Punjab
ਸੰਤ ਭਿੰਡਰਾਂਵਾਲਿਆਂ ‘ਤੇ ਲੱਗਦੇ ਰਹੇ ਕਾਂਗਰਸ ਦਾ ਏਜੰਟ ਹੋਣ ਦੇ ਇਲਜ਼ਾਮ ! ਜਾਣੋ ਤੱਥਾਂ ਸਮੇਤ ਅਸਲ ਸਚਾਈ

ਅੱਜ 6 ਜੂਨ 2025 ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਘੱਲੂਘਾਰਾ ਦਿਵਸ ਮਨਾਇਆ ਗਿਆ ਅਤੇ ਜੂਨ 1984 ਦੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਦਿੱਤੀਆਂ ਗਈਆਂ। ਅੱਜ ਦੇ ਦਿਨ ਹੀ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਵੀ ਸ੍ਰੀ ਆਕਾਲ ਤਖਤ ਸਾਹਿਬ ਵਿਖੇ ਸ਼ਹੀਦ ਹੋਏ ਸਨ। ਭਿੰਡਰਾਂਵਾਲਿਆਂ ਦਾ ਪੂਰਾ ਸਿੱਖ ਸਮਾਜ ਸਤਿਕਾਰ ਕਰਦਾ ਹੈ ਪਰ ਕੁੱਝ ਲੋਕਾਂ ਵੱਲੋਂ ਸ਼ੋਸ਼ਲ ਮੀਡੀਆ ਉੱਪਰ ਇਹ ਵੀ ਪ੍ਰਚਾਰਿਆ ਜਾ ਰਿਹਾ ਹੈ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਵਾਲ਼ੇ ਇੰਦਰਾ ਗਾਂਧੀ ਵੱਲੋਂ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਭੇਜੇ ਗਏ ਸਨ। ਇਹ ਗੱਲਾਂ 1984 ਤੋਂ ਹੀ ਕੀਤੀਆਂ ਜਾਣ ਲੱਗੀਆਂ ਬਲਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਕਾਂਗਰਸ ਪਾਰਟੀ ਨਾਲ ਸੰਬੰਧਾਂ ਦੀਆਂ ਖ਼ਬਰਾਂ 1982 ਤੋਂ ਉਸ ਵੇਲ਼ੇ ਛਪਣੀਆਂ ਸ਼ੁਰੂ ਗਈਆਂ ਸਨ ਜਦੋਂ ਉਹ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ ਕੇ ਦੇ ਪਿਤਾ ਅਤੇ ਇੰਦਰਾ ਗਾਂਧੀ ਨੇੜਲੇ ਲੀਡਰ ਜਥੇਦਾਰ ਸੰਤੋਖ ਸਿੰਘ ਦੇ ਭੋਗ ਤੇ ਜਾਂਦੇ ਹਨ ਗਿਆਨੀ ਜ਼ੈਲ ਸਿੰਘ ਨਾਲ ਬੈਠੇ ਨਜ਼ਰ ਆਉਂਦੇ ਹਨ। ਕੀ ਸੱਚਮੁੱਚ ਹੀ ਭਿੰਡਰਾਂਵਾਲੇ ਇੰਦਰਾ ਗਾਂਧੀ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਭੇਜੇ ਗਏ ਸਨ? ਅਸੀਂ world Punjabi TV ਵੱਲੋਂ ਇਸ ਤੱਥ ਦੀ ਪੜਤਾਲ ਕੀਤੀ ਹੈ ਜਿਸ ਨਾਲ ਪੂਰਾ ਸੱਚ ਸਮਝ ਵਿੱਚ ਆਉਂਦਾ ਹੈ।
