Connect with us

Punjab

ਜਗਨਵੀਰ ਨੇ ਸਲਮਾਨ ਖ਼ਾਨ ਦੇ ਹੌਸਲੇ ਨਾਲ ਕੈਂਸਰ ਨੂੰ ਇਸ ਤਰ੍ਹਾਂ ਹਰਾਇਆ, ਹੈਰਾਨ ਕਰਨ ਵਾਲੀ ਹੈ ਪੂਰੀ ਕਹਾਣੀ!

Published

on

ਕਹਿੰਦੇ ਨੇ ਜੇ ਇਰਾਦੇ ਮਜ਼ਬੂਤ ਹੋਣ ਤਾਂ ਇਨਸਾਨ ਵੱਡੀ ਤੋਂ ਵੱਡੀ ਬਿਮਾਰੀ ਨੂੰ ਵੀ ਹਰਾ ਸਕਦਾ ਹੈ। ਅਜਿਹੀ ਹੀ ਇੱਕ ਮਿਸਾਲ ਲੁਧਿਆਣਾ ਦੇ ਰਹਿਣ ਵਾਲੇ 10 ਸਾਲ ਦੇ ਜਗਨਵੀਰ ਨੇ ਪੇਸ਼ ਕੀਤੀ ਹੈ। ਦਰਅਸਲ 4 ਸਾਲ ਦੀ ਉਮਰ ਵਿੱਚ ਹੀ ਜਗਨਵੀਰ ਨੂੰ ਕੈਂਸਰ ਵਰਗੀ ਭਿਆਨਕ ਬਿਮਾਰੀ ਨੇ ਘੇਰ ਲਿਆ ਸੀ, ਜਿਸਤੋਂ ਬਾਅਦ ਪੂਰੇ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਪਿਆ| ਪਰ ਜਗਨਵੀਰ ਦੇ ਹੌਂਸਲੇ ਨੇ ਇਸ ਭਿਆਨਕ ਬਿਮਾਰੀ ਨੂੰ ਹਰਾ ਦਿੱਤਾ ਹੈ। ਖਾਸ ਗੱਲ ਇਹ ਰਹੀ ਹੈ ਕਿ ਜਗਨਵੀਰ ਦੇ ਬਿਲਕੁਲ ਠੀਕ ਹੋਣ ਵਿੱਚ ਅਦਾਕਾਰ ਸਲਮਾਨ ਖਾਨ ਦਾ ਵੀ ਬਹੁਤ ਵੱਡਾ ਯੋਗਦਾਨ ਹੈ| ਅਜਿਹਾ ਅਸੀਂ ਇਸ ਲਈ ਕਹਿ ਰਹੇ ਹਾਂ ਕਿ ਛੋਟੇ ਹੁੰਦਿਆਂ ਤੋਂ ਹੀ ਸਲਮਾਨ ਖਾਨ ਜਗਨਵੀਰ ਦੇ ਮਨਪਸੰਦ ਅਦਾਕਾਰ ਰਹੇ ਨੇ, ਤੇ ਅਕਸਰ ਉਹ ਆਪਣੇ ਪਰਿਵਾਰ ਨੂੰ ਸਲਮਾਨ ਖਾਨ ਨਾਲ ਮਿਲਣ ਦੀ ਇੱਛਾ ਜ਼ਾਹਿਰ ਕਰਦੇ ਰਹੇ ਸਨ।

