Punjab
ਪੰਜਾਬ ‘ਚ ਸੜਕਾਂ ਜਾਮ ਤੇ ਆਵਾਜਾਈ ਵੀ ਬੰਦ, ਜਾਣੋ 1-1ਜ਼ਿਲ਼੍ਹੇ ਦੀ ਹਾਲ!

ਦਿੱਲੀ ਕਿਸਾਨ ਅੰਦੋਲਨ ਦੌਰਾਨ ਕੇਂਦਰ ਸਰਕਾਰ ਵੱਲੋਂ ਮੰਨੀਆਂ ਗਈਆਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਸੰਭੂ ਅਤੇ ਖਨੌਰੀ ਬਾਰਡਰਾਂ ’ਤੇ ਮੋਰਚੇ ਲਗਾ ਕੇ ਬੈਠੇ ਕਿਸਾਨਾਂ ਵੱਲੋਂ ਅੱਜ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ। ਇਸ ਦੇ ਮੱਦੇਨਜ਼ਰ ਅੱਜ ਸੂਬੇ ਭਰ ‘ਚ ਸੜਕਾਂ ਜਾਮ ਹਨ ਅਤੇ ਆਵਾਜਾਈ ਵੀ ਬੰਦ ਕਰ ਦਿੱਤੀ ਗਈ ਹੈ। ਦੱਸ ਦੇਈਏ ਕਿ ਕਿਸਾਨਾਂ ਵੱਲੋਂ ਅੱਜ ਪੈਟਰੋਲ ਪੰਪ, ਗੈਸ ਸਟੇਸ਼ਨ, ਦੁਕਾਨਾਂ, ਦਫ਼ਤਰ ਆਦਿ ਬੰਦ ਰੱਖਣ ਦੇ ਨਾਲ-ਨਾਲ ਆਵਾਜਾਈ ਠੱਪ ਰੱਖਣ ਦਾ ਵੀ ਐਲਾਨ ਕੀਤਾ ਗਿਆ ਹੈ, ਜਿਸ ਦਾ ਅੱਜ ਦਿਨ ਚੜ੍ਹਦਿਆਂ ਹੀ ਅਸਰ ਦਿਸਣਾ ਸ਼ੁਰੂ ਹੋ ਗਿਆ। ਕੇਂਦਰ ਵੱਲੋਂ ਪ੍ਰਦਰਸ਼ਨਕਾਰੀ ਕਿਸਾਨਾਂ ਦੀਆਂ ਮੰਗਾਂ ਨਾ ਮੰਨੇ ਜਾਣ ਤੋਂ ਬਾਅਦ ਪਿਛਲੇ ਹਫ਼ਤੇ ਸੰਯੁਕਤ ਕਿਸਾਨ ਮੋਰਚਾ (ਐਸਕੇਐਮ) (ਗੈਰ-ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਨੇ ਬੰਦ ਦਾ ਸੱਦਾ ਦਿੱਤਾ ਸੀ।ਇਸ ਤਹਿਤ ਅੱਜ ਸਵੇਰੇ 7 ਵਜੇ ਤੋਂ ਸ਼ਾਮ 4 ਵਜੇ ਤਕ ਬੰਦ ਰਹੇਗਾ।
ਪਟਿਆਲਾ ਤੋਂ ਚੰਡੀਗੜ੍ਹ ਪੂਰੀ ਤਰ੍ਹਾਂ ਬੰਦ
ਪਟਿਆਲਾ ਦੇ ਧਰੇੜੀ ਜੱਟਾਂ ਟੋਲ ਪਲਾਜ਼ੇ ‘ਤੇ ਕਿਸਾਨਾਂ ਦੇ ਧਰਨੇ ਕਾਰਨ ਪਟਿਆਲਾ-ਚੰਡੀਗੜ੍ਹ ਕੌਮੀ ਮਾਰਗ ’ਤੇ ਵਾਹਨਾਂ ਦੀ ਆਵਾਜਾਈ ਠੱਪ ਕੀਤੀ ਗਈ ਹੈ। ਇਸ ਤਹਿਤ ਪਟਿਆਲਾ ਤੋਂ ਚੰਡੀਗੜ੍ਹ ਜਾਣ ਵਾਲਾ ਰੋਡ ਪੂਰੀ ਤਰ੍ਹਾਂ ਬੰਦ ਹੈ।
