Connect with us

Punjab

ਔਰਤਾਂ ਦੇ ਸਸ਼ਕਤੀਕਰਨ ਲਈ ਨਵੀਂ ਪਹਿਲ- ਰਜ਼ੀਆ ਸੁਲਤਾਨਾ

Published

on

ਚੰਡੀਗੜ੍ਹ,

ਉਡਾਣ ਸਕੀਮ ਤਹਿਤ ਹੁਣ ਪੰਜਾਬ ਦੇ ਸਾਰੇ 27 ਹਜ਼ਾਰ 314 ਆਂਗਣਵਾੜੀ ਕੇਂਦਰਾਂ ‘ਤੇ ਜ਼ਰੂਰਤਮੰਦ ਔਰਤਾਂ ਨੂੰ ਹਰੇਕ ਮਹੀਨੇ ਮੁਫਤ ਵਿਚ ਸੈਨੇਟਰੀ ਪੈਡ ਮੁਹੱਈਆ ਕਰਵਾਏ ਜਾਣਗੇ। ਇਸ ਦੀ ਰਸਮੀ ਸ਼ੁਰੂਆਤ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਮੰਤਰੀ ਰਜ਼ੀਆ ਸੁਲਤਾਨਾ ਨੇ ਬੀਤੇ ਦਿਨੀਂ ਮਾਲੇਰਕੋਟਲਾ ਤੋਂ ਕਰ ਦਿੱਤੀ ਹੈ।

ਇਸ ਸਬੰਧੀ ਜ਼ਿਆਦਾ ਜਾਣਕਾਰੀ ਦਿੰਦਿਆਂ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਮੰਤਰੀ ਰਜ਼ੀਆ ਸੁਲਤਾਨਾ ਨੇ ਦੱਸਿਆ ਕਿ ਸੂਬੇ ਵਿਚ ਔਰਤਾਂ ਦੇ ਸਸ਼ਕਤੀਕਰਨ ਸਬੰਧੀ ਬਹੁਤ ਸਾਰੀਆਂ ਪਹਿਲਕਦਮੀਆਂ ਕੀਤੀਆਂ ਜਾ ਰਹੀਆਂ ਹਨ। ਇਸੇ ਤਹਿਤ ਹੁਣ ਸੂਬੇ ਦੇ ਸਾਰੇ ਆਂਗਣਵਾੜੀ ਕੇਂਦਰਾਂ ‘ਤੇ ਜ਼ਰੂਰਤਮੰਦ ਲੜਕੀਆਂ/ਔਰਤਾਂ ਨੂੰ ਪ੍ਰਤੀ ਮਹੀਨਾ 9 ਸੈਨੇਟਰੀ ਪੈਡ ਮੁਫਤ ਵਿਚ ਦਿੱਤੇ ਜਾਇਆ ਕਰਨਗੇ।

ਉਨ੍ਹਾਂ ਕਿਹਾ ਕਿ ਪਹਿਲੇ ਪੜਾਅ ਵਿਚ ਹਰੇਕ ਆਂਗਣਵਾੜੀ ਕੇਂਦਰ ਉੱਤੇ ਕਰੀਬ 50 ਲੜਕੀਆਂ/ਔਰਤਾਂ ਨੂੰ ਕਵਰ ਕੀਤਾ ਜਾ ਰਿਹਾ ਹੈ। ਇਸ ਤਰ੍ਹਾਂ ਹਰੇਕ ਮਹੀਨੇ 13 ਲੱਖ 65 ਹਜ਼ਾਰ 700 ਲਾਭਪਾਤਰੀਆਂ ਨੂੰ ਸੈਨੇਟਰੀ ਪੈਡ ਦਿੱਤੇ ਜਾਇਆ ਕਰਨਗੇ। ਹਰੇਕ ਮਹੀਨੇ ਵੰਡੇ ਜਾਣ ਵਾਲੇ ਸੈਨੇਟਰੀ ਪੈਡਾਂ ਦੀ ਕੁੱਲ ਗਿਣਤੀ 1 ਕਰੋੜ 22 ਲੱਖ 91 ਹਜ਼ਾਰ 300 ਬਣਦੀ ਹੈ। ਬੀਤੇ ਕੱਲ੍ਹ ਉਨ੍ਹਾਂ ਮਾਲੇਰਕੋਟਲਾ ਵਿਖੇ ਜ਼ਰੂਰਤਮੰਦ ਲੜਕੀਆਂ/ਔਰਤਾਂ ਨੂੰ ਸੈਨੇਟਰੀ ਪੈਡ ਵੰਡ ਕੇ ਇਸ ਸਕੀਮ ਦੀ ਰਸਮੀ ਸ਼ੁਰੂਆਤ ਕਰ ਦਿੱਤੀ ਹੈ। ਇਸ ਮੌਕੇ ਉਨ੍ਹਾਂ ਸੈਨਟਰੀ ਪੈਡ ਦਾ ਰਿਕਾਰਡ ਰੱਖਣ ਵਾਲੇ ਪ੍ਰੋਫਾਰਮੇ ਨੂੰ “ਐਮ-ਸੇਵਾ” ਐਪਲੀਕੇਸ਼ਨ ‘ਤੇ ਅੱਪਲੋਡ ਕਰਨ ਦੀ ਸ਼ੁਰੂਆਤ ਵੀ ਕੀਤੀ।