ਜਦੋਂ ਕੈਂਸਰ ਦਾ ਪਤਾ ਲੱਗਾ

ਜਗਨਵੀਰ ਦੇ ਮਾਪੇ ਉਸਨੂੰ ਦੱਸਦੇ ਕਿ ਸਲਮਾਨ ਖਾਨ ਮੁੰਬਈ ਵਿੱਚ ਰਹਿੰਦਾ ਹੈ। ਇੱਕ ਦਿਨ ਅਚਾਨਕ ਜਗਨਵੀਰ ਪਾਰਕ ਵਿੱਚ ਖੇਡਦਾ ਡਿੱਗ ਗਿਆ। ਜਿਸ ਤੋਂ ਬਾਅਦ ਉਸਨੂੰ ਲੁਧਿਆਣਾ ਦੇ ਹਸਪਤਾਲ ਲਿਜਾਇਆ ਗਿਆ ਜਿੱਥੋਂ ਡਾਕਟਰਾਂ ਨੇ ਪਰਿਵਾਰ ਨੂੰ ਦੱਸਿਆ ਕਿ ਜਗਨਵੀਰ ਦੇ ਸਿਰ ਵਿੱਚ ਟਿਊਮਰ ਹੈ ਜੋ ਕਿ ਕੈਂਸਰ ਬਣ ਚੁੱਕਿਆ| 2018 ਵਿੱਚ ਜਗਨਵੀਰ ਦੀ ਇਸ ਬਿਮਾਰੀ ਨੂੰ ਜਾਨਣ ਤੋਂ ਬਾਅਦ ਉਸਨੂੰ ਮੁੰਬਈ ਦੇ ਟਾਟਾ ਮੈਮੋਰੀਅਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ|

ਜਗਨਵੀਰ ਨੂੰ ਬਿਮਾਰੀ ਬਾਰੇ ਨਹੀਂ ਦੱਸਿਆ

ਜਗਨਵੀਰ ਦੇ ਪਰਿਵਾਰ ਨੇ ਦੱਸਿਆ ਕਿ ਜਦੋਂ ਜਗਨਵੀਰ ਨੂੰ ਮੁੰਬਈ ਹਸਪਤਾਲ ਲਿਜਾਇਆ ਗਿਆ ਤਾਂ ਉਸਨੂੰ ਇਹ ਨਹੀਂ ਸੀ ਦੱਸਿਆ ਗਿਆ ਕਿ ਓਥੇ ਇਲਾਜ ਕਰਵਾਇਆ ਜਾਵੇਗਾ। ਬਲਕਿ ਉਸਦੇ ਮਨ ਵਿੱਚ ਸਲਮਾਨ ਖਾਨ ਨੂੰ ਮਿਲਣ ਦੀ ਇੱਛਾ ਸੀ।

ਜਦੋਂ ਅਚਾਨਕ ਜਗਨਵੀਰ ਨੂੰ ਸਲਮਾਨ ਖ਼ਾਨ ਮਿਲੇ

ਹੈਰਾਨ ਕਰਨ ਵਾਲੀ ਗੱਲ ਇਹ ਕਿ ਇਕ ਦਿਨ ਅਦਾਕਾਰ ਸਲਮਾਨ ਖਾਨ ਨੇ ਮੁੰਬਈ ਦੇ ਮੈਮੋਰੀਅਲ ਹਸਪਤਾਲ ਪਹੁੰਚ ਕੇ ਜਗਵਨੀਰ ਦੀ ਇਸ ਇੱਛਾ ਨੂੰ ਪੂਰਾ ਕਰ ਦਿੱਤਾ। ਪਰਿਵਾਰ ਦਾ ਕਹਿਣਾ ਹੈ ਕਿ ਸਲਮਾਨ ਖਾਨ ਜਗਨਵੀਰ ਦੇ ਬੈੱਡ ਕੋਲ ਆ ਕੇ ਖੜੇ ਹੋ ਗਏ ਅਤੇ ਜਗਨਵੀਰ ਨੂੰ ਕਿਹਾ ਕਿ ਸਰਦਾਰ ਜੀ ਪਛਾਣਿਆ ਮੈਂ ਕੌਣ ਹਾਂ? ਇਹ ਦੇਖ ਕੇ ਜਗਨਵੀਰ ਨੂੰ ਯਕੀਨ ਨਾ ਆਇਆ ਕਿ ਵਾਕਿਆ ਹੀ ਸਲਮਾਨ ਖਾਨ ਉਸਨੂੰ ਮਿਲਣ ਆਏ ਹਨ।