ਅੰਮ੍ਰਿਤਸਰ ਤੇ ਬਠਿੰਡਾ ‘ਚ ਸੜਕਾਂ ਅਤੇ ਆਵਾਜਾਈ ਬੰਦ
ਅੰਮ੍ਰਿਤਸਰ ਦੇ ਗੋਲਡਨ ਗੇਟ ‘ਤੇ ਕਿਸਾਨ ਇਕੱਠੇ ਹੋ ਗਏ ਜਦਕਿ ਬਠਿੰਡਾ ਦੇ ਰਾਮਪੁਰਾ ਫੂਲ ‘ਚ ਵੀ ਸੜਕਾਂ ਜਾਮ ਕੀਤੀਆਂ ਗਈਆਂ।ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ, “ਇਹ ਸਵੇਰੇ 7 ਵਜੇ ਤੋਂ ਸ਼ਾਮ 4 ਵਜੇ ਤਕ ਬੰਦ ਰਹੇਗਾ। ਹਾਲਾਂਕਿ ਐਮਰਜੈਂਸੀ ਸੇਵਾਵਾਂ ਚਲਦੀਆਂ ਰਹਿਣਗੀਆਂ। ਹਵਾਈ ਯਾਤਰਾ ਲਈ ਹਵਾਈ ਅੱਡੇ ‘ਤੇ ਜਾਣ ਵਾਲੇ, ਨੌਕਰੀ ਲਈ ਇੰਟਰਵਿਊ ਲਈ ਜਾਂ ਵਿਆਹਾਂ ਵਿਚ ਸ਼ਾਮਲ ਹੋਣ ਵਾਲੇ ਲੋਕਾਂ ਨੂੰ ਬੰਦ ਦੇ ਸੱਦੇ ਤੋਂ ਛੋਟ ਦਿਤੀ ਜਾਵੇਗੀ।
ਅਜਨਾਲਾ ਵੀ ਪੂਰੀ ਤਰ੍ਹਾਂ ਬੰਦ-
‘ਪੰਜਾਬ ਬੰਦ’ ਦੇ ਸੱਦੇ ਨੂੰ ਅਜਨਾਲਾ ‘ਚ ਭਰਵਾਂ ਹੁੰਗਾਰਾ ਮਿਲਦਾ ਨਜ਼ਰ ਆਇਆ। ਅੱਤ ਦੀ ਠੰਡ ‘ਚ ਅੱਜ ਤੜਕਸਾਰ ਕੀ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦੇ ਕਿਸਾਨ ਆਗੂਆਂ ਨੇ ਸਥਾਨਕ ਮੇਨ ਚੌਂਕ ਅਜਨਾਲਾ ‘ਚ ਨਾਕਾਬੰਦੀ ਕਰਕੇ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਪੰਜਾਬ ਬੰਦ ਦੇ ਸੱਦੇ ਦੀ ਜਾਣਕਾਰੀ ਦਿੱਤੀ।
ਨਕੋਦਰ ਤੇ ਆਸੇ ਪਾਸੇ ਸ਼ਹਿਰਾਂ ‘ਚ ਬੰਦ ਨੂੰ ਭਰਵਾਂ ਹੁੰਗਾਰਾ-