ਸਭ ਤੋਂ ਪਹਿਲਾਂ ਮੈਂ ਭਿੰਡਰਾਂਵਾਲਿਆਂ ਦੇ ਕਰੀਬੀ ਰਹੇ ਲੋਕਾਂ ਜਿਨ੍ਹਾਂ ਦੀ ਮੁਲਾਕਾਤ ਮੇਰੇ ਨਾਲ ਊਧਮਪੁਰ ਕੇਂਦਰੀ ਜੇਲ੍ਹ ਵਿੱਚ ਹੋਈ ਉਨ੍ਹਾਂ ਵੱਲੋਂ ਦਿੱਤੀ ਜਾਣਕਾਰੀ ਦੇ ਤੱਥ ਤੁਹਾਡੇ ਰੂ ਬ ਰੂ ਕਰਾਂਗਾ। ਉਨ੍ਹਾਂ ਨੇ ਇੰਦਰਾ ਗਾਂਧੀ ਦੇ ਸ਼੍ਰੀ ਅਕਾਲ ਤਖ਼ਤ ਸਾਹਿਬ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਪਰ ਕਬਜ਼ਾ ਕਰਨ ਦੀ ਇੱਛਾ ਦੇ ਹੈਰਾਨੀਜਨਕ ਤੱਥ ਪੇਸ਼ ਕੀਤੇ। ਉਨ੍ਹਾਂ ਨੇ ਦੱਸਿਆ ਕਿ ਜਦੋਂ 1975 ਵਿੱਚ ਇੰਦਰਾ ਗਾਂਧੀ ਵੱਲੋਂ ਲਗਾਈ ਐਮਰਜੈਂਸੀ ਤੁੜਵਾਉਣ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਅਹਿਮ ਭੂਮਿਕਾ ਨਿਭਾਈ ਤਾਂ ਇੰਦਰਾ ਨੇ ਆਪਣੇ ਨੇੜਲੇ ਸਿੱਖਾਂ ਨੂੰ ਪੁੱਛਿਆ ਕਿ ਅਕਾਲੀ ਦਲ ਦੇ ਸਫਲਤਾ ਦੇ ਕੀ ਕਾਰਨ ਨੇ ਤਾਂ ਉਨ੍ਹਾਂ ਸਿੱਖਾਂ ਨੇ ਕਿਹਾ ਕਿ ਅਕਾਲੀ ਦਲ ਕੋਲ ਸ਼੍ਰੋਮਣੀ ਕਮੇਟੀ ਦਾ ਪੈਸਾ ਆਉਂਦਾ ਹੈ ਅਤੇ ਸ਼੍ਰੀ ਅਕਾਲ ਤਖਤ ਤੋਂ ਜਾਰੀ ਹਰ ਹੁਕਮਨਾਮਾ ਸਮੁੱਚਾ ਸਿੱਖ ਜਗਤ ਮੰਨਦਾ ਹੈ ਤੇ ਸ੍ਰੀ ਆਕਾਲ ਤਖਤ ਸਾਹਿਬ ਤੇ ਹੋਰ ਤਖਤਾਂ ਦੇ ਜਥੇਦਾਰ ਅਪ੍ਰਤੱਖ ਰੂਪ ਵਿੱਚ ਅਕਾਲੀ ਦਲ ਵੱਲੋਂ ਹੀ ਲਗਾਏ ਜਾਂਦੇ ਹਨ। ਇਸ ਪਿੱਛੋਂ ਇੰਦਰਾ ਨੇ ਆਪਣੇ ਵਫਾਦਾਰ ਸਿੱਖਾਂ ਨੂੰ ਕਿਹਾ ਕਿ ਤੁਸੀਂ ਐਸੀ ਸਿੱਖ ਸ਼ਖ਼ਸੀਅਤ ਲੱਭੋ ਜਿਸ ਨੂੰ ਲੋਕ ਪਸੰਦ ਕਰਦੇ ਹੋਣ ਉਸਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਭੇਜਿਆ ਜਾਵੋ ਜੋ ਸ਼੍ਰੋਮਣੀ ਕਮੇਟੀ ਅਤੇ ਅਕਾਲ ਤਖਤ ਸਾਹਿਬ ਅਕਾਲੀਆਂ ਤੋਂ ਖੋਹ ਲਵੇ।
