Connect with us

Punjab

ਸਫ਼ਰ-ਏ-ਸ਼ਹਾਦਤ: 12 ਪੋਹ ਦਾ ਇਤਿਹਾਸ

Published

on

ਸੂਬਾ ਸਰਹਿੰਦ ਦੀ ਕਚਹਿਰੀ ਵਿਚ ਅੱਜ ਨਵਾਬ ਮਲੇਰਕੋਟਲਾ ਸ਼ੇਰ ਮੁਹੰਮਦ ਖਾਨ ਵੀ ਮੌਜੂਦ ਸੀ। ਫਿਰ ਬੁਲੰਦ ਆਵਾਜ਼ ਵਿੱਚ ਸਾਹਿਬਜ਼ਾਦਿਆਂ ਨੇ ਆ ਕੇ ਜੈਕਾਰਾ ਗਜਾਇਆ ਅਤੇ ਫਤਿਹ ਬੁਲਾਈ। ਜਨਤਾ ਵੀ ਮਾਸੂਮਾਂ ਉਪਰ ਚਲਾਏ ਜਾ ਰਹੇ ਇਸ ਅਨੋਖੇ ਮੁਕੱਦਮੇ ਨੂੰ ਵੇਖਣ ਲਈ ਇਕੱਠੀ ਹੋਈ ਸੀ। ਫਿਰ ਓਹੀ ਗੱਲਾਂ ਦੁਹਰਾਈਆਂ ਗਈਆਂ ਕਿ ਇਸਲਾਮ ਵਿੱਚ ਆ ਜਾਓ ਕਿਉਂਕਿ ਤੁਹਾਡਾ ਪਿਤਾ ਭਰਾ ਅਤੇ ਸਿੰਘ ਅਸੀਂ ਖਤਮ ਕਰ ਦਿੱਤੇ ਨੇ ਹੁਣ ਤੁਸੀਂ ਕਿਸੇ ਪਾਸੇ ਨਹੀਂ ਜਾ ਸਕਦੇ। ਹਿੰਦੁਸਤਾਨ ਦਾ ਬਾਦਸ਼ਾਹ ਔਰੰਗਜ਼ੇਬ ਤੁਹਾਨੂੰ ਕੁਝ ਇਲਾਕੇ ਦਾ ਰਾਜ ਭਾਗ ਵੀ ਦੇਵੇਗਾ ਤੁਸੀਂ ਬਹੁਤ ਸੁੱਖ ਮਾਣੋਗੇ ਨਹੀਂ ਤੇ ਮਾਰੇ ਜਾਓਗੇ।

ਇਹ ਸੁਣ ਕੇ ਬਾਬਾ ਜ਼ੋਰਾਵਰ ਸਿੰਘ ਜੀ ਬੁਲੰਦ ਅਵਾਜ਼ ਵਿੱਚ ਬੋਲੇ ਕਿ ਅਸੀਂ ਤੁਹਾਨੂੰ ਆਪਣੇ ਨਿਸ਼ਚੇ ਬਾਰੇ ਦੱਸ ਚੁੱਕੇ ਹਾਂ ਕਿ ਸਾਨੂੰ ਸਾਡਾ ਧਰਮ ਜਾਨ ਤੋਂ ਵੀ ਪਿਆਰਾ ਹੈ। ਇਸ ਲਈ ਤੁਸੀਂ ਇਹ ਸੋਚ ਵੀ ਕਿਵੇਂ ਸਕਦੇ ਹੋ ਕਿ ਅਸੀਂ ਆਪਣਾ ਧਰਮ ਤਿਆਗ ਦੇਵਾਂਗੇ। ਵੈਸੇ ਵੀ ਤੁਹਾਡੀ ਹੀ ਸ਼ਰ੍ਹਾ ਵਿੱਚ ਸਾਫ਼ ਲਿਖਿਆ ਹੈ ਕਿ ਕਦੇ ਵੀ ਧੱਕੇ ਨਾਲ ਦੀਨ ਨੂੰ ਨਾ ਫੈਲਾਓ ਪਰ ਤੁਸੀਂ ਧਰਮ ਪਰਿਵਰਤਨ ਕਰਾਉਣ ਲਈ ਹਰ ਤਰ੍ਹਾਂ ਦਾ ਜ਼ੁਲਮ ਅਤੇ ਧੱਕਾ ਵਰਤ ਰਹੇ ਹੋ ਜੋ ਜਾਇਜ਼ ਨਹੀਂ ਹੈ:

