Punjab
ਪਠਲਾਵਾ ਵਾਸੀ ਹਰਿੰਦਰ ਤੇ ਸੁਖਵਿੰਦਰ ਕੋਰੋਨਾ ’ਤੇ ਫ਼ਤਿਹ ਹਾਸਲ ਕਰ ਘਰਾਂ ਨੂੰ ਰਵਾਨਾ
ਲੋਕਾਂ ਨੂੰ ਦਿੱਤਾ ਸੁਨੇਹਾ- ਡਰਨ ਦੀ ਲੋੜ ਨਹੀਂ, ਬਲਕਿ ਵਾਇਰਸ ਤੋਂ ਬਚਣ ਲਈ ਹੱਥ ਵਾਰ-ਵਾਰ ਧੋਵੋ
ਨਵਾਂਸ਼ਹਿਰ, 13 ਅਪਰੈਲ: ਕੋਰੋਨਾ ਵਾਇਰਸ ਨੂੰ ਆਪਣੀ ਮਜ਼ਬੂਤ ਇੱਛਾ ਸ਼ਕਤੀ ਨਾਲ ਮਾਤ ਦੇਣ ਵਾਲੇ ਪਠਲਾਵਾ ਦੇ ਦੋ ਭਰਾ ਹਰਿੰਦਰ ਸਿੰਘ ਅਤੇ ਸੁਖਵਿੰਦਰ ਸਿੰਘ ਦਾ ਕਹਿਣਾ ਹੈ ਕਿ ਬਿਮਾਰੀ ਤੋਂ ਡਰਨ ਦੀ ਨਹੀਂ ਬਲਕਿ ਇਸ ਨਾਲ ਲੜਨ ਦੀ ਲੋੜ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਬਿਮਾਰੀ ਤੋਂ ਬਚਣ ਲਈ ਸਭ ਤੋਂ ਕਾਰਗਰ ਹਥਿਆਰ ਆਪਣੇ ਹੱਥਾਂ ਨੂੰ ਵਾਰ-ਵਾਰ ਧੋਣਾ ਅਤੇ ਆਪਣੀ ਤੇ ਆਲੇ-ਦੁਆਲੇ ਦੀ ਸਫ਼ਾਈ ਰੱਖਣਾ ਹੈ।
20 ਅਤੇ 21 ਅਪ੍ਰੈਲ ਦੀ ਵਿਚਕਾਰਲੀ ਰਾਤ ਨੂੰ ਜ਼ਿਲ੍ਹਾ ਹਸਪਤਾਲ ਦੇ ਆਈਸੋਲੇਸ਼ਨ ਵਾਰਡ ’ਚ ਕੋਵਿਡ-19 ਪਾਜ਼ੀਟਿਵ ਆਉਣ ਤੋਂ ਬਾਅਦ ਆਪਣੇ ਪਰਿਵਾਰ ਨਾਲ ਇੱਥੇ ਲਿਆਂਦੇ ਗਏ ਦੋਵੇਂ ਭਰਾਵਾਂ ਦਾ ਕਹਿਣਾ ਹੈ ਕਿ ਬਿਮਾਰੀ ਨੂੰ ਹਰਾਉਣ ਲਈ ਮਜ਼ਬੂਤ ਇੱਛਾ ਸ਼ਕਤੀ ਦੀ ਲੋੜ ਹੁੰਦੀ ਹੈ। ਇਸ ਦੇ ਨਾਲ ਹੀ ਹਸਪਤਾਲ ਦੇ ਸਟਾਫ਼ ਵੱਲੋਂ ਕੀਤੀ ਸੇਵਾ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਸੇਵਾ ਨੇ ਉਨ੍ਹਾਂ ਨੂੰ ਮਰੀਜ਼ ਵਾਂਗ ਮਹਿਸੂਸ ਨਹੀਂ ਹੋਣ ਦਿੱਤਾ ਅਤੇ ਅੱਜ ਇਸ ਸੇਵਾ ਦਾ ਨਤੀਜਾ ਹੀ ਹੈ ਕਿ ਉਹ ਆਪਣੇ ਘਰਾਂ ਨੂੰ ਸਿਹਤਮੰਦ ਹੋ ਕੇ ਜਾ ਰਹੇ ਹਨ।
