Connect with us

Punjab

ਭਰਤੀ ਕਮੇਟੀ ਦੀ ਨਵੀਂ ਪਾਰਟੀ ‘ਚ ਪ੍ਰਧਾਨਗੀ ਨੂੰ ਲੈ ਕੇ ਰੇੜਕਾ; ਪਾਰਟੀ ਦਾ ਐਲਾਨ ਅਗਸਤ ਦੇ ਪਹਿਲੇ ਹਫ਼ਤੇ

Published

on

ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਤੋਂ ਬਾਅਦ ਬਣੀ ਭਰਤੀ ਕਮੇਟੀ ਦੇ ਨਵੇਂ ਅਕਾਲੀ ਦਲ ਦਾ ਐਲਾਨ ਜੁਲਾਈ ਵਿੱਚ ਕਰਨ ਦੀ ਗੱਲ ਕਹੀ ਗਈ ਸੀ ਪਰ ਜੁਲਾਈ ਮਹੀਨੇ ਦੀ 9 ਤਰੀਕ ਹੋ ਚੁੱਕੀ ਹੈ ਪਰ ਅਜੇ ਤੱਕ ਕੋਈ ਐਲਾਨ ਨਹੀਂ ਕੀਤਾ ਗਿਆ। ਇਹ ਖ਼ਬਰਾਂ ਸੁਣਨ ਨੂੰ ਮਿਲ ਰਹੀਆਂ ਹਨ ਕਿ ਨਵੀਂ ਪਾਰਟੀ ਬਣਾਉਣ ਦੀ ਪ੍ਰੀਕਿਰਿਆ ਤਾਂ ਤਿਆਰ ਹੋ ਚੁੱਕੀ ਹੈ ਲੇਕਿਨ ਪ੍ਰਧਾਨ ਕੌਣ ਬਣੇਗਾ ਇਸ ਗੱਲ ਨੂੰ ਲੈ ਭਰਤੀ ਕਮੇਟੀ ਨੂੰ ਮੁਸ਼ਕਲਾਂ ਦਰਪੇਸ਼ ਆ ਰਹੀਆਂ ਹਨ। ਜਾਣਕਾਰ ਸੂਤਰਾਂ ਦਾ ਕਹਿਣਾ ਹੈ ਕਿ ਪ੍ਰਧਾਨਗੀ ਨੂੰ ਲੈ ਕੇ ਸਰਬਸੰਮਤੀ ਨਹੀਂ ਬਣ ਪਾ ਰਹੀ।

ਜਦੋਂ ਇਸ ਸਬੰਧ ਵਿੱਚ ਬਾਗੀ ਧੜੇ ਦੇ ਪ੍ਰਮੁੱਖ ਨੇਤਾ ਸ. ਸੁਰਜੀਤ ਸਿੰਘ ਰੱਖੜਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਖ਼ਬਰਾਂ ਸਹੀ ਨਹੀਂ ਹਨ ਕਿ ਨਵੀਂ ਪਾਰਟੀ ਦੀ ਪ੍ਰਧਾਨਗੀ ਨੂੰ ਲੈ ਕੇ ਕੋਈ ਦੁਬਿਧਾ ਹੈ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਤੁਸੀਂ ਜੁਲਾਈ ਵਿੱਚ ਨਵੀਂ ਪਾਰਟੀ ਦੇ ਐਲਾਨ ਦੀ ਗੱਲ ਕਹੀ ਸੀ ਪਰ ਅਜੇ ਤੱਕ ਕੋਈ ਐਲਾਨ ਨਹੀਂ ਹੋਇਆ ਤਾਂ ਉਨ੍ਹਾਂ ਕਿਹਾ ਕਿ ਅਗਸਤ ਮਹੀਨੇ ਦੇ ਪਹਿਲੇ ਹਫਤੇ ਨਵੀਂ ਪਾਰਟੀ ਦਾ ਐਲਾਨ ਕਰ ਦਿੱਤਾ ਜਾਵੇਗਾ। ਬਾਗੀ ਧੜੇ ਵਿਚਲੇ ਆਗੂਆਂ ਵਿੱਚ ਗਰਮ ਦਲੀਏ ਅਤੇ ਨਰਮ ਦਲੀਏ ਦੋਵੇਂ ਤਰ੍ਹਾਂ ਦੀ ਸੋਚ ਵਾਲੇ ਲੋਕ ਹਨ।

ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਗਰਮ ਦਲੀਏ ਅੰਮ੍ਰਿਤਪਾਲ ਸਿੰਘ ਦੀ ਪਾਰਟੀ ‘ਵਾਰਿਸ ਪੰਜਾਬ ਦੇ ‘ ਦੇ ਨਾਲ ਗਠਜੋੜ ਦੇ ਹਾਮੀ ਹਨ ਪਰ ਨਰਮ ਦਲੀਏ ਖਾਲਿਸਤਾਨੀ ਸੋਚ ਵਾਲੇ ਲੋਕਾਂ ਤੋਂ ਦੂਰੀ ਬਣਾ ਕੇ ਰੱਖਣ ਦੇ ਹੱਕ ਵਿੱਚ ਹਨ। ਹੁਣ ਜਲਦੀ ਹੀ ਤਰਨਤਾਰਨ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਹੋਣ ਵਾਲੀ ਕਿਉੰਕਿ ਉੱਥੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਡਾ. ਕਸ਼ਮੀਰ ਸਿੰਘ ਸੋਹਲ ਦੇ ਅਕਾਲ ਚਲਾਣਾ ਕਰ ਜਾਣ ਨਾਲ ਇਹ ਸੀਟ ਖਾਲੀ ਹੋ ਗਈ ਹੈ। ਅੰਮ੍ਰਿਤਪਾਲ ਸਿੰਘ ਦੀ ਪਾਰਟੀ ਨੇ ਤਰਨਤਾਰਨ ਜ਼ਿਮਨੀ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਭਰਤੀ ਕਮੇਟੀ ਦੀ ਨਵੀਂ ਪਾਰਟੀ ਇਸ ਜ਼ਿਮਨੀ ਚੋਣ ਲਈ ਇਕੱਲਿਆਂ ਮੈਦਾਨ ਵਿੱਚ ਉੱਤਰਦੀ ਹੈ ਜਾਂ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਨਾਲ ਗਠਜੋੜ ਕਰਦੀ ਹੈ ਜਾਂ ਫਿਰ ਚੋਣ ਵਿੱਚ ਉੱਤਰਦੀ ਦੀ ਹੀ ਨਹੀਂ। ਇਸ ਚੋਣ ਸੰਬੰਧੀ ਫੈਸਲਾ ਹੀ ਨਵੀਂ ਪਾਰਟੀ ਦੀ ਨੀਤੀ ਨੂੰ ਸਪੱਸ਼ਟ ਕਰ ਦੇਵੇਗਾ ਕਿ ਇਹ ਪਾਰਟੀ ਖਾਲਿਸਤਾਨੀ ਸੋਚ ਵਾਲੇ ਲੋਕਾਂ ਨਾਲ ਜਾਂਦੀ ਹੈ ਜਾਂ ਨਹੀਂ।

ਸੂਤਰਾਂ ਦਾ ਇਹ ਵੀ ਕਹਿਣਾ ਹੈ ਪ੍ਰਧਾਨਗੀ ਨੂੰ ਲੈ ਕੇ ਜੋ ਅਟਕਲਾਂ ਹਨ ਉਹ ਵੀ ਗਰਮ ਖਿਆਲੀ ਤੇ ਨਰਮ ਖਿਆਲੀ ਸੋਚ ਕਾਰਨ ਵੀ ਹੈ।ਜੇਕਰ ਨਵੀਂ ਪਾਰਟੀ ਵਿੱਚ ਸਰਬਸੰਮਤੀ ਨਹੀਂ ਬਣਦੀ ਅਤੇ ਆਪਸ ਵਿੱਚ ਅਹੁਦਿਆਂ ਨੂੰ ਲੈ ਕੇ ਟਕਰਾਓ ਵਾਲਾ ਮਹੌਲ ਬਣਦਾ ਹੈ ਤਾਂ ਅਕਾਲੀ ਦਲ ਦੇ ਤਿੰਨੇ ਧੜੇ ( ਬਾਦਲ ਦਲ, ਭਰਤੀ ਕਮੇਟੀ ਵਾਲਾ ਦਲ ਅਤੇ ਅੰਮ੍ਰਿਤਪਾਲ ਸਿੰਘ ਦੀ ਪਾਰਟੀ)ਬਰਾਬਰ ਬਰਾਬਰ ਵੋਟਰਾਂ ਨੂੰ ਆਪਣੇ ਨਾਲ ਜੋੜਨ ਵਿੱਚ ਸਫ਼ਲ ਹੋ ਜਾਣਗੇ ਜਿਸਦਾ ਲਾਭ ਕਿਸੇ ਵੀ ਦਲ ਨਹੀਂ ਹੋਣ ਵਾਲਾ ਸਗੋਂ ਇਸਦਾ ਲਾਭ ਆਮ ਆਦਮੀ ਪਾਰਟੀ, ਕਾਂਗਰਸ ਜਾਂ ਭਾਜਪਾ ਨੂੰ ਹੋਵੇਗਾ ਅਤੇ ਪੰਜਾਬ ਦੀ ਖੇਤਰੀ ਪਾਰਟੀ ਲੱਗਭਗ ਖਤਮ ਹੋਣ ਕਿਨਾਰੇ ਪਹੁੰਚ ਜਾਵੇਗੀ। ਖੇਤਰੀ ਪਾਰਟੀ ਦਾ ਬਚਣਾ ਪੰਜਾਬ ਦੇ ਹਿੱਤਾਂ ਲਈ ਬਹੁਤ ਜ਼ਰੂਰੀ ਹੈ। ਖ਼ੇਤਰੀ ਪਾਰਟੀ ਦੇ ਕਮਜ਼ੋਰ ਹੋਣ ਤੋਂ ਪੰਜਾਬ ਹਿਤੈਸ਼ੀ ਸਾਰੇ ਲੀਡਰ ਚਿੰਤਤ ਹਨ। ਇਹ ਚਿੰਤਾ ਕੁੱਝ ਆਗੂਆਂ ਨੇ ਸਵਰਗੀ ਸੁਖਦੇਵ ਸਿੰਘ ਢੀਂਡਸਾ ਦੇ ਭੋਗ ਸਮੇਂ ਜ਼ਾਹਿਰ ਵੀ ਕੀਤੀ ਸੀ।

