Connect with us

Punjab

ਪਤੀ ਦੇ ਪ੍ਰੇਮ ਸਬੰਧਾਂ ਤੋਂ ਦੁਖੀ ਪਤਨੀ ਨੇ ਕੀਤੀ ਖੁਦਕੁਸ਼ੀ, ਪਿਤਾ ਨੇ ਲਗਾਇਆ ਇਲਜ਼ਾਮ

Published

on

ਪਤੀ ਦੇ ਰਿਸ਼ਤੇ ਤੋਂ ਦੁਖੀ ਹੋ ਕੇ ਮੁਕਤਸਰ ‘ਚ ਇਕ ਵਿਆਹੁਤਾ ਨੇ ਜ਼ਹਿਰੀਲੀ ਦਵਾਈ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਇਸ ਮਾਮਲੇ ਵਿੱਚ ਥਾਣਾ ਕਬਰਵਾਲਾ ਦੀ ਪੁਲੀਸ ਨੇ ਪਤੀ, ਉਸ ਦੀ ਪ੍ਰੇਮਿਕਾ ਅਤੇ ਪ੍ਰੇਮਿਕਾ ਦੇ ਪਤੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

ਥਾਣਾ ਕਬਰਵਾਲਾ ਨੂੰ ਦਿੱਤੀ ਸ਼ਿਕਾਇਤ ਵਿੱਚ ਥੰਮਣ ਸਿੰਘ ਪੁੱਤਰ ਗੱਦਾਦ ਸਿੰਘ ਵਾਸੀ ਭੋਡੀਪੁਰ ਵਕੀਲਾਂ ਵਾਲੀ ਬਸਤੀ ਫ਼ਿਰੋਜ਼ਪੁਰ ਨੇ ਦੱਸਿਆ ਕਿ ਉਸ ਦੀ ਲੜਕੀ ਕੁਲਵਿੰਦਰ ਕੌਰ ਦਾ ਵਿਆਹ ਪਿੰਡ ਕੱਟਿਆਂਵਾਲੀ ਦੇ ਵਾਸੀ ਸਵਰਨ ਸਿੰਘ ਪੁੱਤਰ ਜੋਗਿੰਦਰ ਸਿੰਘ ਨਾਲ ਹੋਇਆ ਸੀ।

ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਦੇ ਜਵਾਈ ਸਵਰਨ ਸਿੰਘ ਦੇ ਇੱਕ ਵਿਆਹੁਤਾ ਔਰਤ ਸ਼ਿਮਲਾ ਰਾਣੀ ਪਤਨੀ ਪਰਮਜੀਤ ਸਿੰਘ ਵਾਸੀ ਫਲੀਆਂਵਾਲੀ ਨਾਲ ਨਾਜਾਇਜ਼ ਸਬੰਧ ਸਨ। ਉਸ ਦਾ ਜਵਾਈ, ਉਸ ਦੀ ਪ੍ਰੇਮਿਕਾ ਅਤੇ ਉਸ ਦੀ ਪ੍ਰੇਮਿਕਾ ਦਾ ਪਤੀ ਅਕਸਰ ਉਸ ਦੀ ਲੜਕੀ ਕੁਲਵਿੰਦਰ ਕੌਰ ਨੂੰ ਘਰੋਂ ਕੱਢਣ ਲਈ ਤੰਗ ਪ੍ਰੇਸ਼ਾਨ ਕਰਦੇ ਸਨ। ਇਹ ਗੱਲ ਉਸ ਦੀ ਧੀ ਨੇ ਉਸ ਨੂੰ ਕਈ ਵਾਰ ਦੱਸੀ। ਕੁਝ ਦਿਨ ਪਹਿਲਾਂ ਉਸ ਦੀ ਲੜਕੀ ਨੇ ਉਸ ਨੂੰ ਫੋਨ ਕਰਕੇ ਦੱਸਿਆ ਕਿ ਉਹ ਉਕਤ ਵਿਅਕਤੀਆਂ ਤੋਂ ਤੰਗ ਆ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਜਾ ਰਹੀ ਹੈ, ਜਿਸ ਤੋਂ ਬਾਅਦ ਧੀ ਕੁਲਵਿੰਦਰ ਕੌਰ ਨੇ ਜ਼ਹਿਰੀਲੀ ਦਵਾਈ ਨਿਗਲ ਕੇ ਖੁਦਕੁਸ਼ੀ ਕਰ ਲਈ।

ਐਸਆਈ ਮਹਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਦੇ ਪਿਤਾ ਦੇ ਬਿਆਨਾਂ ’ਤੇ ਉਸ ਦੇ ਪਤੀ ਸਵਰਨ ਸਿੰਘ, ਪਤੀ ਦੀ ਪ੍ਰੇਮਿਕਾ ਸ਼ਿਮਲਾ ਰਾਣੀ ਅਤੇ ਉਸ ਦੇ ਪਤੀ ਪਰਮਜੀਤ ਖ਼ਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਫਿਲਹਾਲ ਦੋਸ਼ੀ ਪੁਲਸ ਦੀ ਗ੍ਰਿਫਤ ਤੋਂ ਬਾਹਰ ਹਨ। ਉਸ ਦੀ ਭਾਲ ਜਾਰੀ ਹੈ।