Punjab
STF ਨੂੰ ਮਿਲੀ ਸਫਲਤਾ,10 ਕਰੋੜ ਦੀ ਹੈਰੋਇਨ ਸਮੇਤ 2 ਤਸਕਰ ਕੀਤੇ ਕਾਬੂ

ਐਸ.ਟੀ.ਐਫ ਨਸ਼ਾ ਤਸਕਰਾਂ ਖਿਲਾਫ ਵਿੱਢੀ ਮੁਹਿੰਮ ਤਹਿਤ ਲੁਧਿਆਣਾ ਦੀ ਟੀਮ ਨੇ 10 ਕਰੋੜ ਰੁਪਏ ਦੀ ਹੈਰੋਇਨ ਸਮੇਤ ਦੋ ਸਮੱਗਲਰਾਂ ਨੂੰ ਕਾਬੂ ਕੀਤਾ ਹੈ। ਐਸਟੀਐਫ ਇੰਚਾਰਜ ਹਰਬੰਸ ਸਿੰਘ ਰਹੀਲ ਨੇ ਦੱਸਿਆ ਕਿ ਪੁਲੀਸ ਨੂੰ ਮੁਖਬਰ ਨੇ ਇਤਲਾਹ ਦਿੱਤੀ ਕਿ ਦੋ ਵਿਅਕਤੀ ਹੈਰੋਇਨ ਦੀ ਵੱਡੀ ਖੇਪ ਲੈ ਕੇ ਦਰੇਸੀ ਥਾਣਾ ਖੇਤਰ ਵਿੱਚ ਆਪਣੇ ਗਾਹਕਾਂ ਨੂੰ ਸਪਲਾਈ ਕਰਨ ਲਈ ਆ ਰਹੇ ਹਨ, ਜਿਸ ’ਤੇ ਐਸਟੀਐਫ ਚੌਕਸ ਹੋ ਗਈ। ਟੀਮ ਨੇ ਤੁਰੰਤ ਕਾਰਵਾਈ ਕਰਦੇ ਹੋਏ ਸ਼ਿਵਪੁਰੀ ਸ਼ਮਸ਼ਾਨਘਾਟ ਨੇੜੇ ਐਕਟਿਵਾ ਸਵਾਰ ਦੋ ਵਿਅਕਤੀਆਂ ਨੂੰ ਕਾਬੂ ਕਰ ਲਿਆ। ਜਦੋਂ ਪੁਲੀਸ ਟੀਮ ਨੇ ਐਕਟਿਵਾ ਦੀ ਤਲਾਸ਼ੀ ਲਈ ਤਾਂ ਟਰੰਕ ’ਚੋਂ 1 ਕਿਲੋ 950 ਗ੍ਰਾਮ ਹੈਰੋਇਨ ਬਰਾਮਦ ਹੋਈ।
ਪੁਲਿਸ ਨੇ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੀ ਪਛਾਣ ਕਪਿਲ ਕੁਮਾਰ ਪੁੱਤਰ ਰਾਜ ਕੁਮਾਰ ਵਾਸੀ ਮੁਹੱਲਾ ਸ਼ਿਵਪੁਰੀ ਨੇੜੇ ਮੱਛੀ ਮੰਡੀ ਅਤੇ ਵਰੁਣ ਕੁਮਾਰ ਵੀਨੂੰ ਪੁੱਤਰ ਅਸ਼ੋਕ ਕੁਮਾਰ ਵਾਸੀ ਜੋਧੇਵਾਲ ਵਜੋਂ ਹੋਈ ਹੈ। ਦੋਵਾਂ ਮੁਲਜ਼ਮਾਂ ਖ਼ਿਲਾਫ਼ ਮੁਹਾਲੀ ਪੁਲਿਸ ਥਾਣਾ ਐਸ.ਟੀ.ਐਫ. ਐਨ.ਡੀ.ਪੀ.ਐਸ ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।