Politics
ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਮਾਨਸਾ ‘ਚ ਹੋਣ ਵਾਲੀ ਰੈਲੀ ਰੱਦ

ਕਰੋਨਾ ਵਾਇਰਸ ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਮਾਨਸਾ ‘ਚ ਹੋਣ ਵਾਲੀ ਰੈਲੀ ਨੂੰ ਰੱਦ ਕਰ ਦਿੱਤਾ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸਿਆਸੀ ਸਕੱਤਰ ਤੇ ਬੁਲਾਰੇ ਦਾ ਕਹਿਣਾ ਹੈ ਕਿ ਭਾਰਤ ਸਰਕਾਰ ਦੀ ਸਲਾਹ ਮੁਤਾਬਕ ਮਨੁੱਖਤਾ ਦੇ ਭਲੇ ਲਈ ਮਾਨਸਾ ਰੈਲੀ ਰੱਦ ਕੀਤੀ ਜਾਂਦੀ ਹੈ।
ਬੀਤੇ ਦਿਨੀ ਵੀ ਅਕਾਲੀ ਦਲ ਨੇ 5 ਕਾਨਫਰੰਸਾਂ ਮੁਲਤਵੀ ਕਰਨ ਦਾ ਫੈਸਲਾ ਲਿਆ ਸੀ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਆਪਣੇ ਟਵਿਟਰ ਅਕਾਊਂਟ ‘ਤੇ ਟਵੀਟ ਕਰ ਲਿਖਿਆ ਸੀ ਕਿ “ਲੋਕਾਂ ਦੀ ਸਿਹਤ ਨੂੰ ਮੁੱਖ ਰੱਖਦੇ ਹੋਏ ਸ਼੍ਰੋਮਣੀ ਅਕਾਲੀ ਦਲ ਵੱਲੋਂ 9 ਮਾਰਚ ਨੂੰ ਹੋਲੇ ਮੁਹੱਲੇ ‘ਤੇ ਹੋਣ ਵਾਲੀ ਕਾਨਫ਼ਰੰਸ ਸਮੇਤ ਫ਼ਾਜ਼ਿਲਕਾ ‘ਚ 11 ਮਾਰਚ, ਹੁਸ਼ਿਆਰਪੁਰ ‘ਚ 14 ਮਾਰਚ, ਕਪੂਰਥਲਾ ‘ਚ 18 ਮਾਰਚ ਅਤੇ ਫ਼ਤਿਹਗੜ੍ਹ ਸਾਹਿਬ ‘ਚ 21 ਮਾਰਚ ਨੂੰ ਹੋਣ ਵਾਲੀਆਂ ਜ਼ਿਲ੍ਹਾ ਪੱਧਰੀ ਰੋਸ ਰੈਲੀਆਂ ਮੁਲਤਵੀ ਕਰ ਦਿੱਤੀਆਂ ਗਈਆਂ ਹਨ।
ਦੱਸ ਦਈਏ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਨਾ ਕਰਨ ‘ਤੇ ਪੰਜਾਬ ਸਰਕਾਰ ਦੇ ਝੂਠੇ ਵਾਅਦਿਆਂ ਖਿਲਾਫ ਲਗਾਤਾਰ ਹੱਲਾ ਬੋਲਿਆ ਜਾ ਰਿਹਾ ਹੈ, ਜਿਸ ਦੇ ਤਹਿਤ ਪਾਰਟੀ ਵੱਲੋਂ ਸੂਬੇ ‘ਚ ਰੈਲੀਆਂ ਕੀਤੀਆਂ ਜਾ ਰਹੀਆਂ ਹਨ ਤੇ ਪੰਜਾਬ ਦੇ ਲੋਕਾਂ ਸਾਹਮਣੇ ਕਾਂਗਰਸ ਸਰਕਾਰ ਦੀ ਪੋਲ ਖੋਲੀ ਜਾ ਰਹੀ ਹੈ। ਅਕਾਲੀ ਦਲ ਦੀ ਇਹਨਾਂ ਰੈਲੀਆਂ ਨੂੰ ਪੰਜਾਬ ਦੇ ਲੋਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ।