Corona Virus
ਮੰਤਰੀ ਮੰਡਲ ਦੀ ਬੈਠਕ ਵਿੱਚੋ ਵਾਕਆਊਟ ਕਰਨ ਵਾਲਿਆਂ ‘ਤੇ ਰਵਨੀਤ ਬਿੱਟੂ ਨੇ ਕਸੇ ਤੰਜ

10 ਮਈ 2020: ਸੂਬੇ ਵਿੱਚ ਕੋਰੋਨਾ ਮਹਾਂਮਾਰੀ ਦਾ ਕਹਿਰ ਲਗਾਤਾਰ ਵੱਧ ਰਿਹਾ ਹੈ। ਜਿਸ ਦੇ ਮੱਦੇਨਜ਼ਰ ਪੰਜਾਬ ਕੈਬਨਿਟ ਤੋਂ ਪਹਿਲਾਂ ਸ਼ਨੀਵਾਰ ਨੂੰ ਮੰਤਰੀ ਮੰਡਲ ਦੀ ਇੱਕ ਮੀਟਿੰਗ ਹੋਈ। ਮੀਟਿੰਗ ਦੌਰਾਨ ਸਭ ਇਕ ਦੂਜੇ ਦੀ ਕਾਰਗੁਜ਼ਾਰੀ ‘ਤੇ ਸਵਾਲ ਚੁੱਕ ਰਹੇ ਸਨ। ਇਹ ਬਹਿਸ ਇਸ ਹੱਦ ਤੱਕ ਵੱਧ ਗਈ ਕਿ ਵਿੱਤ ਮੰਤਰੀ ਮਨਪ੍ਰੀਤ ਬਾਦਲ ਮੀਟਿੰਗ ਵਿੱਚੋਂ ਵਾਕਆਊਟ ਕਰ ਗਏ।
ਮਨਪ੍ਰੀਤ ਸਿੰਘ ਬਾਦਲ ਦੇ ਅਜਿਹੇ ਵਤੀਰੇ ‘ਤੇ ਕਾਂਗਰਸ ਦੇ ਰਾਜਸਭਾ ਸਾਂਸਦ ਰਵਨੀਤ ਬਿੱਟੂ ਨੇ ਤੰਜ ਕਸੇ।
ਬਿੱਟੂ ਨੇ ਟਵੀਟ ਕਰਕੇ ਕਿਹਾ-
ਕੋਰੋਨਾ ਮਹਾਂਮਾਰੀ ਦੌਰਾਨ ਮੰਤਰੀਆਂ ਅਤੇ ਅਫ਼ਸਰਸ਼ਾਹਾਂ ਵਿਚਕਾਰ ਤਾਲਮੇਲ ਮਜ਼ਬੂਤ ਹੋਣਾ ਚਾਹੀਦਾ ਹੈ ਪਰ ਮੰਤਰੀਆਂ ਨੂੰ ਆਪਣੇ ਅਯੋਗ ਵਿਵਹਾਰ ਲਈ ਵੀ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ ਕਿਉਂਕਿ ਕੰਮ ਦੇ ਦਬਾਅ ਨਾਲ ਨਿਪਟਣ ਦੇ ਕਈ ਹੋਰ ਵੀ ਸਮਰੱਥ ਹਨ।
ਇਸ ਦੇ ਨਾਲ ਹੀ ਬਿੱਟੂ ਨੇ ਵਿੰਸਟਨ ਚਰਚਿਲ ਦੀ ਪ੍ਰਸਿੱਧ ਲਿਖਤ ਦਾ ਹਵਾਲਾ ਦਿੰਦਿਆਂ ਕਿਹਾ “ਹਿੰਮਤ ਉਹ ਹੈ ਜੋ ਖੜ੍ਹੇ ਹੋ ਕੇ ਬੋਲ ਸਕੇ, ਹਿੰਮਤ ਉਹ ਵੀ ਹੈ ਜਿਸ ‘ਚ ਬੈਠ ਕੇ ਸੁਣਨ ਦੀ ਸਮਰੱਥਾ ਹੋਵੇ।” ਉਨ੍ਹਾਂ ਕਿਹਾ ਮੰਤਰੀ ਮੰਡਲ ਤੋਂ ਪਹਿਲਾਂ ਦੀ ਮੀਟਿੰਗ ਵਿਚ ਕੋਰੋਨਾ ਵਰਗੇ ਸੰਕਟ ਦੇ ਸਮੇਂ ਮੰਤਰੀਆਂ ਨੂੰ ਸੁਣਨ ਅਤੇ ਗੱਲਬਾਤ ਕਰਨ ਦੀ ਹਿੰਮਤ ਦਿਖਾਉਣੀ ਚਾਹੀਦੀ ਸੀ, ਵਾਕ ਆਊਟ ਨਹੀਂ ਕਰਨਾ ਚਾਹੀਦਾ ਸੀ।
ਇਸਦੇ ਨਾਲ ਹੀ ਰਵਨੀਤ ਬਿੱਟੂ ਨੇ ਕਿਹਾ ਜਿਸ ਤਰ੍ਹਾਂ ਮੰਤਰੀ, ਮੁਖੀ ਨਾਲ ਬਹਿਸ ਤੋਂ ਬਾਅਦ ਕੈਬਨਿਟ ਤੋਂ ਪਹਿਲਾਂ ਦੀ ਮੀਟਿੰਗ ਤੋਂ ਬਾਹਰ ਹੋ ਰਹੇ ਹਨ, ਇਹ ਇੰਝ ਜਾਪਦਾ ਹੈ ਜਿਵੇਂ ਜੱਜ ਵਕੀਲ ਨਾਲ ਬਹਿਸ ਤੋਂ ਬਾਅਦ ਅਦਾਲਤ ਤੋਂ ਬਾਹਰ ਚਲਾ ਗਿਆ ਹੋਵੇ। ਜੇ ਉਨ੍ਹਾਂ ਨੂੰ ਅਫ਼ਸਰਸ਼ਾਹੀ ਅਯੋਗ ਲੱਗੀ ਤਾਂ ਉਨ੍ਹਾਂ ਨੂੰ ਅਫ਼ਸਰਾਂ ਦੀ ਥਾਂ ਲੈਣੀ ਚਾਹੀਦੀ ਸੀ ਅਤੇ ਖੁਦ ਵਾਕ ਆਊਟ ਨਹੀਂ ਕਰਨਾ ਚਾਹੀਦਾ ਸੀ।