Punjab
30 ਪ੍ਰਿੰਸੀਪਲਾਂ ਦਾ ਦੂਜਾ ਬੈਚ ਜਾ ਰਿਹਾ ਸਿੰਗਾਪੁਰ,ਜਾਣੋ ਪੂਰਾ ਵੇਰਵਾ
ਪੰਜਾਬ ਦੀ ਸਕੂਲੀ ਸਿੱਖਿਆ ਨੂੰ ਵਿਸ਼ਵ ਪੱਧਰੀ ਬਣਾਉਣ ਲਈ ਭਗਵੰਤ ਮਾਨ ਸਰਕਾਰ ਵੱਲੋਂ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਇਸ ਤਹਿਤ ਹੁਣ 30 ਪ੍ਰਿੰਸੀਪਲਾਂ ਦਾ ਦੂਜਾ ਗਰੁੱਪ ਦੂਜੀ ਵਾਰ ਸਿੰਗਾਪੁਰ ਜਾ ਰਿਹਾ ਹੈ।
ਇਹ ਜਾਣਕਾਰੀ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਟਵੀਟ ਕਰਕੇ ਦਿੱਤੀ ਹੈ। ਉਨ੍ਹਾਂ ਆਪਣੇ ਟਵੀਟ ਵਿੱਚ ਕਿਹਾ ਹੈ ਕਿ ਪੰਜਾਬ ਦੀ ਸਕੂਲੀ ਸਿੱਖਿਆ ਨੂੰ ਵਿਸ਼ਵ ਪੱਧਰੀ ਬਣਾਉਣਾ ਮੁੱਖ ਮੰਤਰੀ ਮਾਨ ਦਾ ਸੁਪਨਾ ਹੈ। ਇਸ ਤਹਿਤ ਸੂਬੇ ਦੇ 30 ਸਕੂਲਾਂ ਦੇ ਪ੍ਰਿੰਸੀਪਲਾਂ ਦਾ ਦੂਜਾ ਗਰੁੱਪ 4 ਮਾਰਚ ਤੋਂ 11 ਮਾਰਚ ਤੱਕ ਸਿੰਗਾਪੁਰ ਜਾ ਰਿਹਾ ਹੈ। ਇਹ ਪ੍ਰਿੰਸੀਪਲ ਸਿੰਗਾਪੁਰ ਦੇ “ਨੈਸ਼ਨਲ ਇੰਸਟੀਚਿਊਟ ਆਫ਼ ਐਜੂਕੇਸ਼ਨ” ਵਿੱਚ ਵਿਦੇਸ਼ੀ ਸਿੱਖਿਆ ਲੈਣਗੇ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 36 ਪ੍ਰਿੰਸੀਪਲਾਂ ਦਾ ਪਹਿਲਾ ਬੈਚ ਸਿੰਗਾਪੁਰ ਭੇਜਿਆ ਗਿਆ ਸੀ, ਜਿਨ੍ਹਾਂ ਨੇ 6 ਤੋਂ 10 ਫਰਵਰੀ ਤੱਕ ਸਿੰਗਾਪੁਰ ਦੇ ਪ੍ਰੋਫੈਸ਼ਨਲ ਟੀਚਿੰਗ ਟਰੇਨਿੰਗ ਸੈਮੀਨਾਰ ਵਿੱਚ ਸ਼ਿਰਕਤ ਕੀਤੀ ਸੀ ਅਤੇ ਇਹ ਅਧਿਆਪਕ 11 ਫਰਵਰੀ ਨੂੰ ਪੰਜਾਬ ਪਰਤ ਆਏ ਸਨ।