ਇਸ ਤੋਂ ਇਲਾਵਾ ਔਰਤਾਂ ਦੇ ਸਸ਼ਕਤੀਕਰਨ ਲਈ ਜ਼ਿਲ੍ਹਾ ਮਲੇਰਕੋਟਲਾ ਵਿੱਚ ਬੀਬੀਆਂ ਦੀ ਇਕ ਦੁਕਾਨ ਸਥਾਪਤ ਕੀਤੀ ਗਈ ਹੈ।ਇਸ ਦੁਕਾਨ ਵਿਚ ਔਰਤਾਂ ਆਪਣੇ ਘਰ ਦਾ ਬਣਿਆ ਸਮਾਨ ਵੇਚ ਕੇ ਆਰਥਿਕ ਤੌਰ ‘ਤੇ ਖੁਦ ਨੂੰ ਮਜ਼ਬੂਤ ਬਣਾ ਰਹੀਆਂ ਹਨ। ਰਜ਼ੀਆ ਸੁਲਤਾਨਾ ਨੇ ਦੱਸਿਆ ਕਿ ਪੰਜਾਬ ਵਿਚ ਲੜਕੀਆਂ ਦੀ ਦਰ ਵਿਚ ਵਾਧਾ ਕਰਨ ਲਈ ਵੀ ਸੂਬਾ ਸਰਕਾਰ ਵੱਲੋਂ ਸਾਰਥਕ ਯਤਨ ਕੀਤੇ ਜਾ ਰਹੇ ਹਨ। ‘ਬੇਟੀ ਬਚਾਓ ਬੇਟੀ ਪੜ੍ਹਾਓ’ ਸਕੀਮ ਤਹਿਤ ਜਿੱਥੇ ਲੜਕੀਆਂ ਦੇ ਮਾਪਿਆਂ ਨੂੰ ਸਨਮਾਨਿਆ ਜਾ ਰਿਹਾ ਹੈ ਉੱਥੇ ਹੀ ਨਵਜੰਮੀਆਂ ਬੱਚੀਆਂ ਨੂੰ ਮੁੱਢਲੀ ਲੋੜੀਂਦੀ ਕਿੱਟਾਂ ਮੁਹੱਈਆਂ ਕਰਵਾਈਆ ਜਾ ਰਹੀਆਂ ਹਨ। ਕਾਬਿਲੇਗੌਰ ਹੈ ਕਿ ਰਜ਼ੀਆ ਸੁਲਤਾਨਾ ਨੇ ਖੁਦ ਮਾਲੇਰਕੋਟਲਾ ਵਿਖੇ ਇਕ ਵਿਸ਼ੇਸ਼ ਸਮਾਗਮ ਦੌਰਾਨ 100 ਨਵਜੰਮੀਆਂ ਬੱਚੀਆਂ ਨੂੰ ਅਜਿਹੀਆਂ ਕਿੱਟਾਂ ਵੰਡੀਆਂ।

ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਡਾਇਰੈਕਟਰ ਡੀ.ਪੀ.ਐਸ. ਖਰਬੰਦਾ ਨੇ ਦੱਸਿਆ ਕਿ ਲੋਕਾਂ ਨੂੰ ਜਾਗਰੂਕ ਕਰਨ ਲਈ ਸਮਾਜਿਕ ਸੁਰੱਖਿਆ ਵਿਭਾਗ ਵੱਲੋਂ ਇਕ ਜਿੰਗਲ ਵੀ ਬਣਾਇਆ ਗਿਆ ਹੈ ਤਾਂ ਜੋ ਬੇਟੀਆਂ ਦੇ ਲਿੰਗ ਅਨੁਪਾਤ ਵਿੱਚ ਵਾਧਾ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਜਾਣਕਾਰੀ ਭਰਪੂਰ ਇਹ ਜਿੰਗਲ ਸਾਰੇ ਪੰਜਾਬ ਵਿਚ ਚਲਾਇਆ ਜਾਵੇਗਾ।