India
ਰਾਹੁਲ ਗਾਂਧੀ ਨੇ ਪੱਤਰ ਭੇਜ ਕੇ ਸ਼ਹੀਦ ਮਨਦੀਪ ਸਿੰਘ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ

ਪਟਿਆਲਾ, 19 ਜੂਨ : ਲੋਕ ਸਭਾ ਮੈਂਬਰ ਅਤੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਨੇ ਅੱਜ ਪਟਿਆਲਾ ਜ਼ਿਲ੍ਹੇ ਦੇ ਪਿੰਡ ਸੀਲ ਦੇ ਵਾਸੀ ਸ਼ਹੀਦ ਨਾਇਬ ਸੂਬੇਦਾਰ ਮਨਦੀਪ ਸਿੰਘ ਦੇ ਪਰਿਵਾਰ ਨੂੰ ਇੱਕ ਪੱਤਰ ਲਿੱਖਕੇ ਦੁੱਖ ਸਾਂਝਾ ਕੀਤਾ ਹੈ। ਸ਼ਹੀਦ ਮਨਦੀਪ ਸਿੰਘ ਭਾਰਤ-ਚੀਨ ਸਰਹੱਦ ‘ਤੇ ਸਥਿਤ ਗਲਵਾਨ ਘਾਟੀ ਵਿਖੇ ਬੀਤੇ ਦਿਨੀਂ ਚੀਨ ਦੀ ਫ਼ੌਜ ਨਾਲ ਹੋਈ ਹਿੰਸਕ ਝੜਪ ਦੌਰਾਨ ਸ਼ਹੀਦ ਹੋ ਗਏ ਸਨ।
ਸ਼ਹੀਦ ਦੀ ਧਰਮ ਪਤਨੀ ਗੁਰਦੀਪ ਕੌਰ ਨੂੰ ਸੰਬੋਧਤ ਪੱਤਰ ਰਾਹੀਂ ਰਾਹੁਲ ਗਾਂਧੀ ਨੇ ਆਪਣੀ ਸੰਵੇਦਨਾ ਪ੍ਰਗਟ ਕਰਦਿਆਂ ਕਿਹਾ ਹੈ ਕਿ ”ਮਨਦੀਪ ਸਿੰਘ ਦੇ ਅਕਾਲ ਚਲਾਣੇ ਨਾਲ ਉਨ੍ਹਾਂ ਨੂੰ ਗਹਿਰਾ ਦੁੱਖ ਹੋਇਆ ਹੈ। ਅੱਜ ਪੂਰਾ ਦੇਸ਼ ਉਨ੍ਹਾਂ ਦੇ ਬਲਿਦਾਨ ਲਈ ਨਤਮਸਤਕ ਹੈ।”

ਲੋਕ ਸਭਾ ਮੈਂਬਰ ਰਾਹੁਲ ਗਾਂਧੀ ਦਾ ਇਹ ਪੱਤਰ ਜ਼ਿਲ੍ਹਾ ਪਟਿਆਲਾ ਪ੍ਰਸ਼ਾਸਨ ਵੱਲੋਂ ਸ਼ਹੀਦ ਦੀ ਮਾਤਾ ਸ਼ੰਕੁਤਲਾ ਕੌਰ, ਧਰਮ ਪਤਨੀ ਗੁਰਦੀਪ ਕੌਰ, ਬੇਟੀ ਮਹਿਕਪ੍ਰੀਤ ਕੌਰ ਅਤੇ ਬੇਟੇ ਜੋਬਨਪ੍ਰੀਤ ਸਿੰਘ ਨੂੰ ਸੌਂਪਿਆ ਗਿਆ। ਇਸ ਮੌਕੇ ਸ਼ਹੀਦ ਦੇ ਚਚੇਰੇ ਭਰਾ ਰਿਟਾਇਰਡ ਕੈਪਟਨ ਨਿਰਮਲ ਸਿੰਘ ਵੀ ਮੌਜੂਦ ਸਨ। ਰਾਹੁਲ ਗਾਂਧੀ ਨੇ ਆਪਣੇ ਪੱਤਰ ‘ਚ ਲਿਖਿਆ ਹੈ ਕਿ, ”ਹਰ ਭਾਰਤੀ ਦੀ ਸੁਤੰਤਰਤਾ, ਸੁਰੱਖਿਆ ਅਤੇ ਸ਼ਾਂਤੀ ਸੁਨਿਸਚਿਤ ਕਰਨ ਲਈ ਸ਼ਹੀਦ ਮਨਦੀਪ ਸਿੰਘ ਨੇ ਆਪਣਾ ਜੀਵਨ ਸਮਰਪਿਤ ਕਰ ਦਿੱਤਾ ਹੈ। ਅਸੀਂ ਉਨ੍ਹਾਂ ਦੇ ਸਾਹਸ ਅਤੇ ਦੇਸ਼ ਭਗਤੀ ਨੂੰ ਹਮੇਸ਼ਾ ਯਾਦ ਰੱਖਾਂਗੇ।”ਗਾਂਧੀ ਨੇ ਕਿਹਾ ਕਿ, ਉਹ ਇੱਕ ਰਾਸ਼ਟਰੀ ਨਾਇਕ ਦੀ ਸ਼ਹਾਦਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਸ਼ਹੀਦ ਦੇ ਪਰਿਵਾਰ ਦੇ ਸਾਹਸ ਨੂੰ ਸਲਾਮ ਕਰਦੇ ਹਨ। ਉਨ੍ਹਾਂ ਕਿਹਾ ਕਿ, ”ਇਸ ਮੁਸ਼ਕਿਲ ਦੀ ਘੜੀ ‘ਚ ਉਨ੍ਹਾਂ ਦੀ ਗਹਿਰੀ ਸੰਵੇਦਨਾ ਸ਼ਹੀਦ ਦੀ ਪਤਨੀ ਅਤੇ ਪੂਰੇ ਪਰਿਵਾਰ ਦੇ ਨਾਲ ਹੈ।”