ਬਾਬਾ ਫ਼ਤਹਿ ਸਿੰਘ ਜੀ ਨਾਲ ਹੀ ਬੋਲੇ ਕਿ ਐ ਜ਼ਾਲਮੋਂ! ਤੁਹਾਨੂੰ ਚੰਗੀ ਤਰ੍ਹਾਂ ਯਾਦ ਹੋਣਾ ਚਾਹੀਦਾ ਹੈ ਕਿ ਤੁਹਾਡੇ ਸ਼ਾਹ (ਔਰੰਗਜ਼ੇਬ) ਨੇ ਸਾਡੇ ਦਾਦਾ ਜੀ ਮੂਹਰੇ ਵੀ ਇਹੋ ਸ਼ਰਤਾਂ ਰੱਖੀਆਂ ਸਨ ਜੋ ਉਹਨਾਂ ਨੇ ਜੁੱਤੀ ਦੀ ਨੋਕ ਨਾਲ ਠੁਕਰਾ ਦਿੱਤੀਆਂ ਸਨ । ਸ਼ਰ੍ਹਾ ਵਿੱਚ ਆਉਣ ਬਦਲੇ ਜੋ ਤੁਸੀਂ ਸਾਨੂੰ ਲਾਲਚ ਦੇ ਰਹੇ ਹੋ ਅਸੀਂ ਉਹਨਾਂ ਲਾਲਚਾਂ ਦੇ ਸਿਰ ਜੁੱਤੀ ਮਾਰਦੇ ਹਾਂ । ਅਸੀਂ ਆਪਣੇ ਅਕੀਦੇ ਵਿੱਚ ਬਿਲਕੁਲ ਪ੍ਰਪੱਕ ਹਾਂ । ਅਸੀਂ ਉਸ ਵੰਸ਼ ਦੇ ਵਾਰਿਸ ਹਾਂ ਜੋ ਸਿਰ ਤਾਂ ਕਟਵਾ ਦੇਵੇਗੀ ਪਰ ਧਰਮ ਨਹੀਂ ਤਿਆਗੇਗਾ । ਸਾਡਾ ਸੱਚਾ ਧਰਮ ਸਦਾ ਸਾਡੇ ਅੰਗ ਸੰਗ ਰਹੇਗਾ ਅਤੇ ਆਖਰੀ ਸਵਾਸ ਤੱਕ ਅਸੀਂ ਇਸ ਧਰਮ ਨੂੰ ਨਿਭਾਵਾਂਗੇ । ਜ਼ਾਲਮ ਦੀਆਂ ਜੜ੍ਹਾਂ ਉਖਾੜਨ ਲਈ ਅਸੀਂ ਸਿਰ ਦੀ ਬਾਜ਼ੀ ਲਗਾਉਣ ਤੋਂ ਨਹੀਂ ਡਰਦੇ ।

ਇੱਥੇ ਦੱਸ ਦੇਈਏ ਕਿ ਸੂਬਾ ਸਰਹੰਦ ਦੀ ਕਚਹਿਰੀ ਵਿੱਚ ਨਵਾਬ ਮਲੇਰਕੋਟਲਾ ਸ਼ੇਰ ਮੁਹੰਮਦ ਖਾਂ ਨੇ ਸਾਹਿਬਜ਼ਾਦਿਆਂ ਦੇ ਹੱਕ ਵਿੱਚ ਹਾਂ ਦਾ ਨਾਅਰਾ ਮਾਰਿਆ ਸੀ ਗੁੱਸੇ ਵਿੱਚ ਕਚਹਿਰੀ ਛੱਡ ਨਵਾਬ ਮਲੇਰਕੋਟਲਾ ਉੱਥੋ ਚਲੇ ਗਏ ਸੀ। ਨਵਾਬ ਮਲੇਰਕੋਟਲੇ ਦੇ ਮੂੰਹੋ ਇਹ ਸੁਣਦਿਆਂ ਸਾਰ ਹੀ ਸੁੱਚਾ ਨੰਦ ਨੇ ਫਿਰ ਕਮੀਨਗੀ ਦੀਆਂ ਹੱਦਾਂ ਪਾਰ ਕਰਦਿਆਂ ਸੂਬਾ ਸਰਹੰਦ ਦੇ ਕੰਨ ਭਰਨੇ ਸ਼ੁਰੂ ਕਰ ਦਿੱਤੇ।

