Business
150 ਅੰਕ ਤੋਂ ਵੱਧ ਦੀ ਤੇਜ਼ੀ ਨਾਲ ਸੈਂਸੈਕਸ ਨਵੀਂਆਂ ਉਚਾਈਆਂ ‘ਤੇ ਚਮਕਿਆ

ਹਫ਼ਤੇ ਦੇ ਪਹਿਲੇ ਕਾਰੋਬਾਰੀ ਦਿਨ ਭਾਰਤੀ ਸ਼ੇਅਰ ਬਾਜ਼ਾਰ ਵਾਧਾ ਲੈ ਕੇ ਖੁੱਲ੍ਹਿਆ ਹੈ। ਬੰਬਈ ਸਟਾਕ ਐਕਸਚੇਂਜ ਦਾ ਇੰਡੈਕਸ ਸੈਂਸੈਕਸ 150 ਅੰਕ ਦੇ ਵਾਧੇ ਨਾਲ 53074 ਦੇ ਪੱਧਰ ‘ਤੇ ਖੁੱਲ੍ਹਿਆ ਹੈ। ਇਸ ਦੇ ਨਾਲ ਹੀ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 40 ਅੰਕ ਭਾਵ 0.25 ਪ੍ਰਤੀਸ਼ਤ ਦੇ ਵਾਧੇ ਨਾਲ 15900 ਦੇ ਪੱਧਰ ‘ਤੇ ਖੁੱਲ੍ਹਿਆ ਹੈ। ਰਿਲਾਇੰਸ ਇੰਡਸਟਰੀਜ਼, ਆਈਸੀਆਈਸੀਆਈ ਬੈਂਕ ਤੇ ਐਚਡੀਐਫਸੀ ਵਰਗੇ ਵੱਡੇ ਸ਼ੇਅਰਾਂ ਦੇ ਵਾਧੇ ਨਾਲ ਸੋਮਵਾਰ ਨੂੰ ਪ੍ਰਮੁੱਖ ਸਟਾਕ ਸੂਚਕਾਂਕ ਸੈਂਸੈਕਸ ਅਤੇ ਨਿਫਟੀ ਨਵੇਂ ਸਿਖਰ ‘ਤੇ ਪਹੁੰਚ ਗਏ। ਇਸ ਮਿਆਦ ਦੌਰਾਨ ਬੀ.ਐਸ.ਸੀ. ਦਾ 30 ਸ਼ੇਅਰਾਂ ਵਾਲਾ ਇੰਡੈਕਸ 53,126.73 ਦੇ ਸਿਖਰ ਨੂੰ ਛੂਹਣ ਤੋਂ ਬਾਅਦ 142.85 ਅੰਕ ਜਾਂ 0.27% ਦੀ ਤੇਜ਼ੀ ਨਾਲ 53,067.89 ‘ਤੇ ਕਾਰੋਬਾਰ ਕਰ ਰਿਹਾ ਸੀ। ਇਸੇ ਤਰ੍ਹਾਂ ਐਨ.ਐਸ.ਈ. ਨਿਫਟੀ 42.25 ਅੰਕ ਭਾਵ 0.27% ਦੀ ਤੇਜ਼ੀ ਨਾਲ 15,902.60 ‘ਤੇ ਕਾਰੋਬਾਰ ਕਰ ਰਿਹਾ ਹੈ। ਨਿਫਟੀ ਨੇ ਸ਼ੁਰੂਆਤੀ ਸੈਸ਼ਨ ਵਿਚ 15,915.65 ਦੇ ਸਰਬੋਤਮ ਸਿਖਰ ਨੂੰ ਛੂਹਿਆ।
ਸੈਂਸੈਕਸ ਵਿਚ ਏਸ਼ੀਅਨ ਪੇਂਟਸ ਇਕ ਪ੍ਰਤੀਸ਼ਤ ਦਾ ਸਭ ਤੋਂ ਵੱਡੀ ਤੇਜ਼ੀ ਦੇਖਣ ਨੂੰ ਮਿਲੀ। ਇਸ ਤੋਂ ਇਲਾਵਾ ਡਾ. ਰੈੱਡੀ, ਐਨਟੀਪੀਸੀ, ਐਕਸਿਸ ਬੈਂਕ, ਸਨ ਫਾਰਮਾ, ਕੋਟਕ ਬੈਂਕ, ਆਈ.ਸੀ.ਆਈ.ਸੀ.ਆਈ. ਬੈਂਕ ਅਤੇ ਰਿਲਾਇੰਸ ਇੰਡਸਟਰੀਜ਼ ਵੀ ਲਾਭ ਦੇ ਨਾਲ ਕਾਰੋਬਾਰ ਕਰ ਰਹੇ ਸਨ। ਪਿਛਲੇ ਸੈਸ਼ਨ ‘ਚ ਸੈਂਸੈਕਸ 226.04 ਅੰਕ ਜਾਂ 0.43 ਫੀਸਦੀ ਦੀ ਤੇਜ਼ੀ ਨਾਲ 52,925.04 ‘ਤੇ ਅਤੇ ਨਿਫਟੀ 69.90 ਅੰਕ ਭਾਵ 0.44 ਫੀਸਦੀ ਚੜ੍ਹ ਕੇ 15,860.35 ‘ਤੇ ਬੰਦ ਹੋਇਆ ਸੀ। ਅਸਥਾਈ ਸਟਾਕ ਮਾਰਕੀਟ ਦੇ ਅੰਕੜਿਆਂ ਦੇ ਅਨੁਸਾਰ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਨੇ ਸ਼ੁੱਕਰਵਾਰ ਨੂੰ ਕੁਲ ਆਧਾਰ ‘ਤੇ 678.84 ਕਰੋੜ ਰੁਪਏ ਦੇ ਸ਼ੇਅਰ ਵੇਚੇ। ਇਸ ਦੌਰਾਨ ਅੰਤਰਰਾਸ਼ਟਰੀ ਤੇਲ ਦਾ ਬੈਂਚਮਾਰਕ ਬ੍ਰੈਂਟ ਕਰੂਡ 0.17% ਦੀ ਗਿਰਾਵਟ ਨਾਲ 75.25 ਡਾਲਰ ਪ੍ਰਤੀ ਬੈਰਲ ‘ਤੇ ਕਾਰੋਬਾਰ ਕਰ ਰਿਹਾ ਸੀ।