Punjab
ਸੀਨੀਅਰ ਵਕੀਲ ਤੇ ਸਾਬਕਾ ਸੰਸਦ ਮੈਂਬਰ ਲੜਨਗੇ ਅੰਮ੍ਰਿਤਪਾਲ ਦਾ ਕੇਸ, ਸਰਕਾਰ ਦੇ ਫੈਸਲੇ ਨੂੰ ਦੇਣਗੇ ਚੁਣੌਤੀ
ਸੀਨੀਅਰ ਵਕੀਲ ਅਤੇ ਸੰਗਰੂਰ ਦੇ ਸਾਬਕਾ ਸੰਸਦ ਮੈਂਬਰ ਰਾਜਦੇਵ ਸਿੰਘ ਖ਼ਾਲਸਾ ਨੇ ਆਸਾਮ ਦੀ ਡਿਬਰੂਗੜ੍ਹ ਕੇਂਦਰੀ ਜੇਲ੍ਹ ਵਿੱਚ ਬੰਦ ਅੰਮ੍ਰਿਤਪਾਲ ਨਾਲ ਮੁਲਾਕਾਤ ਕੀਤੀ। ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਅਤੇ ਮਾਤਾ ਬਲਵਿੰਦਰ ਕੌਰ ਵੀ ਉਨ੍ਹਾਂ ਦੇ ਨਾਲ ਸਨ। ਰਾਜਦੇਵ ਸਿੰਘ ਖਾਲਸਾ ਨੇ ਅੰਮ੍ਰਿਤਪਾਲ ਸਿੰਘ ਨਾਲ 25 ਮਿੰਟ ਗੱਲਬਾਤ ਕੀਤੀ। ਮੀਟਿੰਗ ਵਿੱਚ ਅੰਮ੍ਰਿਤਪਾਲ ਨੇ ਰਾਜਦੇਵ ਸਿੰਘ ਖਾਲਸਾ ਨੂੰ ਅਦਾਲਤ ਵਿੱਚ ਆਪਣਾ ਕੇਸ ਲੜਨ ਲਈ ਆਪਣਾ ਵਕੀਲ ਨਿਯੁਕਤ ਕੀਤਾ।
ਅਸਾਮ ਤੋਂ ਵਾਪਸ ਪਰਤੇ ਰਾਜਦੇਵ ਸਿੰਘ ਖਾਲਸਾ ਨੇ ਆਪਣੇ ਗ੍ਰਹਿ ਨਗਰ ਵਿੱਚ ਪ੍ਰੈੱਸ ਕਾਨਫਰੰਸ ਕਰਦਿਆਂ ਕਿਹਾ ਕਿ ਅੰਮ੍ਰਿਤਪਾਲ ’ਤੇ ਗੈਰ-ਕਾਨੂੰਨੀ ਢੰਗ ਨਾਲ ਐਨਐਸਏ ਲਗਾਇਆ ਗਿਆ ਹੈ, ਉਹ ਸਿਰਫ਼ ‘ਅੰਮ੍ਰਿਤ’ ਵੰਡ ਰਿਹਾ ਸੀ। ਅੰਮ੍ਰਿਤਪਾਲ ਨੇ ਕੋਈ ਗੋਲੀ ਜਾਂ ਲਾਠੀ ਨਹੀਂ ਚਲਾਈ, ਫਿਰ ਵੀ ਸਰਕਾਰ ਨੇ ਉਸ ‘ਤੇ ਐਨ.ਐਸ.ਏ. ਪਾ ਦਿੱਤਾ ਹੈ। ਇਸ ਲਈ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜ਼ਿੰਮੇਵਾਰ ਹਨ। ਖਾਲਸਾ ਨੇ ਕਿਹਾ ਕਿ ਮੈਂ ਭਾਜਪਾ ‘ਤੇ ਦੋਸ਼ ਨਹੀਂ ਲਗਾਉਂਦਾ ਕਿਉਂਕਿ ਪੰਜਾਬ ਸਰਕਾਰ ਨੇ ਲਿਖਤੀ ਤੌਰ ‘ਤੇ ਦੇਣ ਤੋਂ ਬਾਅਦ ਹੀ ਕੇਂਦਰ ਸਰਕਾਰ ਨੇ ਕੇਂਦਰੀ ਫੋਰਸ ਪੰਜਾਬ ਭੇਜੀ ਅਤੇ ਪੰਜਾਬ ਸਰਕਾਰ ਦੀ ਸਹਿਮਤੀ ਨਾਲ ਹੀ ਅੰਮ੍ਰਿਤਪਾਲ ਨੂੰ ਡਿਬਰੂਗੜ੍ਹ ਜੇਲ ‘ਚ ਬੰਦ ਕੀਤਾ ਗਿਆ। ਉਨ੍ਹਾਂ ਕਿਹਾ ਕਿ ਅਸੀਂ ਸਰਕਾਰ ਦੇ ਇਸ ਫੈਸਲੇ ਨੂੰ ਅਦਾਲਤ ਵਿੱਚ ਚੁਣੌਤੀ ਦੇਣ ਜਾ ਰਹੇ ਹਾਂ।
ਖ਼ਾਲਸਾ ਨੇ ਦੱਸਿਆ ਕਿ ਡਿਬਰੂਗੜ੍ਹ ਜੇਲ੍ਹ ਵਿੱਚ ਕੁੱਲ 11 ਵਿਅਕਤੀ ਬੰਦ ਹਨ। ਮੈਂ ਅੰਮ੍ਰਿਤਪਾਲ ਦਾ ਕੇਸ ਲੜਨ ਲਈ ਕੋਈ ਫੀਸ ਨਹੀਂ ਲਵਾਂਗਾ। ਮੈਂ ਐਸ.ਜੀ.ਪੀ.ਸੀ. ਮੈਂ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦਾ ਧੰਨਵਾਦ ਕਰਦਾ ਹਾਂ ਕਿ ਸਾਡਾ ਸਮਰਥਨ ਕੀਤਾ। ਇਸ ਮੌਕੇ ਉਨ੍ਹਾਂ ਦੇ ਪੀ.ਏ. ਅਵਤਾਰ ਸਿੰਘ ਸੰਧੂ ਵੀ ਹਾਜ਼ਰ ਸਨ।