ਸੁੱਚਾ ਨੰਦ ਦੀਆਂ ਉਕਸਾਹਟ ਵਾਲੀਆਂ ਗੱਲਾਂ ਸੁਣ ਕੇ ਸੂਬਾ ਸਰਹਿੰਦ ਭੜਕ ਉੱਠਿਆ ਅਤੇ ਕਹਿਣ ਲੱਗਾ ਕਿ ਗੁਰੂ ਗੋਬਿੰਦ ਸਿੰਘ ਦੇ ਦਿੱਤੇ ਜ਼ਖਮਾਂ ਨਾਲ ਮੇਰਾ ਜਿਗਰ ਸੜ੍ਹ ਕੇ ਕਬਾਬ ਬਣਿਆਂ ਹੋਇਆ ਹੈ ਕਿਉਂਕਿ ਉਸ ਗੁਰੂ ਨੇ ਮੇਰਾ ਸਾਰਾ ਰੋਅਬ ਦਾਬ ਹੀ ਖਤਮ ਕਰ ਦਿੱਤਾ ਹੈ। ਪਹਾੜੀ ਰਾਜਿਆਂ ਦੇ ਨਾਲ- ਨਾਲ ਔਰੰਗਜ਼ੇਬ ਦੇ ਦਰਬਾਰ ਵਿੱਚ ਮੇਰੀ ਵੀ ਮਿੱਟੀ ਪਲੀਤ ਹੋਈ ਹੈ। ਇਸ ਲਈ ਮੈਂ ਉਸ ਨਾਲ ਹਿਸਾਬ ਬਰਾਬਰ ਕਰਨ ਲਈ ਉਸ ਦੇ ਬੱਚਿਆਂ ਨੂੰ ਜ਼ਰੂਰ ਕਤਲ ਕਰਾਂਗਾ ਅਤੇ ਸੁੱਚਾ ਨੰਦ ! ਅੱਜ ਤੇਰੀ ਦਿੱਤੀ ਸਲਾਹ ਤੇ ਜ਼ਰੂਰ ਅਮਲ ਕਰਾਂਗਾ । ਭੜਕੇ ਹੋਏ ਨਵਾਬ ਵਜ਼ੀਦ ਖਾਂ ਨੇ ਕਾਜ਼ੀ ਨੂੰ ਫ਼ਤਵਾ ਦੇਣ ਲਈ ਕਿਹਾ।