ਕਿਸਾਨ ਜਥੇਬੰਦੀਆਂ ਵੱਲੋਂ ਅੱਜ ਪੰਜਾਬ ਬੰਦ ਦੌਰਾਨ ਨਕੋਦਰ ਸ਼ਹਿਰਾਂ ਅਤੇ ਆਸ-ਪਾਸ ਦੇ ਇਲਾਕੇ ਅੰਦਰ ਇਸ ਬੰਦ ਦਾ ਮੁਕੰਮਲ ਤੌਰ ’ਤੇ ਅਸਰ ਵੇਖਣ ਨੂੰ ਮਿਲ ਰਿਹਾ ਹੈ। ਸ਼ਹਿਰਾਂ ’ਚ ਸਮੁੱਚੇ ਬਾਜ਼ਾਰ ਅਤੇ ਹੋਰ ਕਾਰੋਬਾਰ ਬੰਦ ਨਜ਼ਰ ਆਏ। ਇਸ ਤੋਂ ਇਲਾਵਾ ਨਕੋਦਰ-ਜਲੰਧਰ-ਮੋਗਾ-ਜਗਰਾਓਂ- ਲੁਧਿਆਣ ਹਾਈਵੇਅ ’ਤੇ ਵੀ ਸੰਨਾਟਾ ਛਾਇਆ ਹੋਇਆ ਹੈ। ਕਿਸਾਨਾਂ ਵੱਲੋਂ ਉੱਗੀ, ਮਹਿਤਪੁਰ, ਨੂਰਮਹਿਲ ਸਵੇਰੇ ਤੋਂ ਮੇਨ ਸੜਕ ਬੰਦ ਕਰ ਧਰਨਾ ਦਿੱਤਾ ਜਾ ਰਿਹਾ ਹੈ।
ਚੰਡੀਗੜ੍ਹ ਅਤੇ ਮੋਹਾਲੀ ਵੀ ਬੰਦ-
ਦੂਜੇ ਪਾਸੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਅਤੇ ਸਿੱਧੂਪੁਰ ਵਲੋਂ ਖਰੜ ਬੱਸ ਅੱਡੇ ‘ਤੇ ਧਰਨਾ ਦੇ ਕੇ ਚੱਕਾ ਜਾਮ ਕੀਤਾ ਗਿਆ ਹੈ। ਇਸ ਦੇ ਮੱਦੇਨਜ਼ਰ ਪੰਜਾਬ ਵਲੋਂ ਚੰਡੀਗੜ੍ਹ ਜਾਂ ਮੋਹਾਲੀ ਆਉਣ ਵਾਲੀਆਂ ਗੱਡੀਆਂ ਨੂੰ ਵਾਪਸ ਮੋੜਿਆ ਜਾ ਰਿਹਾ ਹੈ।
ਪਟਿਆਲਾ ‘ਚ ਗਰਮਾਇਆ ਮਾਹੌਲ-
ਪੰਜਾਬ ਦੌਰਾਨ ਅੱਜ ਪਟਿਆਲਾ ਦੇ ਭਾਦਸੋਂ ਰੋਡ ਅਤੇ ਆਨੰਦ ਨਗਰ ਬੀ ਇਲਾਕਿਆਂ ਸਮੇਂ ਮਾਹੌਲ ਗਰਮ ਗਿਆ ਜਦੋਂ ਖੁੱਲ੍ਹੀਆਂ ਦੁਕਾਨਾਂ ਦੇਖ ਕਿਸਾਨਾਂ ਨੇ ਆ ਕੇ ਜ਼ਬਰੀ ਬੰਦ ਕਰਵਾ ਦਿੱਤੀਆਂ। ਰੌਲਾ ਪੈਂਦਾ ਦੇਖ ਦੁਕਾਨਦਾਰਾਂ ਦੇ ਭੰਨ ਤੋੜ ਦੇ ਡਰੋਂ ਦੁਕਾਨਾਂ ਤੁਰੰਤ ਬੰਦ ਕਰ ਦਿੱਤੀਆਂ।
35ਵੇਂ ਦਿਨ ਡੱਲੇਵਾਲ ਦਾ ਮਰਨ ਵਰਤ ਜਾਰੀ-
ਦੱਸਣਯੋਗ ਹੈ ਕਿ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਅੱਜ 35ਵੇਂ ਦਿਨ ਵੀ ਜਾਰੀ ਰਿਹਾ। ਡੱਲੇਵਾਲ ਨੇ ਹੁਣ ਤਕ ਡਾਕਟਰੀ ਇਲਾਜ ਕਰਵਾਉਣ ਤੋਂ ਇਨਕਾਰ ਕੀਤਾ ਹੈ।