ਦੋਵੇਂ ਭਰਾਵਾਂ ਦਾ ਕਹਿਣਾ ਸੀ ਕਿ ਕੋਰੋਨਾ ਵਾਇਰਸ ਉਸ ਹੱਦ ਤੱਕ ਹੀ ਖਤਰਨਾਕ ਹੈ, ਜਦੋਂ ਤੱਕ ਅਸੀਂ ਲਾਪ੍ਰਵਾਹ ਹਾਂ। ਜੇਕਰ ਅਸੀਂ ਆਪਣੇ ਪ੍ਰਤੀ ਸੁਹਿਰਦ ਹੋ ਜਾਂਦੇ ਹਾਂ ਤਾਂ ਅਸੀਂ ਇਸ ਦੇ ਪੀੜਤ ਹੋਣ ਦੇ ਬਾਅਦ ਵੀ ਪੂਰੇ ਹੌਂਸਲੇ ਨਾਲ ਇਸ ਦਾ ਮੁਕਾਬਲਾ ਕਰ ਸਕਦੇ ਹਾਂ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਦੱਸੀਆਂ ਸਾਵਧਾਨੀਆਂ ਦਾ ਪਾਲਣ ਜ਼ਰੂਰ ਕੀਤਾ ਜਾਵੇ ਅਤੇ ਜੇਕਰ ਫ਼ਿਰ ਵੀ ਕੋਈ ਵਿਅਕਤੀ ਇਸ ਤੋਂ ਪੀੜਤ ਹੋ ਵੀ ਜਾਵੇ ਤਾਂ ਬੁਲੰਦ ਹੌਂਸਲੇ ਨਾਲ ਇਸ ਦਾ ਮੁਕਾਬਲਾ ਕੀਤਾ ਜਾਵੇ ਅਤੇ ਇਸ ’ਤੇ ਜਿੱਤ ਪ੍ਰਾਪਤ ਕੀਤੀ ਜਾਵੇ।
ਜ਼ਿਕਰਯੋਗ ਹੈ ਕਿ ਜ਼ਿਲ੍ਹਾ ਹਸਪਤਾਲ ਦੇ ਆਈਸੋਲੇਸ਼ਨ ਵਾਰਡ ’ਚ ਤਾਇਨਾਤ ਸਟਾਫ਼ ਦਾ ਇਨ੍ਹਾਂ ਮਰੀਜ਼ਾਂ ਨਾਲ ਅਜਿਹਾ ਭਾਵੁਕ ਰਿਸ਼ਤਾ ਬਣਿਆ ਕਿ ਉਹ ਮਰੀਜ਼ਾਂ ਨੂੰ ਘਰ ਤੋਰਨ ਵੇਲੇ ਇਕੱਠੇ ਹੋ ਕੇ ਅਲਵਿਦਾ ਆਖਣ ਆਏ। ਐਸ ਐਮ ਓ ਡਾ. ਹਰਵਿੰਦਰ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਗੱਲ ਦੀ ਚਿੰਤਾ ਹੁੰਦੀ ਹੈ ਕਿ ਕੋਵਿਡ-19 ਮਰੀਜ਼ ਨੂੰ ਘਰ ਜਾਣ ਤੱਕ ਇੱਥੇ ਕੋਈ ਤਕਲੀਫ਼ ਨਾ ਆਵੇ। ਇਸੇ ਲਈ ਉਨ੍ਹਾਂ ਦੀ ਹਰ ਲੋੜ ਦਾ ਖਿਆਲ ਰੱਖਣ ਤੋਂ ਇਲਾਵਾ ਉਨ੍ਹਾਂ ਦੇ ਹੌਂਸਲੇ ਨੂੰ ਬੁਲੰਦ ਰੱਖਣ ਲਈ ਕੌਂਸਲਿੰਗ ਸੇਵਾਵਾਂ ਵੀ ਦਿੱਤੀਆਂ ਜਾਂਦੀਆਂ ਹਨ। ਐਸ ਐਮ ਓ ਡਾ. ਹਰਿਵੰਦਰ ਸਿੰਘ ਅਨੁਸਾਰ ਠੀਕ ਹੋਏ ਮਰੀਜ਼ਾਂ ਨੂੰ ਹਸਪਤਾਲ ਤੋਂ ਘਰ ਤੱਕ ਐਂਬੂਲੈਂਸ ’ਤੇ ਭੇਜਿਆ ਜਾ ਰਿਹਾ ਹੈ।