ਵੇਖੋ ਜ਼ਾਲਮਾਂ ਦਾ ਇਨਸਾਫ਼; ਦੁਸ਼ਟ ਕਾਜੀ ਜੋ ਇੱਕ ਦਿਨ ਪਹਿਲਾਂ ਕਹਿ ਰਿਹਾ ਸੀ ਕਿ ਸ਼ੀਰ ਖੋਰ ਬੱਚਿਆਂ ਉੱਪਰ ਸ਼ਰ੍ਹਾ ਦਾ ਫਤਵਾ ਨਹੀਂ ਦਿੱਤਾ ਜਾ ਸਕਦਾ; ਅੱਜ ਜ਼ੁਲਮ ਅਤੇ ਨੀਚਤਾ ਦੀ ਹੱਦ ਤੱਕੋ ਕਿ ਉਸੇ ਕਾਜ਼ੀ ਨੇ ਸ਼ਰ੍ਹਾ ਦੇ ਉਲਟ ਫਤਵਾ ਦੇ ਦਿੱਤਾ ਤੇ ਕਿਹਾ ਕਿ ਸ਼ਰ੍ਹਾ ਕਹਿੰਦੀ ਹੈ ਕਿ ਇਸਲਾਮ ਦੇ ਵਿਰੋਧੀਆਂ ਅਤੇ ਸਰਕਾਰ ਦੇ ਬਾਗੀਆਂ ਨੂੰ ਜਿਊਂਦੇ ਜੀਅ ਦੀਵਾਰ ਵਿੱਚ ਚਿਣ ਕੇ ਮਾਰ ਦਿੱਤਾ ਜਾਵੇ । ਨੀਹਾਂ ਵਿਚ ਚਿਣਨ ਦਾ ਹੁਕਮ ਸੁਣ ਕੇ ਹਰ ਪਾਸੇ ਸੰਨਾਟਾ ਛਾ ਗਿਆ ਪਰ ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਹਿ ਸਿੰਘ ਜੀ ਬੇਖੌਫ਼ ਮੁਸਕਰਾਉਂਦੇ ਰਹੇ। ਸਾਰੀ ਕਚਹਿਰੀ ਦੇ ਲੋਕ ਬੜੇ ਹੈਰਾਨ ਸਨ ਕਿ ਨਵਾਬ ਨੇ ਇਨ੍ਹਾਂ ਨੂੰ ਨੀਹਾਂ ਵਿੱਚ ਚਿਣ ਕੇ ਸ਼ਹੀਦ ਕਰਨ ਦਾ ਹੁਕਮ ਸੁਣਾਇਆ ਹੈ ਪਰ ਨੰਨ੍ਹੇ-ਨੰਨ੍ਹੇ ਮਸੂਮਾਂ ਨੂੰ ਮੌਤ ਦੀ ਸਜ਼ਾ ਸੁਣ ਕੇ ਰਤਾ ਭਰ ਵੀ ਭੈਅ ਨਹੀਂ ਆਇਆ ।

ਠੰਡੇ ਬੁਰਜ ‘ਚ ਆਖਰੀ ਰਾਤ —
ਮਾਤਾ ਗੁਜਰੀ ਜੀ ਨਾਲ ਆਖਰੀ ਰਾਤ ਠੰਡੇ ਬੁਰਜ ਵਿੱਚ ਬਿਤਾਉਣ ਲਈ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਲਖ਼ਤ ਏ ਜਿਗਰ ਸਾਹਿਬ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਸਾਹਿਬ ਬਾਬਾ ਫਤਿਹ ਸਿੰਘ ਜੀ ਕਚਹਿਰੀ ਵਿਚੋਂ ਸਿਪਾਹੀਆਂ ਨਾਲ ਸ਼ਾਮ ਨੂੰ ਠੰਡੇ ਬੁਰਜ ਵਾਪਸ ਮੁੜੇ ਨੇ ਅਤੇ ਚਾਅ ਨਾਲ ਦੱਸਿਆ ਹੈ ਕਿ ਸਾਨੂੰ ਮੌਤ ਦੀ ਸਜਾ ਸੁਣਾਈ ਗਈ ਹੈ ਮਾਂ ! ਤੇਰੇ ਪੋਤਰੇ ਡੋਲੇ ਨਹੀਂ, ਇਮਤਿਹਾਨ ਵਿਚੋਂ ਪਾਸ ਹੋ ਕੇ ਆਏ ਹਾਂ ਦਾਦੀ ਮਾਂ ! ਇਹ ਸੁਣ ਕੇ ਮਾਤਾ ਗੁਜਰੀ ਜੀ ਨੇ ਦੋਵਾਂ ਫ਼ਰਜ਼ੰਦਾ ਨੂੰ ਘੁੱਟ ਕੇ ਕਲਾਵੇ ਵਿਚ ਲੈ ਲਿਆ।

