Connect with us

India

Reliance ਤੇ Disney ਰਲੇਵੇਂ ਦੀ ਮਿਲੀ ਮਨਜ਼ੂਰੀ

Published

on

ਮੁਕੇਸ਼ ਅੰਬਾਨੀ ਦੀ ਅਗਵਾਈ ਵਾਲੀ ਰਿਲਾਇੰਸ ਇੰਡਸਟ੍ਰੀਜ਼ ਲਈ ਚੰਗੀ ਖਬਰ ਹੈ। ਰਿਲਾਇੰਸ ਇੰਡਸਟ੍ਰੀਜ਼ ਅਤੇ ਵਾਲਟ ਡਿਜ਼ਨੀ ਦੇ ਭਾਰਤੀ ਮੀਡੀਆ ਐਸੈਟ ਲਈ ਰਲੇਵੇਂ ਨੂੰ ਮਨਜ਼ੂਰੀ ਮਿਲ ਗਈ ਹੈ। ਭਾਰਤੀ ਮੁਕਾਬਲੇਬਾਜ਼ੀ ਕਮਿਸ਼ਨ ਭਾਵ ਸੀ. ਸੀ. ਆਈ. ਨੇ ਇਸ ਰਲੇਵੇਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ 8.5 ਅਰਬ ਡਾਲਰ ਦੀ ਡੀਲ ਹੈ। ਸੀ. ਸੀ. ਆਈ. ਨੇ ਇਹ ਮਨਜ਼ੂਰੀ ਕੁਝ ਸਵੈ-ਇਛੁਕ ਸੋਧਾਂ ਦੇ ਨਾਲ ਦਿੱਤੀ ਹੈ। ਸੀ. ਸੀ. ਆਈ. ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਇਕ ਪੋਸਟ ’ਚ ਇਹ ਜਾਣਕਾਰੀ ਦਿੱਤੀ।

6 ਮਹੀਨੇ ਪਹਿਲਾਂ ਹੋਈ ਸੀ ਡੀਲ

ਇਹ ਡੀਲ ਲਗਭਗ 6 ਮਹੀਨੇ ਪਹਿਲਾਂ ਹੋਈ ਸੀ। ਇਸ ਡੀਲ ਨੂੰ ਹੁਣ ਸੀ. ਸੀ. ਆਈ. ਨੇ ਦੋਵਾਂ ਪਾਰਟੀਆਂ ਵੱਲੋਂ ਪ੍ਰਸਤਾਵਿਤ ਕੁਝ ਸੋਧਾਂ ਦੇ ਨਾਲ ਮਨਜ਼ੂਰੀ ਦੇ ਦਿੱਤੀ ਹੈ। ਐਕਸ ’ਤੇ ਇਕ ਪੋਸਟ ’ਚ ਰੈਗੂਲੇਟਰੀ ਨੇ ਕਿਹਾ,‘ਰਿਲਾਇੰਸ ਇੰਡਸਟ੍ਰੀਜ਼ ਲਿਮਟਿਡ, ਵਾਇਆਕਾਮ 18 ਮੀਡੀਆ ਪ੍ਰਾਈਵੇਟ ਲਿਮਟਿਡ, ਡਿਜੀਟਲ 18 ਮੀਡੀਆ ਲਿਮਟਿਡ, ਸਟਾਰ ਇੰਡੀਆ ਪ੍ਰਾਈਵੇਟ ਲਿਮਟਿਡ ਅਤੇ ਸਟਾਰ ਟੈਲੀਵਿਜ਼ਨ ਪ੍ਰੋਡਕਸ਼ਨ ਲਿਮਟਿਡ ਨੂੰ ਸ਼ਾਮਲ ਕਰਨ ਵਾਲੇ ਪ੍ਰਸਤਾਵਿਤ ਸੁਮੇਲ ਨੂੰ ਸਵੈ-ਇਛੁਕ ਸੋਧਾਂ ਦੀ ਪਾਲਣਾ ਦੇ ਤਹਿਤ ਮਨਜ਼ੂਰੀ ਦੇ ਦਿੱਤੀ ਹੈ।’

ਰਿਲਾਇੰਸ ਕੋਲ ਹੋਵੇਗੀ 63.16 ਫੀਸਦੀ ਹਿੱਸੇਦਾਰੀ

ਹਾਲਾਂਕਿ ਸੀ. ਸੀ. ਆਈ. ਨੇ ਦੋਵੇਂ ਧਿਰਾਂ ਵੱਲੋਂ ਕੀਤੇ ਗਏ ਮੂਲ ਸੌਦਿਆਂ ’ਚ ਸਵੈ-ਇਛੁਕ ਸੋਧਾਂ ਦਾ ਖੁਲਾਸਾ ਨਹੀਂ ਕੀਤਾ। ਸੌਦੇ ਦੇ ਤਹਿਤ ਰਿਲਾਇੰਸ ਅਤੇ ਉਸ ਦੇ ਸਬਸਿਡਰੀਜ਼ ਰਲੇਵੇਂ ਨਾਲ ਬਣੀ ਕੰਪਨੀ ’ਚ 63.16 ਫੀਸਦੀ ਹਿੱਸੇਦਾਰੀ ਰੱਖਣਗੇ। ਰਲੇਵੇਂ ਨਾਲ ਬਣੀ ਕੰਪਨੀ ’ਚ 2 ਸਟ੍ਰੀਮਿੰਗ ਸੇਵਾਵਾਂ ਅਤੇ 120 ਟੈਲੀਵਿਜ਼ਨ ਚੈਨਲ ਹੋਣਗੇ। ਬਾਕੀ 36.84 ਫੀਸਦੀ ਹਿੱਸੇਦਾਰੀ ਵਾਲਟ ਡਿਜ਼ਨੀ ਰੱਖੇਗਾ।

ਰਿਲਾਇੰਸ ਇੰਡਸਟ੍ਰੀਜ਼ ਦਾ ਸ਼ੇਅਰ

ਬੰਬੇ ਸਟਾਕ ਐਕਸਚੇਂਜ ’ਤੇ ਰਿਲਾਇੰਸ ਇੰਡਸਟ੍ਰੀਜ਼ ਦਾ ਸ਼ੇਅਰ ਬੁੱਧਵਾਰ ਨੂੰ 0.16 ਫੀਸਦੀ ਜਾਂ 4.70 ਰੁਪਏ ਦੀ ਗਿਰਾਵਟ ਨਾਲ 2995.75 ਰੁਪਏ ’ਤੇ ਬੰਦ ਹੋਇਆ। ਇਸ ਸ਼ੇਅਰ ਦਾ 52 ਵੀਕ ਹਾਈ 3217.90 ਰੁਪਏ ਅਤੇ 52 ਵੀਕ ਲੋਅ 2201.05 ਰੁਪਏ ਹੈ। ਕੰਪਨੀ ਦਾ ਬਾਜ਼ਾਰ ਪੂੰਜੀਕਰਨ 20,26,869.04 ਕਰੋੜ ਰੁਪਏ ਹੈ।