Corona Virus
ਜ਼ਿਲ੍ਹਾ ਪੁਲਿਸ ਵੱਲੋਂ ਨਵਾਂ ਸ਼ਹਿਰ ਦੇ ਸਫ਼ਾਈ ਕਰਮਚਾਰੀਆਂ ਦਾ ਨਿਵੇਕਲੇ ਢੰਗ ਨਾਲ ਸਨਮਾਨ

ਨਵਾਂਸ਼ਹਿਰ, 7 ਅਪ੍ਰੈਲ: ਜ਼ਿਲ੍ਹਾ ਪੁਲਿਸ ਦੀ ਐਸਬੀਐਸ ਨਗਰ ਪੁਲਿਸ ਹੈਲਪਿੰਗ ਹੈਂਡ ਸੰਸਥਾ ਵੱਲੋਂ ਐਸਐਸਪੀ ਅਲਕਾ ਮੀਨਾ ਦੀ ਅਗਵਾਈ ’ਚ ਸਫ਼ਾਈ ਕਰਮਚਾਰੀਆਂ ਦਾ ਨਿਵੇਕਲੇ ਢੰਗ ਨਾਲ ਸਨਮਾਨ ਕੀਤਾ ਗਿਆ।
ਸਥਾਨਕ ਨਗਰ ਕੌਂਸਲ ਦਫ਼ਤਰ ਵਿਖੇ 130 ਦੇ ਕਰੀਬ ਸਫ਼ਾਈ ਸੇਵਕਾਂ ਨੂੰ ਉਨ੍ਹਾਂ ਦੀ ਡਿਊਟੀ ਤੋਂ ਬਾਅਦ ਇੱਕ-ਇੱਕ ਮੀਟਰ ਦੇ ਫ਼ਾਸਲੇ ’ਤੇ ਖੜ੍ਹਾ ਕਰਕੇ ਉਨ੍ਹਾਂ ਦੇ ਗਲਾਂ ਵਿੱਚ ਫੁੱਲਾਂ ਦੇ ਹਾਰ ਪਾ ਕੇ ਸਨਮਾਨਿਤ ਕੀਤਾ ਗਿਆ। ਇੱਕ ਮਿੰਟ ਲਈ ਸਮੂਹ ਹਾਜ਼ਰੀਨਾਂ, ਜਿਨ੍ਹਾਂ ’ਚ ਹਲਕੇ ਦੇ ਐਮ ਐਲ ਏ ਸ. ਅੰਗਦ ਸਿੰਘ ਵੀ ਵਿਸ਼ੇਸ਼ ਤੌਰ ’ਤੇ ਪੁੱਜੇ ਸਨ, ਵੱਲੋਂ ਇੱਕ ਮਿੰਟ ਲਈ ਤਾੜੀਆਂ ਵਜਾ ਕੇ ਉਨ੍ਹਾਂ ਦਾ ਅਭਿਨੰਦਨ ਕੀਤਾ ਗਿਆ। ਇਸ ਤੋਂ ਬਾਅਦ ਹਰੇਕ ਕਰਮਚਾਰੀ ਨੂੰ ਜ਼ਿਲ੍ਹਾ ਪੁਲਿਸ ਵੱਲੋਂ ਇੱਕ-ਇੱਕ ਜੋੜਾ ਬੂਟਾਂ ਦਾ ਦਿੱਤਾ ਗਿਆ।
ਉਨ੍ਹਾਂ ਸਫ਼ਾਈ ਕਰਮਚਾਰੀਆਂ ਦਾ ਦਿਲ ਤੋਂ ਧੰਨਵਾਦ ਕਰਦਿਆਂ ਕਿਹਾ ਕਿ ਉਹ ਇਸ ਮੌਕੇ ਬਹੁਤ ਹੀ ਅਹਿਮ ਜ਼ਿੰਮੇਵਾਰੀ ਨਿਭਾਅ ਰਹੇ ਹਨ। ਉਨ੍ਹਾਂ ਕਿਹਾ ਕਿ ਕੋਵਿਡ-19 ਦੀ ਰੋਕਥਾਮ ਲਈ ਸਫ਼ਾਈ ਦਾ ਮਹੱਤਵਪੂਰਣ ਯੋਗਦਾਨ ਹੈ ਅਤੇ ਇਸ ਤੋਂ ਵੀ ਵੱਡੀ ਦਲੇਰੀ ਇਨ੍ਹਾਂ ਕਰਮਚਾਰੀਆਂ ਵੱਲੋਂ ਸਿਵਲ ਹਸਪਤਾਲ ਨਵਾਂਸ਼ਹਿਰ ਦੇ ਆਈਸੋਲੇਸ਼ਨ ਵਾਰਡਾਂ ਦੇ ਸੈਨੇਟਾਈਜ਼ ਕੀਤੇ ਠੋਸ ਕੂੜੇ ਦਾ ਨਿਪਟਾਰਾ ਕਰਕੇ ਦਿਖਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪੁਲਿਸ ਇਨ੍ਹਾਂ ਸਫ਼ਾਈ ਕਰਮਚਾਰੀਆਂ ਦਾ ਇਸ ਉਦਮ ਲਈ ਵਿਸ਼ੇਸ਼ ਤੌਰ ’ਤੇ ਧੰਨਵਾਦ ਕਰਦੀ ਹੈ ਅਤੇ ਉਨ੍ਹਾਂ ਨੂੰ ਇਹ ਛੋਟੀ ਜਿਹੀ ਭੇਟ ਪੇਸ਼ ਕਰਦੀ ਹੈ।

ਇਸ ਮੌਕੇ ਐਮ ਐਲ ਏ ਅੰਗਦ ਸਿੰਘ ਨੇ ਆਖਿਆ ਕਿ ਪੰਜਾਬ ’ਤੇ ਆਈ ਇਸ ਮੁਸ਼ਕਿਲ ਦੀ ਘੜੀ ’ਚ ਜਿਸ ਤਰ੍ਹਾਂ ਪ੍ਰਸ਼ਾਸਨ ਨੇ ਕੰਮ ਕੀਤਾ, ਉਸ ਦੀ ਜਿੰਨੀ ਸ਼ਲਾਘਾ ਕੀਤੀ ਜਾਵੇ ਥੋੜ੍ਹੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪੁਲਿਸ ਵੱਲੋਂ ਇਸ ਸਮੇਂ ਦੌਰਾਨ ਲੋਕਾਂ ਦੀ ਕੀਤੀ ਜਾ ਰਹੀ ਸੇਵਾ ਜਿਵੇਂ ਰਾਸ਼ਨ ਪਹੁੰਚਾਉਣਾ ਅਤੇ ਲੰਗਰ ਦੀ ਸੇਵਾ ਕਰਨਾ ਬਹੁਤ ਹੀ ਵਧੀਆ ਉਪਰਾਲਾ ਹੈ। ਉਨ੍ਹਾਂ ਨੇ ਜ਼ਿਲ੍ਹਾ ਪੁਲਿਸ ਵੱਲੋਂ ਅੱਜ ਅਸਲ ਨਾਇਕਾਂ ਸਫ਼ਾਈ ਸੇਵਕਾਂ ਨੂੰ ਮਾਣ-ਸਨਮਾਨ ਦੇਣ ਦੀ ਵੀ ਪ੍ਰਸ਼ੰਸਾ ਕੀਤੀ।