Connect with us

Punjab

Ventilator ਦੀ ਆੜ੍ਹ ‘ਚ ਲੁੱਟ- ਹਸਪਤਾਲਾਂ ਦਾ ਕਾਲਾ ਕਾਰੋਬਾਰ: ਜਵੰਦਾ ਕੇਸ ਨੇ ਖੋਲ੍ਹੀ ਪੋਲ- ਜ਼ਿੰਮੇਵਾਰ ਕੌਣ?

Published

on

 ਗਾਇਕ ਰਾਜਵੀਰ ਜਵੰਦਾ ਦਾ ਹਾਦਸਾ ਸਿਰਫ਼ ਇੱਕ ਦੁਰਘਟਨਾ ਨਹੀਂ ਸੀ, ਸਗੋਂ ਇਹ ਸਾਡੇ ਹੈਲਥ ਸਿਸਟਮ ਅੰਦਰ ਚੱਲ ਰਹੀ ਲੁੱਟ ਖਸੁੱਟ ਅਤੇ ਨਿਰਦਯਤਾ ਦੀ ਕਹਾਣੀ ਹੈ। ਕਿਹਾ ਜਾ ਰਿਹਾ ਹੈ ਕਿ ਹਾਦਸੇ ਤੋਂ ਥੋੜ੍ਹੀ ਦੇਰ ਬਾਅਦ ਹੀ ਜਵੰਦਾ ਦਾ ਬ੍ਰੇਨ ਡੈਡ ਹੋ ਗਿਆ ਸੀ, ਪਰ ਨਿੱਜੀ ਹਸਪਤਾਲ ਨੇ ਇਹ ਸੱਚ ਉਸਦੇ ਪਰਿਵਾਰ ਨਾਲ ਸਾਂਝਾ ਕਰਨ ਦੀ ਬਜਾਏ ਉਨ੍ਹਾਂ ਨੂੰ ਝੂਠੀ ਉਮੀਦ ਦੇ ਸਹਾਰੇ ਰੱਖਿਆ। ਵਾਰ ਵਾਰ ਕਿਹਾ ਗਿਆ ਕਿ ਹਾਲਤ ਸੁਧਰ ਰਹੀ ਹੈ, ਜਦੋਂ ਕਿ ਹਕੀਕਤ ਇਹ ਸੀ ਕਿ ਬ੍ਰੇਨ ਡੈਡ ਮਰੀਜ਼ ਦਾ ਬਚਣਾ ਨਾਮੁਮਕਿਨ ਹੁੰਦਾ ਹੈ। ਮੈਡੀਕਲ ਸਾਇੰਸ ਵਿੱਚ ਬ੍ਰੇਨ ਡੈਡ ਦਾ ਅਰਥ ਹੈ ਮਨੁੱਖੀ ਜੀਵਨ ਦਾ ਅੰਤ ਪਰ ਬਹੁਤੇ ਨਿੱਜੀ ਹਸਪਤਾਲ ਇਸ ਅੰਤ ਨੂੰ ਪਰਿਵਾਰਾਂ ਤੋਂ ਲੁਕਾ ਕੇ ਵੇਂਟੀਲੇਟਰ ਦੀ ਘੰਟਿਆਂ ਅਤੇ ਦਿਨਾਂ ਦੀ ਬਿਲਿੰਗ ਵਧਾਉਂਦੇ ਹਨ। ਇਹ ਮੈਡੀਕਲ ਸੇਵਾ ਨਹੀਂ, ਇੱਕ ਕਾਲਾ ਕਾਰੋਬਾਰ ਹੈ ਜਿਸ ਰਾਹੀਂ ਮਰੀਜ਼ ਦੀ ਮੌਤ ਤੋਂ ਵੀ ਲਾਭ ਲਿਆ ਜਾਂਦਾ ਹੈ।

