਵ ਕੇਸਾਂ ਦਾ ਰੁਝਾਨ ਘਟਦਾ ਜਾ ਰਿਹਾ ਹੈ, ਅਸੀਂ ਉਦੋਂ ਤੱਕ ਸੁਰੱਖਿਆ ਪ੍ਰਤੀ ਅਣਗਿਹਲੀ ਨਹੀਂ ਵਰਤ ਸਕਦੇ ਜਦੋਂ ਤੱਕ ਸੂਬੇ ਜਾਂ ਸਾਡੇ ਆਲੇ-ਦੁਆਲੇ ਇੱਕ ਵੀ ਐਕਟਿਵ ਕੇਸ ਮੌਜੂਦ ਹੈ। ਇਸ ਲਈ ਇਸ ਤਿਉਹਾਰਾਂ ਦੇ ਸੀਜ਼ਨ ਨੂੰ ਬਹੁਤ ਸਾਵਧਾਨੀ ਨਾਲ ਮਨਾਇਆ ਜਾਣਾ ਚਾਹੀਦਾ ਹੈ। ਉਹਨਾਂ ਅੱਗੇ ਕਿਹਾ, “ਖੁਸ਼ੀਆਂ ਫੈਲਾਓ, ਤਿਉਹਾਰ ਮਨਾਓ ਪਰ ਵਾਇਰਸ ਨਾ ਫੈਲਾਓ। ਪੂਰੀ ਸਾਵਧਾਨੀ ਵਰਤੋ ਅਤੇ ਕੋਵਿਡ ਸੇਫਟੀ ਪ੍ਰੋਟੋਕੋਲਾਂ ਦੀ ਪਾਲਣਾ ਕਰੋ।”

ਉਨ੍ਹਾਂ ਕਿਹਾ ਕਿ ਜੇਕਰ ਤੁਹਾਨੂੰ ਕੋਵਿਡ-19 ਦਾ ਕੋਈ ਲੱਛਣ ਮਹਿਸੂਸ ਹੁੰਦਾ ਹੈ ਤਾਂ ਆਪਣੀ ਜਾਂਚ ਜ਼ਰੂਰ ਕਰਵਾਓ। ਸਾਰੇ ਸ਼ੱਕੀ ਮਾਮਲਿਆਂ ਦੀ ਜਾਂਚ ਨਿਰੰਤਰ ਜਾਰੀ ਹੈ ਅਤੇ ਹੁਣ ਤੱਕ ਸੂਬੇ ਵਿੱਚ 1,52,08,301 ਕੋਵਿਡ ਟੈਸਟ ਕੀਤੇ ਜਾ ਚੁੱਕੇ ਹਨ। ਉਨ੍ਹਾਂ ਅੱਗੇ ਕਿਹਾ ਕਿ ਆਲੇ-ਦੁਆਲੇ ਨੂੰ ਸਾਫ਼-ਸੁਥਰਾ ਰੱਖੋ, ਹਰ ਐਤਵਾਰ ਨੂੰ ‘ਡਰਾਈ-ਡੇ’ ਮਨਾਓ ਅਤੇ ਡੇਂਗੂ ਤੋਂ ਬਚਾਅ ਲਈ ਸਾਵਧਾਨੀਆਂ ਵਰਤੋ।

ਸ੍ਰੀ ਓ.ਪੀ. ਸੋਨੀ ਨੇ ਕਿਹਾ ਕਿ ਸੂਬੇ ਵਿੱਚ ਟੀਕਾਕਰਨ ਦੀ ਸ਼ੁਰੂਆਤ 16 ਜਨਵਰੀ 2021 ਨੂੰ ਸਿਹਤ ਸੰਭਾਲ ਕਰਮਚਾਰੀਆਂ ਦੇ ਟੀਕਾਕਰਨ ਨਾਲ ਕੀਤੀ ਗਈ ਅਤੇ ਇਸ ਉਪਰੰਤ ਫਰੰਟਲਾਈਨ ਵਰਕਰਾਂ ਨੂੰ ਕੋਵਿਡ ਟੀਕਾਕਰਨ ਦੇ ਦਾਇਰੇ ਵਿੱਚ ਲਿਆਂਦਾ ਗਿਆ। ਇਸ ਤੋਂ ਬਾਅਦ 60 ਸਾਲ ਤੋਂ ਵੱਧ ਉਮਰ ਅਤੇ 45 ਸਾਲ ਤੋਂ ਵੱਧ ਉਮਰ ਦੇ ਲੋਕਾਂ ਲਈ ਕ੍ਰਮਵਾਰ 1 ਮਾਰਚ ਅਤੇ 1 ਅਪ੍ਰੈਲ ਨੂੰ ਟੀਕਾਕਰਨ ਸ਼ੁਰੂ ਕੀਤਾ ਗਿਆ।

ਉਪ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ ਲੋਕਾਂ ਦੇ ਟੀਕਾਕਰਨ ਲਈ ਕੋਵਿਸ਼ੀਲਡ ਅਤੇ ਕੋਵੈਕਸੀਨ ਦੋਵਾਂ ਵੈਕਸੀਨਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਪੰਜਾਬ ਵਿੱਚ 76 ਫ਼ੀਸਦੀ ਤੋਂ ਵੱਧ ਆਬਾਦੀ ਨੂੰ ਕੋਵਿਡ ਦੀ ਘੱਟੋ ਘੱਟ ਇੱਕ ਖੁਰਾਕ ਲਗਾਈ ਗਈ ਹੈ ਅਤੇ ਇਸ ਤੋਂ ਇਲਾਵਾ ਲਗਭਗ 29 ਫ਼ੀਸਦੀ ਲੋਕਾਂ ਨੂੰ ਦੋਵੇਂ ਖੁਰਾਕਾਂ ਲਗਾਈਆਂ ਗਈਆਂ ਹਨ। ਉਹਨਾਂ ਸਾਰਿਆਂ ਨੂੰ ਅਪੀਲ ਕੀਤੀ ਕਿ ਉਹ ਜਲਦ ਤੋਂ ਜਲਦ ਕੋਵਿਡ ਟੀਕਾ ਲਗਵਾਉਣ ਅਤੇ ਕੋਵਿਡ ਸਬੰਧੀ ਨਿਯਮਾਂ ਦੀ ਪਾਲਣਾ ਕਰਨ ਕਿਉਂਕਿ ਇਹ ਮਹਾਂਮਾਰੀ ਨਾਲ ਲੜਨ ਦਾ ਇੱਕੋ ਇੱਕ ਤਰੀਕਾ ਹੈ।