India
ਸੁਰਜੀਤ ਸਿੰਘ ਰੱਖੜਾ ਸਮੇਤ ਹਲਕਾ ਸਮਾਣਾ ਸੰਗਤ ਨੇ ਗੁਰਦੁਆਰਿਆਂ ‘ਚ ਪਹੁੰਚਾਈ ਕਣਕ

ਪਟਿਆਲਾ, 16 ਮਈ(ਅਮਰਜੀਤ ਸਿੰਘ): ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਗੁਰੂ ਘਰ ਦੇ ਲੰਗਰਾਂ ‘ਚ ਯੋਗਦਾਨ ਪਾਉਣ ਲਈ ਕੀਤੀ ਅਪੀਲ ਦੇ ਚੱਲਦਿਆਂ ਸ਼੍ਰੋਮਣੀ ਅਕਾਲੀ ਦਲ ਹਲਕਾ ਪਟਿਆਲਾ ਦੇ ਇੰਚਾਰਜ ਸੁਰਜੀਤ ਸਿੰਘ ਰੱਖੜਾ ਦੀ ਅਗਵਾਈ ‘ਚ ਹਲਕਾ ਸਮਾਣਾ ਦੀਆਂ ਸੰਗਤਾਂ ਵੱਲੋਂ ਗੁਰਦੁਆਰਾ ਸ੍ਰੀ ਦੁਖਨਿਵਾਰਨ ਸਾਹਿਬ ਅਤੇ ਗੁਰਦੁਆਰਾ ਕਰਹਾਲੀ ਸਾਹਿਬ ਗੁਰੂ ਘਰ ਦੇ ਲੰਗਰਾਂ ਲਈ ਕਰੀਬ 1000 ਕੁਇੰਟਲ ਭੇਂਟ ਕੀਤੀ ਗਈ ਹੈ।

ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਦੇ ਪ੍ਰਬੰਧਕਾਂ ਨੂੰ ਕਣਕ ਭੇਂਟ ਕਰਨ ਪੁੱਜੇ ਸ਼੍ਰੋਮਣੀ ਅਕਾਲੀ ਦਲ ਹਲਕਾ ਪਟਿਆਲਾ ਦੇ ਇੰਚਾਰਜ ਸੁਰਜੀਤ ਸਿੰਘ ਰੱਖੜਾ ਨੇ ਆਖਿਆ ਕਿ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਸ਼੍ਰੋਮਣੀ ਕਮੇਟੀ ਵੱਲੋਂ ਸ਼ਹਿਰਾਂ ਅਤੇ ਪਿੰਡਾਂ ਤੋਂ ਇਲਾਵਾ ਬਸਤੀਆਂ, ਝੁੱਗੀ-ਝੌਂਪੜੀਆਂ ‘ਚ ਲੋੜਵੰਦਾਂ ਤੱਕ ਲੰਗਰ ਪਹੁੰਚਾਉਣ ਦੀ ਸੇਵਾ ਨਿਰਵਿਘਨ ਚਲਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਹਲਕਾ ਸਮਾਣਾ ਦੀ ਸਮੁੱਚੀ ਸੰਗਤ ਨੇ ਆਪਣਾ ਫਰਜ਼ ਨੂੰ ਪਹਿਚਾਣਦਿਆਂ ਗੁਰੂ ਘਰ ਦੇ ਲੰਗਰਾਂ ‘ਚ ਯੋਗਦਾਨ ਪਾਉਣ ਦਾ ਫੈਸਲਾ ਕੀਤਾ, ਜਿਸ ਤਹਿਤ ਅੱਜ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਅਤੇ ਗੁਰਦੁਆਰਾ ਕਰਹਾਲੀ ਸਾਹਿਬ ਲਈ ਕਣਕ ਟਰੱਕਾਂ ਅਤੇ ਟਰਾਲੀਆਂ ਰਾਹੀਂ ਗੁਰਦੁਆਰਾ ਪ੍ਰਬੰਧਕਾਂ ਕੋਲ ਪਹੁੰਚਾਈ ਗਈ ਹੈ। ਇਸ ਮੌਕੇ ਗੁਰਦੁਆਰਾ ਪ੍ਰਬੰਧਕਾਂ ਵੱਲੋਂ ਸੁਰਜੀਤ ਸਿੰਘ ਰੱਖੜਾ ਸਮੇਤ ਕਣਕ ਲੈ ਕੇ ਪੁੱਜੀ ਸੰਗਤ ਨੂੰ ਸਿਰੋਪਾਓ ਦੇ ਕੇ ਸਨਮਾਨਤ ਵੀ ਕੀਤਾ ਗਿਆ।