ਹਰ ਘਰ ਦਾ ਕੋਈ ਮੈਂਬਰ ਜਦੋਂ ਹਸਪਤਾਲ ਵਿੱਚ ਦਾਖਲ ਹੁੰਦਾ ਹੈ, ਪਰਿਵਾਰ ਸਾਰੀ ਉਮੀਦ ਡਾਕਟਰਾਂ ਉੱਤੇ ਰੱਖਦਾ ਹੈ। ਜਦੋਂ ਉਹੀ ਡਾਕਟਰ ਸੇਵਾ ਦੀ ਥਾਂ ਲਾਲਚ ਦੇ ਹਥਿਆਰ ਨਾਲ ਖੇਡਣ ਲੱਗ ਪਏ ਤਾਂ ਇਹ ਸਿਸਟਮ ਦੀ ਸਭ ਤੋਂ ਵੱਡੀ ਨਾਕਾਮੀ ਹੈ। ਜਦੋਂ ਜਵੰਦਾ ਦੇ ਪਰਿਵਾਰ ਨੂੰ ਇਹ ਕਿਹਾ ਗਿਆ ਕਿ ਹਾਲਤ ਸੁਧਰ ਰਹੀ ਹੈ, ਉਹਨਾਂ ਨੇ ਪਾਣੀ ਵਾਂਗ ਪੈਸਾ ਰੋੜ੍ਹ ਕੇ ਆਪਣੇ ਪਿਆਰੇ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਪਰ ਹਸਪਤਾਲ ਨੂੰ ਪਤਾ ਸੀ ਕਿ ਉਹ ਮਰੀਜ਼ ਨਹੀਂ ਬਚ ਸਕਦਾ — ਫਿਰ ਵੀ ਬੈੱਡ ਰੈਂਟ, ਆਈ ਸੀ ਯੂ ਚਾਰਜ, ਵੇਂਟੀਲੇਟਰ ਫੀਸ, ਟੈਸਟਾਂ ਦੀ ਲੜੀ ਚਲਦੀ ਰਹੀ। ਇਹ ਕਿਹੜੀ ਡਾਕਟਰੀ ਹੈ ਜਿਸ ਵਿੱਚ ਜ਼ਮੀਰ ਤੋਂ ਵੱਡੀ ਚੀਜ਼ ਪੈਸਾ ਬਣ ਜਾਂਦਾ ਹੈ ?

ਸਰਕਾਰਾਂ ਦੀ ਖਾਮੋਸ਼ੀ ਇਸ ਮਾਮਲੇ ਵਿੱਚ ਹੋਰ ਵੀ ਜ਼ਿਆਦਾ ਚੁਭਦੀ ਹੈ। ਹਰ ਨਿੱਜੀ ਹਸਪਤਾਲ ਕਿਸੇ ਨਾ ਕਿਸੇ ਸਰਕਾਰੀ ਐਕਟ ਦੇ ਅਧੀਨ ਰਜਿਸਟਰ ਹੈ, ਪਰ ਨਿਗਰਾਨੀ ਕੇਵਲ ਕਾਗਜ਼ਾਂ ਤੱਕ ਸੀਮਿਤ ਰਹਿ ਗਈ ਹੈ। ਜਦੋਂ ਹਸਪਤਾਲਾਂ ਦੇ ਮਾਲਕ ਰਾਜਨੀਤਿਕ ਘਰਾਣਿਆਂ ਨਾਲ ਜੁੜੇ ਹੁੰਦੇ ਹਨ, ਤਾਂ ਉਨ੍ਹਾਂ ਉੱਤੇ ਕਾਰਵਾਈ ਕੌਣ ਕਰੇ? ਜਿਹੜੇ ਅਧਿਕਾਰੀ ਹਸਪਤਾਲਾਂ ਦੀ ਮਾਨੀਟਰਿੰਗ ਕਰਦੇ ਹਨ, ਉਹੀ ਅਕਸਰ ਉਨ੍ਹਾਂ ਦੇ ਮਹਿਮਾਨ ਬਣੇ ਬੈਠੇ ਹਨ। ਇਸ ਕਰਕੇ ਇਹ ਲੁੱਟ ਖੁੱਲ੍ਹੇਆਮ ਚੱਲ ਰਹੀ ਹੈ, ਤੇ ਮਰੀਜ਼ ਦੀ ਜ਼ਿੰਦਗੀ ਇੱਕ ਸੌਦੇ ਵਿੱਚ ਤਬਦੀਲ ਹੋ ਰਹੀ ਹੈ।

