Connect with us

India

ਪੰਜਾਬ ਵੱਲੋਂ ਬਠਿੰਡਾ ਵਿੱਚ ਫਾਰਮਾਸਿਊਟੀਕਲ ਪਾਰਕ ਸਥਾਪਤ ਕਰਨ ਦੀ ਮੰਗ

Published

on

ਚੰਡੀਗੜ, 13 ਜੁਲਾਈ-ਪੰਜਾਬ ਦੇ ਵਿੱਤ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਨੇ ਅੱਜ ਰਸਾਇਣ ਅਤੇ ਖਾਦਾਂ ਬਾਰੇ ਕੇਂਦਰੀ ਮੰਤਰੀ ਸ੍ਰੀ ਡੀ.ਵੀ. ਸਦਾਨੰਦ ਗੌੜਾ ਨਾਲ ਮੁਲਾਕਾਤ ਕਰਕੇ ਬਠਿੰਡਾ ਵਿੱਚ ਕੌਮੀ ਪੱਧਰ ਦਾ ਫਾਰਮਾਸਿਊਟੀਕਲ ਪਾਰਕ ਸਥਾਪਤ ਕਰਨ ਦੀ ਮੰਗ ਕੀਤੀ।ਵਿੱਤ ਮੰਤਰੀ ਨੇ ਕੇਂਦਰੀ ਮੰਤਰੀ ਨੂੰ ਦੱਸਿਆ ਕਿ ਫਾਰਮਾਸਿਊਟੀਕਲ ਪਾਰਕ ਦੀ ਸਥਾਪਤੀ ਲਈ ਬਠਿੰਡਾ ਬਿਲਕੁਲ ਢੁਕਵਾਂ ਸਥਾਨ ਹੈ ਅਤੇ ਇਸ ਵਾਸਤੇ 1350 ਏਕੜ ਜ਼ਮੀਨ ਤਿਆਰ ਰੂਪ ’ਚ ਉਪਲੱਬਧ ਹੈ। ਇਹ ਜ਼ਮੀਨ ਬੰਦ ਪਏ ਬਠਿੰਡਾ ਥਰਮਲ ਪਲਾਂਟ ਦੀ ਹੈ। ਇਸ ਤੋਂ ਇਲਾਵਾ ਇਸ ਜਗਾ ਨੇੜੇ ਚਾਲੂ ਰੇਲਵੇ ਲਾਈਨ ਅਤੇ ਬੁਨਿਆਦੀ ਢਾਂਚਾ ਉਪਲੱਬਧ ਹੈ, ਜੋ ਫਾਰਮਾ ਉਦਯੋਗ ਲਈ ਢੋਆ-ਢੁਆਈ ਅਤੇ ਕੱਚੇ ਮਾਲ ਦੀ ਸਪਲਾਈ ਲਈ ਲਾਭਦਾਇਕ ਹੋਵੇਗੀ।         

ਮਨਪ੍ਰੀਤ ਸਿੰਘ ਬਾਦਲ ਨੇ ਪੰਜਾਬ ਦੇ ਇਸ ਮਾਮਲੇ ਨੂੰ ਰੱਖਣ ਲਈ ਮੌਕਾ ਦੇਣ ਵਾਸਤੇ ਤੁਰੰਤ ਹਾਂ-ਪੱਖੀ ਹੁੰਗਾਰਾ ਭਰਨ ਲਈ ਸ੍ਰੀ ਗੌੜਾ ਦਾ ਧੰਨਵਾਦ ਕੀਤਾ। ਕੇਂਦਰ ਸਰਕਾਰ ਵੱਲੋਂ ਦੇਸ਼ ਅੰਦਰ ਤਿੰਨ ਫਾਰਮਾਸਿਊਟੀਕਲ ਪਾਰਕਾਂ ਦੀ ਸਥਾਪਤੀ ਲਈ ਪਹਿਲਾਂ ਹੀ ਐਲਾਨ ਕੀਤਾ ਜਾ ਚੁੱਕਾ ਹੈ। ਵਿੱਤ ਮੰਤਰੀ ਨੇ ਕੇਂਦਰੀ ਮੰਤਰੀ ਨੂੰ ਇਸ ਜਗਾ ਦੇ ਦੌਰੇ ਲਈ ਇਕ ਟੀਮ ਭੇਜਣ ਲਈ ਵੀ ਬੇਨਤੀ ਕੀਤੀ। ਸ. ਮਨਪ੍ਰੀਤ ਬਾਦਲ ਨੇ ਦੱਸਿਆ ਕਿ ਬਠਿੰਡਾ ਵਿੱਚ ਪ੍ਰਸਤਾਵਿਤ ਪਾਰਕ, ਦਿੱਲੀ ਦੇ ਪੂਰੇ ਉੱਤਰੀ ਖੇਤਰ ਤੋਂ ਲੈ ਕੇ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਗੁਆਂਢੀ ਸੂਬੇ ਰਾਜਸਥਾਨ ਅਤੇ ਇੱਥੋਂ ਤੱਕ ਕਿ ਜੰਮੂ ਤੇ ਕਸ਼ਮੀਰ ਅਤੇ ਲੱਦਾਖ ਦੀਆਂ ਲੋੜਾਂ ਨੂੰ ਪੂਰਾ ਕਰ ਸਕਦਾ ਹੈ। ਉਨਾਂ ਅੱਗੇ ਕਿਹਾ ਕਿ ਪੰਜਾਬ ਵਿੱਚ ਫਾਰਮਾ ਉਦਯੋਗ ਲਈ ਸਾਜ਼ਗਾਰ ਮਾਹੌਲ ਹੈ ਕਿਉਂਕਿ ਯੂ.ਐਸ.ਐਫ.ਡੀ.ਏ. ਦੁਆਰਾ ਪ੍ਰਵਾਨਿਤ ਕੁਝ ਵੱਡੀਆਂ ਫਾਰਮਾਸਿਊਟੀਕਲ ਕੰਪਨੀਆਂ ਜਿਵੇਂ ਸਨ ਫਾਰਮਾ, ਸੈਂਟਰੀਐਂਟ ਅਤੇ ਆਈ.ਓ.ਐਲ. ਕੈਮੀਕਲਜ਼ ਪੰਜਾਬ ਵਿੱਚ ਪਹਿਲਾਂ ਹੀ ਸਥਾਪਤ ਹਨ।

