Hoshiarpur
ਵਿਆਹ ਵਾਲੇ ਘਰ ‘ਚ ਚੱਲੀਆਂ ਗੋਲੀਆਂ, ਜਾਨ ਬਚਾ ਕੇ ਭੱਜੇ ਲੋਕ

ਹੁਸ਼ਿਆਰਪੁਰ: ਜ਼ਿਲ੍ਹਾ ਹੁਸ਼ਿਆਰਪੁਰ ਦੇ ਬਲਾਕ ਟਾਂਡਾ ਉੜਮੁੜ ਅਧੀਨ ਇੱਕ ਵਿਆਹ ‘ਚ ਗੋਲੀਬਾਰੀ ਹੋਣ ਦੀ ਖਬਰ ਸਾਹਮਣੇ ਆਈ ਹੈ । ਜਾਣਕਾਰੀ ਮੁਤਾਬਿਕ ਪਿੰਡ ਰਾਣੀਆਂ ‘ਚ 2 ਸਾਲ ਪਹਿਲਾਂ ਵਿਆਹ ਸਮਾਗਮ ਦੌਰਾਨ ਕਤਲ ਦੀ ਗਵਾਹੀ ਦੇਣ ਵਾਲੇ ਪਰਿਵਾਰ ਦੇ ਘਰ ‘ਤੇ ਹਥਿਆਰਬੰਦ ਨੌਜਵਾਨਾਂ ਨੇ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਘਰ ਦਾ ਹਰ ਸਮਾਨ ਤੋੜ ਦਿੱਤਾ। ਹਮਲਾਵਰਾਂ ਨੇ ਕਾਰ ਅਤੇ ਬੁਲੇਟ ਮੋਟਰਸਾਈਕਲ ਨੂੰ ਵੀ ਬੁਰੀ ਤਰ੍ਹਾਂ ਨੁਕਸਾਨ ਪਹੁੰਚਾਇਆ।
ਇਸ ਦੌਰਾਨ ਪਿੰਡ ਦੀ ਸਰਪੰਚ ਰਾਜਵਿੰਦਰ ਕੌਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ‘ਆਪ’ ਆਗੂ ਹਰਨੇਕ ਸਿੰਘ ਤੇ ਉਸ ਦੇ ਸਾਥੀਆਂ ਨੇ ਕਈ ਰਾਊਂਡ ਫਾਇਰ ਵੀ ਕੀਤੇ ਹਨ। ਉਨ੍ਹਾਂ ਨੇ ਕਿਹਾ ਹੈ ਕਿ ਜੇਕਰ ਪਿੰਡ ਦੇ ਲੋਕ ਇਕਜੁੱਟ ਨਾ ਹੁੰਦੇ ਤਾਂ ਕਈ ਲੋਕਾਂ ਦੀ ਜਾਨ ਜਾ ਸਕਦੀ ਸੀ। ਬੀਤੀ ਰਾਤ ਵਾਪਰੀ ਇਸ ਘਟਨਾ ਕਾਰਨ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਪੂਰੇ ਪਰਿਵਾਰ ਨੇ ਲੁੱਕ ਕੇ ਆਪਣੀ ਜਾਨ ਬਚਾਈ ਪਰ ਫਿਰ ਵੀ ਹਮਲਾਵਰਾਂ ਨੇ ਸਬਰ ਨਾਲ ਘਰ ਦੇ ਦਰਵਾਜ਼ੇ ਅਤੇ ਖਿੜਕੀਆਂ ਤੋੜ ਦਿੱਤੀਆਂ। ਹਮਲਾਵਰਾਂ ਨੇ ਲਾੜੇ ਅਤੇ ਉਸ ਦੇ ਗਵਾਹ ਪਿਤਾ ਜਸਵਿੰਦਰ ਸਿੰਘ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ, ਜਿਨ੍ਹਾਂ ਨੂੰ ਸਿਵਲ ਹਸਪਤਾਲ ਟਾਂਡਾ ਉੜਮੁੜ ਦਾਖਲ ਕਰਵਾਇਆ ਗਿਆ। ਜਿੱਥੇ ਜ਼ਖਮੀਆਂ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਹੁਣ ਹਰਨੇਕ ਸਿੰਘ ਵੱਲੋਂ ਪਹਿਲਾਂ ਕੀਤੇ ਗਏ ਕਤਲ ਦੀ ਆਖਰੀ ਗਵਾਹੀ ਸੀ, ਜਿਸ ਕਾਰਨ ਹਰਨੇਕ ਸਿੰਘ ਨੇ ਕਰੀਬ 40 ਸਾਥੀਆਂ ਸਮੇਤ ਇਸ ਵਾਰਦਾਤ ਨੂੰ ਅੰਜਾਮ ਦਿੱਤਾ।