ਡੱਲੇਵਾਲ ਨੇ ਪਹਿਲਾਂ ਕਿਹਾ ਸੀ ਕਿ ਉਹ ਉਦੋਂ ਤੱਕ ਆਪਣਾ ਮਰਨ ਵਰਤ ਨਹੀਂ ਤੋੜਣਗੇ ਜਦੋਂ ਤਕ ਸਰਕਾਰ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨਦੀ। ਦੂਜੇ ਪਾਸੇ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ 31 ਦਸੰਬਰ ਤਕ ਦਾ ਸਮਾਂ ਦਿਤਾ ਹੈ ਕਿ ਉਹ ਡੱਲੇਵਾਲ ਨੂੰ ਹਸਪਤਾਲ ਵਿਚ ਭਰਤੀ ਕਰਵਾਉਣ ਲਈ ਮਨਾਵੇ ਅਤੇ ਸੂਬੇ ਨੂੰ ਵੀ ਲੋੜ ਪੈਣ ‘ਤੇ ਕੇਂਦਰ ਸਰਕਾਰ ਤੋਂ ਮਦਦ ਲੈਣ ਦੀ ਆਜ਼ਾਦੀ ਹੈ।
ਕੇਂਦਰ ਵੱਲੋਂ ਮੰਗਾਂ ਨਾ ਮੰਨੇ ਜਾਣ ਕਾਰਨ ਕਿਸਾਨਾਂ ਨੇ ਬੰਦ ਦਾ ਕੀਤਾ ਸੀ ਐਲਾਨ-
ਜ਼ਿਕਰਯੋਗ ਹੈ ਕਿ ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਦੇ ਬੈਨਰ ਹੇਠ ਕਿਸਾਨਾਂ ਨੇ ਸੁਰੱਖਿਆ ਬਲਾਂ ਵਲੋਂ ਦਿੱਲੀ ਵਿਚ ਦਾਖ਼ਲ ਹੋਣ ਤੋਂ ਰੋਕੇ ਜਾਣ ਤੋਂ ਬਾਅਦ 13 ਫ਼ਰਵਰੀ ਤੋਂ ਪੰਜਾਬ ਅਤੇ ਹਰਿਆਣਾ ਦੀਆਂ ਸਰਹੱਦਾਂ ਸ਼ੰਭੂ ਅਤੇ ਖਨੌਰੀ ਵਿਖੇ ਡੇਰੇ ਲਾਏ ਹੋਏ ਹਨ। 6 ਤੋਂ 14 ਦਸੰਬਰ ਦੇ ਵਿਚਕਾਰ 101 ਕਿਸਾਨਾਂ ਦੇ ਇੱਕ ਸਮੂਹ ਨੇ ਤਿੰਨ ਵਾਰ ਦਿੱਲੀ ਵੱਲ ਮਾਰਚ ਕਰਨ ਦੀ ਕੋਸ਼ਿਸ਼ ਕੀਤੀ, ਪਰ ਹਰਿਆਣਾ ਦੇ ਸੁਰੱਖਿਆ ਕਰਮਚਾਰੀਆਂ ਨੇ ਉਨ੍ਹਾਂ ਨੂੰ ਰੋਕ ਦਿੱਤਾ। MSP ਤੋਂ ਇਲਾਵਾ ਕਿਸਾਨ ਕਰਜ਼ਾ ਮੁਆਫ਼ੀ, ਪੈਨਸ਼ਨ, ਬਿਜਲੀ ਦਰਾਂ ਵਿਚ ਕੋਈ ਵਾਧਾ ਨਾ ਕਰਨ, ਪੁਲਿਸ ਕੇਸ ਵਾਪਸ ਲੈਣ ਅਤੇ 2021 ਲਖੀਮਪੁਰ ਖੇੜੀ ਹਿੰਸਾ ਦੇ ਪੀੜਤਾਂ ਲਈ ‘ਇਨਸਾਫ਼’ ਦੀ ਮੰਗ ਕਰ ਰਹੇ ਹਨ।