ਇੱਥੋਂ ਤੱਕ ਕਿ ਭਾਜਪਾ ਨੇਤਾ ਸੁਨੀਲ ਜਾਖੜ ਅਤੇ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਵੀ ਖੇਤਰੀ ਪਾਰਟੀ ਦੀ ਮਜਬੂਤੀ ਦੀ ਵਕਾਲਤ ਕੀਤੀ ਸੀ। ਇਸ ਲਈ ਭਰਤੀ ਕਮੇਟੀ ਦੇ ਆਗੂਆਂ ਨੂੰ ਚਾਹੀਦਾ ਹੈ ਕਿ ਅਗਰ ਉਹ ਚਾਹੁੰਦੇ ਹਨ ਕਿ ਖੇਤਰੀ ਪਾਰਟੀ ਦੀ ਹੋਂਦ ਕਾਇਮ ਰਹੇ ਤਾਂ ਅਹੁਦਿਆਂ ਦੇ ਲਾਲਚਾਂ ਨੂੰ ਛੱਡ ਕੇ ਇੱਕ ਮਜ਼ਬੂਤ ਪਾਰਟੀ ਦਾ ਗਠਨ ਕਰਨ। ਜੇਕਰ ਸੰਭਵ ਹੋ ਸਕੇ ਤਾਂ ਸੁਖਬੀਰ ਸਿੰਘ ਬਾਦਲ ਨੂੰ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਜਾਵੇ। ਇਸਦੇ ਨਾਲ ਹੀ ਸੁਖਬੀਰ ਸਿੰਘ ਬਾਦਲ ਨੂੰ ਵੀ ਚਾਹੀਦਾ ਹੈ ਕਿ ਪਾਰਟੀ ਦੇ ਹਿੱਤਾਂ ਲਈ ਅਤੇ ਪੰਜਾਬ ਦੇ ਹਿੱਤਾਂ ਨੂੰ ਮੁੱਖ ਰੱਖਦਿਆਂ ਭਰਤੀ ਕਮੇਟੀ ਵਾਲੀ ਟੀਮ ਨਾਲ ਜੁੜ ਜਾਣ ਤੇ ਪ੍ਰਧਾਨਗੀ ਦਾ ਮੋਹ ਛੱਡ ਕੇ ਅਕਾਲੀ ਦਲ ਨੂੰ ਬਚਾਉਣ ਦੇ ਯਤਨ ਕਰਨ। ਅਗਰ ਬਾਗੀਆਂ ਵਿੱਚ ਪ੍ਰਧਾਨਗੀ ਨੂੰ ਲੈ ਕੇ ਸੰਮਤੀ ਨਹੀਂ ਬਣਦੀ ਅਤੇ ਸੁਖਬੀਰ ਸਿੰਘ ਬਾਦਲ ਪ੍ਰਧਾਨਗੀ ਦੀ ਕੁਰਸੀ ਨੂੰ ਜੱਫਾ ਮਾਰੀ ਰੱਖਦੇ ਹਨ ਤਾਂ ਖੇਤਰੀ ਪਾਰਟੀ ਨੂੰ ਬਚਾਉਣਾ ਔਖਾ ਹੋਵੇਗਾ। ਜੇਕਰ ਅਕਾਲੀ ਦਲ ਹੀ ਮਰਨ ਕਿਨਾਰੇ ਪਹੁੰਚ ਗਿਆ ਤਾਂ ਐਸੀ ਪਾਰਟੀ ਦੀ ਪ੍ਰਧਾਨਗੀ ਦਾ ਕੀ ਕਰੋਗੇ?ਫਿਰ ਵੀ ਲੋਕ ਭਰਤੀ ਕਮੇਟੀ ਦੀ ਨਵੀਂ ਪਾਰਟੀ ਨੂੰ ਲੈ ਆਸ਼ਾਵਾਦੀ ਹਨ।

ਕੁਲਵੰਤ ਸਿੰਘ ਗੱਗੜਪੁਰੀ