ਉਨਾਂ ਕਿਹਾ ਕਿ ਨਾਈਪਰ (ਐਨ.ਆਈ.ਪੀ.ਈ.ਆਰ.), ਆਈਸਰ (ਆਈ.ਆਈ.ਐਸ.ਈ.ਆਰ.), ਇੰਸਟੀਚਿਊਟ ਆਫ ਮਾਈਕ੍ਰੋਬਾਇਲ ਰਿਸਰਚ, ਇੰਸਟੀਚਿਊਟ ਆਫ ਨੈਨੋ ਟੈਕਨਾਲੋਜੀ, ਅਤੇ ਏਮਸ ਵਰਗੇ ਇੰਸਟੀਚਿਊਟਸ ਦੀ ਮੌਜੂਦਗੀ ਨਾਲ ਪੰਜਾਬ ਢੁੱਕਵੇਂ ਮਾਹੌਲ ਵਾਲਾ ਸੰਭਾਵਨਾਵਾਂ ਭਰਭੂਰ ਸੂਬਾ ਹੈ ਅਤੇ ਇਹ ਪੰਜਾਬ ਵਿੱਚ ਕਾਰੋਬਾਰ ਸਥਾਪਤ ਕਰਨ ਦੀਆਂ ਚਾਹਵਾਨ ਕੰਪਨੀਆਂ ਲਈ ਕਾਫੀ ਲਾਭਕਾਰੀ ਸਿੱਧ ਹੋਵੇਗਾ।ਪੰਜਾਬ ਦੇ ਵਿੱਤ ਮੰਤਰੀ ਨੇ ਸ੍ਰੀ ਗੌੜਾ ਨੂੰ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 500 ਸਾਲਾ ਪ੍ਰਕਾਸ਼ ਪੁਰਬ ਮੌਕੇ ਪੰਜਾਬ ਨੂੰ ਬਠਿੰਡਾ ਥਰਮਲ ਪਲਾਂਟ ਤੋਹਫੇ ਵਿੱਚ ਮਿਲਿਆ ਸੀ। ਹੁਣ ਜਦੋਂ ਪੂਰਾ ਦੇਸ਼ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਮਨਾ ਰਿਹਾ ਹੈ ਤਾਂ ਇਸ ਮੌਕੇ ਫਾਰਮਾਸਿਊਟੀਕਲ ਪਾਰਕ ਸਥਾਪਤ ਕਰਨਾ ਗੁਰੂ ਸਾਹਿਬ ਨੂੰ ਢੁਕਵੀਂ ਸ਼ਰਧਾਂਜਲੀ ਹੋਵੇਗੀ। ਵਿੱਤ ਮੰਤਰੀ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਇਹ ਉਨਾਂ ਨੂੰ ਇੱਕ ਨਿਮਾਣੀ ਸ਼ਰਧਾਂਜਲੀ ਹੋਵੇਗੀ।ਇਸ ਤੋਂ ਬਾਅਦ ਸ. ਬਾਦਲ ਨੇ ਰਸਾਇਣ ਅਤੇ ਖਾਦਾਂ ਬਾਰੇ ਕੇਂਦਰੀ ਰਾਜ ਮੰਤਰੀ ਸ੍ਰੀ ਮਨਸੁਖ ਐਲ. ਮਾਂਡਵੀਆ ਨਾਲ ਮੀਟਿੰਗ ਕੀਤੀ ਅਤੇ ਉਨਾਂ ਨਾਲ ਭਵਿੱਖੀ ਪ੍ਰਾਜੈਕਟਾਂ ਲਈ ਰੂਪ-ਰੇਖਾ ਉਲੀਕਣ ਤੋਂ ਇਲਾਵਾ ਪੰਜਾਬ ਨਾਲ ਸਬੰਧਤ ਵੱਖ ਵੱਖ ਮੁੱਦਿਆਂ ’ਤੇ ਚਰਚਾ ਕੀਤੀ।

Continue Reading
Click to comment

Leave a Reply

Your email address will not be published. Required fields are marked *