ਇਹ ਸਿਰਫ਼ ਰਾਜਵੀਰ ਜਵੰਦਾ ਦੀ ਗੱਲ ਨਹੀਂ, ਹਰ ਸ਼ਹਿਰ ਦੇ ਕਿਸੇ ਨਾ ਕਿਸੇ ਨਿੱਜੀ ਹਸਪਤਾਲ ਵਿੱਚ ਰੋਜ਼ਾਨਾ ਅਜਿਹੇ ਸੈਂਕੜੇ ਮਰੀਜ਼ ਹਨ ਜੋ ਬ੍ਰੇਨ ਡੈਡ ਹੋਣ ਦੇ ਬਾਵਜੂਦ ਮਸ਼ੀਨਾਂ ’ਤੇ ਜ਼ਿੰਦਾ ਦਿਖਾਏ ਜਾ ਰਹੇ ਹਨ। ਪਰਿਵਾਰਾਂ ਨੂੰ ਦੱਸਿਆ ਨਹੀਂ ਜਾਂਦਾ ਕਿ ਹੁਣ ਕੋਈ ਵਾਪਸੀ ਨਹੀਂ, ਸਿਰਫ਼ ਬਿਲਿੰਗ ਦੀ ਲੜੀ ਚਲਾਈ ਜਾਂਦੀ ਹੈ। ਇਹ ਸਿਸਟਮ ਸਿਰਫ਼ ਆਰਥਿਕ ਨਹੀਂ, ਮਨੁੱਖੀ ਪੱਧਰ ’ਤੇ ਵੀ ਅਨੈਤਿਕ ਹੋ ਚੁੱਕਾ ਹੈ।

ਜੇਕਰ ਸਰਕਾਰ ਸੱਚਮੁੱਚ ਜਵਾਬਦੇਹ ਹੈ ਤਾਂ ਉਸਨੂੰ ਹਰ ਨਿੱਜੀ ਹਸਪਤਾਲ ਦੀ ਮੌਤ ਰਿਪੋਰਟ, ਵੇਂਟੀਲੇਟਰ ਚਾਰਜ ਅਤੇ ਬਿਲਿੰਗ ਦੀ ਜਾਂਚ ਕਰਨੀ ਚਾਹੀਦੀ ਹੈ। ਬ੍ਰੇਨ ਡੈਡ ਡਿਕਲੇਅਰ ਕਰਨ ਲਈ ਸਰਕਾਰੀ ਬੋਰਡ ਦੀ ਮੌਜੂਦਗੀ ਲਾਜ਼ਮੀ ਬਣਾਈ ਜਾਵੇ। ਪਰਿਵਾਰ ਨੂੰ ਮੈਡੀਕਲ ਅਪਡੇਟ ਲਿਖਤੀ ਰੂਪ ਵਿੱਚ ਦਿੱਤੇ ਜਾਣੇ ਲਾਜ਼ਮੀ ਹੋਣ ਨਹੀਂ ਤਾਂ ਇਹ ਖੇਡ ਚੱਲਦੀ ਰਹੇਗੀ — ਮਰੀਜ਼ ਮਰਦੇ ਰਹਿਣਗੇ, ਪਰ ਹਸਪਤਾਲਾਂ ਦੇ ਖਾਤੇ ਭਰਦੇ ਰਹਿਣਗੇ।

ਰਾਜਵੀਰ ਜਵੰਦਾ ਵਰਗਾ ਨੌਜਵਾਨ ਸਿਰਫ਼ ਇੱਕ ਪਰਿਵਾਰ ਦਾ ਪੁੱਤਰ ਨਹੀਂ ਸੀ, ਸਗੋਂ ਕੌਮ ਦਾ ਕੀਮਤੀ ਹੀਰਾ ਸੀ। ਉਸਦੀ ਮੌਤ ਤੋਂ ਬਾਅਦ ਵੀ ਜੇਕਰ ਕਿਸੇ ਨੇ ਲਾਭ ਕਮਾਇਆ, ਤਾਂ ਇਹ ਸਿਰਫ਼ ਲਾਲਚ ਨਹੀਂ — ਇਹ ਮਨੁੱਖਤਾ ਉੱਪਰ ਦਾਗ਼ ਹੈ। ਜੇ ਅੱਜ ਇਹ ਸਵਾਲ ਨਾ ਉਠਾਇਆ ਗਿਆ ਕਿ ਨਿੱਜੀ ਹਸਪਤਾਲਾਂ ਨੂੰ ਕੌਣ ਪੁੱਛੇਗਾ, ਤਾਂ ਕੱਲ੍ਹ ਨੂੰ ਹੋਰ ਜਵੰਦੇ ਵੀ ਮਸ਼ੀਨਾਂ ਨਾਲ ਜੁੜੇ ਹੋਣਗੇ, ਜੀਵਨ ਨਹੀਂ ਸਗੋਂ ਮੁਨਾਫੇ ਦਾ ਸਰੋਤ ਬਣ ਕੇ। ਸੋ ਆਓ ਇਨ੍ਹਾਂ ਲੁਟੇਰਿਆਂ ਵਿਰੁੱਧ ਆਵਾਜ਼ ਉਠਾਈਏ।

 

 

ਕੁਲਵੰਤ ਸਿੰਘ ਗੱਗੜਪੁਰੀ