ਸੱਤ ਮਹੀਨੇ ’ਚ ਕੈਂਸਰ ਨੂੰ ਹਰਾਇਆ

ਜਗਵਨੀਰ ਨੂੰ ਸਲਮਾਨ ਖਾਨ ਨੇ ਇਸ ਭਿਆਨਕ ਬਿਮਾਰੀ ਨਾਲ ਲੜਨ ਲਈ ਹੌਂਸਲਾ ਦਿੱਤਾ ਅਤੇ ਕਿਹਾ ਕਿ ਕੈਂਸਰ ਤੋਂ ਹਾਰਨਾ ਨਹੀਂ ਸਗੋਂ ਇਸਤੋਂ ਜਿੱਤਣਾ ਹੈ। ਕੈਂਸਰ ਨੂੰ ਸਿਰਫ ਮਾਈਂਡ ਗੇਮ ਸਮਝਣਾ ਹੈ। ਸਲਮਾਨ ਖਾਨ ਦੇ ਦਿੱਤੇ ਇਸ ਹੌਂਸਲੇ ਨੇ ਜਗਨਵੀਰ ਨੂੰ ਹਾਰਨ ਨਹੀਂ ਦਿੱਤਾ ਅਤੇ 7 ਮਹੀਨੇ ਦੇ ਇਲਾਜ ਤੋਂ ਬਾਅਦ ਜਗਨਵੀਰ ਨੇ ਕੈਂਸਰ ਨੂੰ ਜੜੋਂ ਹਰਾ ਦਿੱਤਾ।

ਸਲਮਾਨ ਖ਼ਾਨ ਨੇ ਜਗਨਵੀਰ ਨੂੰ ਘਰ ਬੁਲਾਇਆ

ਏਨਾ ਹੀ ਨਹੀਂ ਜਗਨਵੀਰ ਦੇ ਠੀਕ ਹੋਣ ਤੋਂ ਬਾਅਦ ਸਲਮਾਨ ਖਾਨ ਨੇ ਉਸਨੂੰ ਮਿਲਣ ਦੇ ਲਈ ਆਪਣੇ ਘਰ ਬੁਲਾਇਆ ਅਤੇ ਉਸ ਨਾਲ ਕਰੀਬ ਡੇਢ ਘੰਟਾ ਮੁਲਾਕਾਤ ਕੀਤੀੇ। ਜਗਨਵੀਰ ਆਪਣੀ ਲਿਆਕਤ ਨਾਲ ਸਕੂਲ ਅਤੇ ਘਰ ਦੋਨਾਂ ਥਾਵਾਂ ਤੇ ਸਭ ਦਾ ਦਿਲ ਜਿਤ ਲੈਂਦਾ ਹੈ ਅਤੇ ਸਕੂਲ ਵਿੱਚ ਹਰ Activity ਵਿੱਚ ਭਾਗ ਲੈਂਦਾ ਹੈ। ਜਗਨਵੀਰ ਆਪਣੀ ਕਲਾਸ ਦਾ ਮੋਨੀਟਰ ਵੀ ਹੈ। ਜਗਨਵੀਰ ਦੇ ਠੀਕ ਹੋਣ ਤੋਂ ਬਾਅਦ ਪੂਰੇ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਹੈ ਅਤੇ ਉਸਨੇ ਜ਼ਿੰਦਗੀ ਅਤੇ ਮੌਤ ਦੀ ਇਸ ਲੜਾਈ ਵਿੱਚ ਜਿੱਤ ਹਾਸਲ ਕਰਕੇ ਸਾਰਿਆਂ ਲਈ ਇੱਕ ਮਿਸਾਲ ਪੇਸ਼ ਕਰ ਦਿੱਤੀ ਹੈ|