Punjab
ਪੈਟਰੋਲ ਦੋਪਹੀਆ ਵਾਹਨਾਂ ਦੀ ਰਜਿਸਟ੍ਰੇਸ਼ਨ ਅੱਜ ਤੋਂ ਬੰਦ
ਚੰਡੀਗੜ੍ਹ 27 ਅਕਤੂਬਰ 2023 : ਸ਼ਹਿਰ ਵਿੱਚ ਪੈਟਰੋਲ ਦੋਪਹੀਆ ਵਾਹਨਾਂ ਦੀ ਰਜਿਸਟ੍ਰੇਸ਼ਨ ਇੱਕ ਵਾਰ ਫਿਰ ਬੰਦ ਹੋਣ ਜਾ ਰਹੀ ਹੈ, ਕਿਉਂਕਿ ਹੁਣ ਇਲੈਕਟ੍ਰਿਕ ਵਹੀਕਲ (ਈਵੀ) ਪਾਲਿਸੀ ਤਹਿਤ ਸਿਰਫ਼ 100 ਦੇ ਕਰੀਬ ਪੈਟਰੋਲ ਦੋਪਹੀਆ ਵਾਹਨਾਂ ਦਾ ਕੋਟਾ ਬਚਿਆ ਹੈ। ਤਿਉਹਾਰਾਂ ਦੇ ਸੀਜ਼ਨ ਕਾਰਨ ਸ਼ਹਿਰ ਵਿੱਚ ਵਾਹਨਾਂ ਦੀ ਤੇਜ਼ੀ ਨਾਲ ਵਿਕਰੀ ਹੋ ਰਹੀ ਹੈ। ਇਹੀ ਕਾਰਨ ਹੈ ਕਿ ਰਾਹਤ ਦੇਣ ਦੇ ਬਾਵਜੂਦ ਕੋਟਾ ਖਤਮ ਹੋਣ ਵਾਲਾ ਹੈ। ਈਵੀ ਨੀਤੀ ਲਾਗੂ ਹੋਣ ਤੋਂ ਬਾਅਦ ਦੋ ਵਾਰ ਪੈਟਰੋਲ ਵਾਹਨਾਂ ਦੀ ਰਜਿਸਟ੍ਰੇਸ਼ਨ ਬੰਦ ਹੋ ਚੁੱਕੀ ਹੈ।
ਦੋ ਵਾਰ ਸੋਧਿਆ
ਪ੍ਰਸ਼ਾਸਨ ਨੇ 18 ਅਕਤੂਬਰ ਨੂੰ ਰਾਹਤ ਦਿੰਦਿਆਂ 1609 ਦੋਪਹੀਆ ਵਾਹਨਾਂ ਦੀ ਰਜਿਸਟ੍ਰੇਸ਼ਨ ਨੂੰ ਮਨਜ਼ੂਰੀ ਦਿੱਤੀ ਸੀ। ਇਸ ਤੋਂ ਬਾਅਦ ਰੋਜ਼ਾਨਾ 250 ਵਾਹਨਾਂ ਦੀ ਰਜਿਸਟ੍ਰੇਸ਼ਨ ਹੋਈ। ਇਸ ਸਾਲ ਨੀਤੀਗਤ ਟੀਚੇ ਦੇ ਤਹਿਤ ਹੁਣ ਸਿਰਫ਼ 225 ਪੈਟਰੋਲ ਦੋਪਹੀਆ ਵਾਹਨ ਹੀ ਰਜਿਸਟਰਡ ਹੋ ਸਕੇ ਹਨ। ਹੁਣ ਤੀਜੀ ਵਾਰ ਕੋਟਾ ਵਧਾਇਆ ਜਾਵੇਗਾ ਜਾਂ ਨਹੀਂ, ਇਸ ਬਾਰੇ ਪ੍ਰਸ਼ਾਸਨ ਦੇ ਅਧਿਕਾਰੀ ਕੁਝ ਵੀ ਕਹਿਣ ਨੂੰ ਤਿਆਰ ਨਹੀਂ ਹਨ। ਪ੍ਰਸ਼ਾਸਨ ਨੇ ਸਤੰਬਰ, 2022 ਵਿੱਚ ਈ.ਵੀ. ਨੀਤੀ ਦਾ ਐਲਾਨ ਕੀਤਾ ਗਿਆ ਸੀ ਅਤੇ 5 ਸਾਲਾਂ ਲਈ ਟੀਚੇ ਨਿਰਧਾਰਤ ਕੀਤੇ ਗਏ ਸਨ। ਪ੍ਰਸ਼ਾਸਨ ਨੇ ਕੈਪਿੰਗ ਨੂੰ ਬਹੁਤ ਸਖ਼ਤ ਕੀਤਾ ਸੀ। ਇਸ ਤੋਂ ਬਾਅਦ ਜੁਲਾਈ ਵਿੱਚ ਪਹਿਲੀ ਵਾਰ ਸੋਧ ਕਰਕੇ ਕੋਟਾ ਵਧਾਇਆ ਗਿਆ। ਹਾਲਾਂਕਿ, ਇਹ ਕੋਟਾ ਵੀ ਜਲਦੀ ਹੀ ਖਤਮ ਹੋ ਗਿਆ ਅਤੇ 18 ਅਕਤੂਬਰ ਨੂੰ ਦੂਜੀ ਵਾਰ ਸੋਧ ਕਰਨਾ ਪਿਆ।