ਇਨ੍ਹਾਂ ਇੰਦਰਾ ਦੇ ਵਫਾਦਾਰਾਂ ਨੇ ਪਹਿਲਾਂ ਬਾਬਾ ਗੁਰਬਚਨ ਸਿੰਘ ਨਿਰੰਕਾਰੀ ਲੱਭਿਆ ਪਰ ਉਹ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਨਾ ਮੰਨਣ ਕਰਕੇ ਅਤੇ 1978 ਵਿੱਚ ਜੱਲ੍ਹਿਆਂ ਵਾਲ਼ਾ ਬਾਗ਼ ਨੇੜੇ ਲਗਾਏ ਗਏ ਉਹਦੇ ਦੀਵਾਨ ਦੌਰਾਨ 13 ਸਿੰਘਾਂ ਨੂੰ ਸ਼ਹੀਦ ਕੀਤੇ ਜਾਣ ਪਿੱਛੋਂ ਗੁਰਬਚਨ ਸਿੰਘ ਇੰਦਰਾ ਦੇ ਕੰਮ ਦਾ ਨਾ ਰਿਹਾ। ਫਿਰ ਇੰਦਰਾ ਨੇ ਕਿਹਾ ਕਿ ਉਹ ਬੰਦਾ ਲੱਭੋ ਜਿਹਨੂੰ ਸਿੱਖ ਸੰਗਤ ਪ੍ਰਵਾਨ ਕਰੇ। ਉਸ ਪਿੱਛੋਂ ਇੰਦਰਾ ਦੇ ਨੇੜਲੇ ਸਿੱਖਾਂ ਨੇ ਸੰਤ ਜਰਨੈਲ ਸਿੰਘ ਭਿੰਡਰਾਵਾਲਿਆ ਨਾਲ ਮੁਲਾਕਾਤਾਂ ਦਾ ਸਿਲਸਿਲਾ ਸ਼ੁਰੂ ਕੀਤਾ। ਉਨ੍ਹਾਂ ਨੂੰ ਲਾਲਚ ਦਿੱਤੇ ਤੇ ਇੰਦਰਾ ਨਾਲ ਮਿਲਣ ਲਈ ਮਨਾਉਣ ਲੱਗੇ ਪਰ ਉਹ ਅਸਫਲ ਰਹੇ। ਉਨ੍ਹਾਂ ਨੇ ਦੱਸਿਆ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਸ੍ਰੀ ਅਕਾਲ ਤਖ਼ਤ ਸਾਹਿਬ ਇੰਦਰਾ ਦੇ ਏਜੰਟ ਬਣ ਕੇ ਨਹੀਂ ਸਨ ਆਏ ਸਗੋਂ ਇੰਦਰਾ ਦੀਆਂ ਚਾਲਾਂ ਸਮਝ ਕੇ ਇੰਦਰਾ ਦੇ ਵਿਰੁੱਧ ਹੋ ਕੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਆਏ ਸਨ ਤਾਂ ਜੋ ਇੰਦਰਾ ਕਿਸੇ ਕੌਮ ਦੇ ਗਦਾਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਭੇਜ ਕੇ ਆਪਣਾ ਸਿਆਸੀ ਉੱਲੂ ਸਿੱਧਾ ਨਾ ਕਰ ਲਵੇ।
ਇਹ ਕਹਾਣੀ ਸੱਚ ਹੈ ਇਸਦੀ ਅਸੀਂ ਪੁਸ਼ਟੀ ਨਹੀਂ ਕਰਦੇ ਕਿਉਂਕਿ ਇਸਦੇ ਸਾਡੇ ਕੋਲ ਪੁਖਤਾ ਸਬੂਤ ਨਹੀਂ ਹਨ ।ਇਸ ਬਾਰੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਨੇੜੇ ਰਹੇ ਬਾਬਾ ਮਨਮੋਹਨ ਸਿੰਘ ਬਾਰਨ ਵਾਲਿਆਂ ਨੇ ਵੀ ਇਹ ਗੱਲ ਮੰਨੀ ਹੈ ਇੰਦਰਾ ਗਾਂਧੀ ਸੰਤ ਭਿੰਡਰਾਂਵਾਲਿਆਂ ਵਾਲਿਆਂ ਨੂੰ ਮਿਲਣਾ ਚਾਹੁੰਦੀ ਸੀ ਪਰ ਸੰਤ ਇੰਦਰਾ ਨੂੰ ਕਦੇ ਨਹੀਂ ਮਿਲੇ। ਉਹ ਦੱਸਦੇ ਹਨ ਕਿ ਮਨਜੀਤ ਸਿੰਘ ਜੀ ਕੇ ਦੇ ਪਿਤਾ ਜਥੇਦਾਰ ਸੰਤੋਖ ਸਿੰਘ ਦੇ ਅਕਾਲ ਚਲਾਣੇ ਪਿੱਛੋਂ 3 ਜਨਵਰੀ 1982 ਨੂੰ ਉਨ੍ਹਾਂ ਦੀ ਅੰਤਿਮ ਅਰਦਾਸ ਮੌਕੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦਿੱਲੀ ਗਏ ਸਨ ਤਾਂ ਉੱਥੇ ਗਿਆਨੀ ਜ਼ੈਲ ਸਿੰਘ ਉਨ੍ਹਾਂ ਦੇ ਨੇੜੇ ਆ ਕੇ ਬਹਿ ਗਏ ਜਿਸਦੇ ਅਧਾਰ ‘ਤੇ ਉਨ੍ਹਾਂ ਦਾ ਨਾਮ ਕਾਂਗਰਸ ਨਾ ਜੋੜਿਆ ਜਾਂਦਾ ਰਿਹਾ ਹੈ।
ਇਸ ਬਾਰੇ ਅਸੀਂ ਸ. ਮਨਜੀਤ ਸਿੰਘ ਜੀ ਕੇ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਉਨ੍ਹਾਂ ਦੇ ਪਿਤਾ ਜਥੇਦਾਰ ਸੰਤੋਖ ਦਾ ਬਹੁਤ ਸਤਿਕਾਰ ਕਰਦੇ ਸਨ ਪਰ ਮੇਰੇ ਪਿਤਾ ਜੀ ਨੇ ਕਦੇ ਵੀ ਉਨ੍ਹਾਂ ਨੂੰ ਇੰਦਰਾ ਗਾਂਧੀ ਨਾਲ ਮਿਲਾਉਣ ਦੀ ਗੱਲ ਨਹੀਂ ਕੀਤੀ। ਉਹ ਇਹ ਵੀ ਦੱਸਦੇ ਹਨ ਕਿ ਜਦੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਲਾਲਾ ਜਗਤ ਨਾਰਾਇਣ ਕਤਲ਼ ਕੇਸ ਵਿੱਚ ਫਿਰੋਜ਼ਪੁਰ ਜੇਲ੍ਹ ਵਿੱਚ ਬੰਦ ਕੀਤਾ ਗਿਆ ਸੀ ਤਾਂ ਜਥੇਦਾਰ ਸੰਤੋਖ ਸਿੰਘ ਨੇ ਇੰਦਰਾ ਗਾਂਧੀ ਨੂੰ ਕਿਹਾ ਕਿ ਸੰਤਾਂ ਦੀ ਖ਼ਿਲਾਫ਼ ਕੋਈ ਸਬੂਤ ਨਹੀਂ ਹੈ, ਉਨ੍ਹਾਂ ਨੂੰ ਜੇਲ੍ਹ ਚੋਂ ਰਿਹਾਅ ਕੀਤਾ ਜਾਵੇ। ਭਿੰਡਰਾਂਵਾਲੇ ਇੱਕ ਮਹੀਨੇ ਤੋਂ ਜੇਲ੍ਹ ਸਨ ਪਰ ਜਦੋਂ ਜਥੇਦਾਰ ਸੰਤੋਖ ਸਿੰਘ ਇੰਦਰਾ ਗਾਂਧੀ ਨੂੰ ਮਿਲੇ ਤਾਂ ਸੰਤਾਂ ਨੂੰ ਰਾਤ ਨੂੰ ਹੀ ਰਿਹਾਅ ਕਾਰਵਾ ਲਿਆ ਗਿਆ ਸੀ। ਇਨ੍ਹਾਂ ਸਾਰੇ ਤੱਥਾਂ ਦੇ ਮੱਦੇਨਜ਼ਰ ਅਸੀਂ ਕਹਿ ਸਕਦੇ ਹਾਂ ਕਿ ਭਿੰਡਰਾਂਵਾਲੇ ਇੰਦਰਾ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਨਹੀਂ ਸਨ ਭੇਜੇ ਗਏ। ਅਗਰ ਉਹ ਇੰਦਰਾ ਦੇ ਨੇੜੇ ਹੁੰਦੇ ਤਾਂ ਉਨ੍ਹਾਂ ਦੀ ਸ਼ਹਾਦਤ ਨਾ ਹੁੰਦੀ, ਇਸ ਲਈ ਬਿਨਾਂ ਤੱਥਾਂ ਤੋਂ ਅਜਿਹੀਆਂ ਖ਼ਬਰਾਂ ਚਲਾਉਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।