ਮਾਤਾ ਗੁਜਰੀ ਜੀ ਨੇ ਦੋਵਾਂ ਸਾਹਿਬਜ਼ਾਦਿਆਂ ਨੂੰ ਨਾਲ ਲੈ ਕੇ ਸੋਦਰੁ ਰਹਿਰਾਸ ਅਤੇ ਸੋਹਿਲੇ ਦਾ ਪਾਠ ਕੀਤਾ ਅਤੇ ਫੇਰ ਵਾਹਿਗੁਰੂ ਸਿਮਰਨ ਵਿਚ ਜੁੜ ਗਏ। ਇਹ ਅਖੀਰਲੀ ਰਾਤ ਸੀ ਜਦੋਂ ਗੁਰੂ ਪਰਿਵਾਰ ਸਰੀਰਕ ਰੂਪ ਵਿਚ ਇਕੱਠਾ ਸੀ, ਹੁਣ ਇਸਤੋਂ ਬਾਅਦ ਸੱਚਖੰਡ ਵਿਚ ਹੀ ਮੇਲ ਹੋਣੇ ਸਨ। ਇੰਨੇ ਨੂੰ ਪੌੜੀ ‘ਤੇ ਪੈਰਾਂ ਦੇ ਖੜਕਣ ਦੀ ਅਵਾਜ ਆਈ, ਭਾਈ ਮੋਤੀ ਰਾਮ ਮਹਿਰਾ ਗੁਰੂ ਪਰਿਵਾਰ ਲਈ ਗਰਮ ਦੁੱਧ ਲੈ ਕੇ ਆਇਆ ਸੀ । ਅੱਜ ਭਾਈ ਮੋਤੀ ਰਾਮ ਬਹੁਤ ਵੈਰਾਗ ਕਰ ਰਹੇ ਸੀ ਕਿ ਸਾਹਿਬਜ਼ਾਦਿਆਂ ਦੀ ਜਾਨ ਬਚਾਉਣ ਲਈ ਉਹ ਕੁਝ ਵੀ ਕਰਨ ਤੋਂ ਅਸਮਰੱਥ ਸੀ। ਮਾਤਾ ਗੁਜਰੀ ਜੀ ਨੇ ਉਸ ਦਾ ਸਿਰ ਪਲੋਸਿਆ ਅਤੇ ਧੀਰਜ ਰੱਖਣ ਨੂੰ ਕਿਹਾ । ਭਾਈ ਮੋਤੀ ਰਾਮ ਦਾ ਵਿਛੜਨ ਦਾ ਦਿਲ ਨਹੀਂ ਸੀ ਕਰਦਾ ਕਿਉਂਕਿ ਗੁਰੂ ਸਾਹਿਬ ਦੇ ਜਿਗਰ ਦੇ ਟੋਟਿਆਂ ਦੀ ਐਡੀ ਵੱਡੀ ਸੇਵਾ ਸਰਹੰਦ ਵਿਚ ਹੀ ਉਸਨੂੰ ਪ੍ਰਾਪਤ ਹੋਈ ਸੀ। ਅਖੀਰ ਮਾਤਾ ਜੀ ਨੇ ਅਨੇਕਾਂ ਅਸੀਸਾਂ ਦੇਕੇ ਭਾਈ ਮੋਤੀ ਰਾਮ ਨੂੰ ਵਿਦਾ ਕੀਤਾ। ਦੁੱਧ ਛਕ ਕੇ ਸਾਹਿਬਜ਼ਾਦੇ ਮਾਤਾ ਜੀ ਦੀ ਗੋਦ ਵਿਚ ਅਰਾਮ ਕਰਨ ਲੱਗ ਪਏ ਕਿਉਂਕਿ ਕੱਲ ਨੂੰ ਬਹੁਤ ਵੱਡਾ ਦਿਨ ਪੈਣ ਵਾਲਾ ਸੀ। ਅਤਿ ਸਰਦੀ ਦੀ ਰਾਤ ਹੈ ਅਤੇ ਇਹ ਰਾਤ ਵੀ ਬਿਨ੍ਹਾਂ ਕਿਸੇ ਗਰਮ ਕੱਪੜੇ ਤੋਂ ਬੀਤ ਰਹੀ ਹੈ। ਮਾਤਾ ਜੀ ਨੇ ਅਜਿਹੇ ਬਿਖੜੇ ਸਮੇਂ ਵਿੱਚ ਪੋਤਰਿਆਂ ਨੂੰ ਆਪਣੀ ਗੋਦ ਦਾ ਨਿੱਘ ਬਖਸ਼ਿਆ ਪਰ ਮਾਤਾ ਜੀ ਦੀਆਂ ਅੱਖਾਂ ਵਿਚ ਨੀਂਦ ਨਹੀਂ ਪੈਂਦੀ ਸਾਰੀ ਰਾਤ ਜਾਗਦਿਆਂ ਵਾਹਿਗੁਰੂ ਸਿਮਰਨ ਵਿਚ ਬਤੀਤ ਕੀਤੀ ।