Connect with us

Punjab

ਪੰਜਾਬ ਪੁਲਿਸ ਵੱਲੋਂ ਪੁਲਿਸ ਕਰਮੀਆਂ ਨੂੰ ਉੁਨ੍ਹਾਂ ਦੇ ਜਨਮਦਿਨ ਮੌਕੇ ਸਨਮਾਨਿਤ ਕਰਨ ਦੇ ਅਮਲ ਦੀ ਸ਼ੁਰੂਆਤ

Published

on

ਚੰਡੀਗੜ੍ਹ,

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤੀ ਗਈ ਇੱਕ ਵਿਲੱਖਣ ਤੇ ਨਵੇਕਲੀ ਪਹਿਲਕਦਮੀ ਦੇ ਹਿੱਸੇ ਵਜੋਂ, ਪੰਜਾਬ ਪੁਲਿਸ ਨੇ ਪੁਲਿਸ ਮੁਲਾਜ਼ਮਾਂ ਲਈ ਉਨ੍ਹਾਂ ਦੇ ਜਨਮ ਦਿਨ ਨੂੰ ਹੋਰ ਖੁ਼ਸ਼ਮਈ ਤੇ ਯਾਦਗਾਰ ਬਣਾਉਣ ਲਈ ਸ਼ੁਭਕਾਮਨਾਵਾਂ ਭਰੇ ਕਾਰਡ ਦੇ ਕੇ ਸਨਮਾਨਿਤ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਪਹਿਲਕਦੀਮੀ ਦੇ ਤਹਿਤ ਸੋਮਵਾਰ ਨੂੰ ਪਹਿਲੇ ਦਿਨ 404 ਪੁਲਿਸ ਕਰਮੀਆਂ ਨੂੰ ਸਨਮਾਨਿਤ ਕੀਤਾ ਗਿਆ।

ਜਲੰਧਰ ਅਤੇ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ, ਬਟਾਲਾ ਪੁਲਿਸ, ਬਠਿੰਡਾ ਪੁਲਿਸ, ਫਿਰੋਜ਼ਪੁਰ ਪੁਲਿਸ, ਸੰਗਰੂਰ ਪੁਲਿਸ, ਹੁ਼ਸਿ਼ਆਰਪੁਰ ਪੁਲਿਸ, ਫਰੀਦਕੋਟ ਪੁਲਿਸ, ਸ੍ਰੀ ਮੁਕਤਸਰ ਸਾਹਿਬ ਪੁਲਿਸ, ਫਤਿਹਗੜ੍ਹ ਸਾਹਿਬ ਪੁਲਿਸ, ਬਰਨਾਲਾ ਪੁਲਿਸ, ਕਪੂਰਥਲਾ ਪੁਲਿਸ, ਗੁਰਦਾਸਪੁਰ ਪੁਲਿਸ, ਪਠਾਨਕੋਟ ਪੁਲਿਸ,ਪਟਿਆਲਾ ਪੁਲਿਸ,ਮਾਲੇਰਕੋਟਲਾ ਪੁਲਿਸ, ਐਸ.ਏ.ਐਸ ਨਗਰ ਪੁਲਿਸ, ਰੂਪਨਗਰ ਪੁਲਿਸ,ਜਲੰਧਰ ਦਿਹਾਤੀ ਪੁਲਿਸ,ਲੁਧਿਆਣਾ ਦਿਹਾਤੀ ਪੁਲਿਸ,ਖੰਨਾ ਪੁਲਿਸ,ਮਾਨਸਾ ਪੁਲਿਸ, ਮੋਗਾ ਪੁਲਿਸ, ਐਸ.ਬੀ.ਐਸ. ਨਗਰ ਪੁਲਿਸ, ਸੰਗਰੂਰ ਪੁਲਿਸ, ਅੰਮ੍ਰਿਤਸਰ ਦਿਹਾਤੀ ਪੁਲਿਸ ਅਤੇ ਬਠਿੰਡਾ ਪੁਲਿਸ ਅਜਿਹੇ ਪਹਿਲੇ ਪੁਲਿਸ ਜਿ਼ਲ੍ਹੇ ਹਨ ਜਿਨ੍ਹਾਂ ਨੇ ਆਪਣੇ ਜਵਾਨਾਂ ਨੂੰ ਜਨਮ ਦਿਨ ਨੂੰ ਵਧਾਈ ਕਾਰਡ ਦੇ ਕੇ ਸਨਮਾਨਿਤ ਕੀਤਾ ਹੈ। ਕੁਝ ਜਿਲ੍ਹਾ ਪੁਲਿਸ ਨੇ ਪੁਲਿਸ ਮੁਲਾਜ਼ਮਾਂ ਲਈ ਗੁਲਦਸਤੇ ਅਤੇ ਕੇਕ ਵੀ ਲਿਆਂਦੇ ਅਤੇ ਆਪਣੇ ਜਵਾਨਾਂ ਦੇ ਵਿਸ਼ੇਸ਼ ਦਿਨ ਨੂੰ ਇਕੱਠੇ ਹੋ ਕੇ ਮਨਾਇਆ ਹੈ।

ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ (ਡੀ.ਜੀ.ਪੀ.) ਵੀ.ਕੇ. ਭਾਵਰਾ ਨੇ ਕਿਹਾ ਕਿ ਸੂਬੇ ਦੇ ਪੁਲਿਸ ਮੁਲਾਜ਼ਮਾਂ ਦੀ ਚੁਣੌਤੀਪੂਰਨ ਅਤੇ ਸਖ਼ਤ ਡਿਊਟੀ ਨੂੰ ਮਹਿਸੂਸ ਕਰਦੇ ਹੋਏ ਮੁੱਖ ਮੰਤਰੀ ਨੇ ਪੰਜਾਬ ਪੁਲਿਸ ਨੂੰ ਸਾਰੇ ਪੁਲਿਸ ਕਰਮੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਵਧਾਈ ਦੇਣ ਦੇ ਨਿਰਦੇਸ਼ ਦਿੱਤੇ ਹਨ ਤਾਂ ਜੋ ਅਸਲ ਅਰਥਾਂ ਵਿੱਚ ਪੁਲਿਸ ਮੁਲਾਜ਼ਮਾਂ ਵਿੱਚ ਆਪਸੀ ਸਾਂਝ ਅਤੇ ਮਿਲਵਰਤਨ ਦੀ ਭਾਵਨਾ ਪੈਦਾ ਕੀਤੀ ਜਾ ਸਕੇ।

ਜਿ਼ਕਰਯੋਗ ਹੈ ਕਿ ਮੁੱਖ ਮੰਤਰੀ ਅਤੇ ਡੀ.ਜੀ.ਪੀ. ਪੰਜਾਬ ਵੱਲੋਂ ਸਾਂਝੇ ਤੌਰ ਤੇ ਦਸਤਖਤ ਕੀਤੇ ਗਏ ਗ੍ਰੀਟਿੰਗ ਕਾਰਡ ਜਿਸ ਵਿੱਚ ਲਿਖਿਆ ਹੈ, “ਅੱਜ ਤੁਹਾਡੇ ਜਨਮਦਿਨਤੇ, ਅਸੀਂ ਤੁਹਾਨੂੰ ਦਿਲ ਦੀਆਂ ਗਹਿਰਾਈਆਂ ਤੋਂ ਮੁਬਾਰਕਬਾਦ ਦਿੰਦੇ ਹਾਂ ਅਤੇ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਆਉਣ ਵਾਲਾ ਸਾਲ ਤੁਹਾਡੇ ਅਤੇ ਤੁਹਾਡੇ ਪਰਿਵਾਰ ਲਈ ਚੜ੍ਹਦੀ ਕਲਾ ,ਚੰਗੀ ਸਿਹਤ,ਤੰਦਰੁਸਤੀ ਅਤੇ ਖੁਸ਼ੀਆਂ ਭਰਿਆ ਹੋਵੇ। ਅਸੀਂ ਇਹ ਵੀ ਆਸ ਕਰਦੇ ਹਾਂ ਕਿ ਤੁਸੀਂ ਆਪਣੀ ਡਿਊਟੀ ਮਿਹਨਤ, ਲਗਨ, ਅਤੇ ਇਮਾਨਦਾਰੀ ਨਾਲ ਨਿਭਾਉਂਦੇ ਹੋਏ ਆਮ ਲੋਕਾਂ ਦੀ ਸੇਵਾ ਕਰਦੇ ਰਹੋਗੇ।”