Punjab
PRTC ਬੱਸਾਂ ਨੂੰ ਲੈ ਕੇ ਸਖ਼ਤ ਫ਼ਰਮਾਨ ਜਾਰੀ, ਡਰਾਈਵਰ ਤੇ ਕੰਡਕਟਰ ਧਿਆਨ ਨਾਲ ਪੜ੍ਹ ਲੈਣ ਇਹ ਖ਼ਬਰ!
PRTC ਬੱਸਾਂ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਦਰਅਸਲ PRTC ਵੱਲੋਂ ਇਕ ਨਵਾਂ ਹੁਕਮ ਜਾਰੀ ਕੀਤਾ ਗਿਆ ਹੈ। ਇਸ ਹੁਕਮ ਮੁਤਾਬਕ ਹੁਣ PRTC ਦੇ ਕੰਡਕਟਰ ਡਰਾਈਵਰ ਨਾਲ ਅੱਗੇ ਦੀ ਸੀਟ ‘ਤੇ ਨਹੀਂ ਬੈਠ ਸਕਣਗੇ। ਕੰਡਕਟਰਾਂ ਨੂੰ ਪਿੱਛੇ ਤਾਕੀ ਕੋਲ ਸੀਟ ‘ਤੇ ਬੈਠਣਾ ਹੋਵੇਗਾ।
ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਪੀ.ਆਰ.ਟੀ.ਸੀ) ਵਲੋਂ ਜਾਰੀ ਪੱਤਰ ਵਿਚ ਕਿਹਾ ਗਿਆ ਹੈ ਕਿ ਦਫ਼ਤਰ ਨੂੰ ਵਾਰ-ਵਾਰ ਸ਼ਿਕਾਇਤਾਂ ਪ੍ਰਾਪਤ ਹੋ ਰਹੀਆਂ ਸਨ ਕਿ ਪੀਆਰਟੀਸੀ ਦੇ ਕੰਡਕਟਰ ਬੱਸਾਂ ਵਿਚ ਆਪਣੀ ਡਿਊਟੀ ਦੌਰਾਨ ਮੋਟਰ ਵਹੀਕਲ ਐਕਟ ਦੀ ਧਾਰਾ ਤਹਿਤ ਨਿਰਧਾਰਤ ਕੀਤੀ ਗਈ ਸੀਟ ‘ਤੇ ਨਾ ਬੈਠ ਕੇ ਬੱਸ ਦੀ ਇਕ ਨੰਬਰ ਸੀਟ ਜਾਂ ਡਰਾਇਵਰ ਕੋਲ ਇੰਜਣ ‘ਤੇ ਬੈਠੇ ਪਾਏ ਜਾਂਦੇ ਹਨ। ਇਸ ਕਰਕੇ ਕੰਡਕਟਰਾਂ ਵਲੋਂ ਸਵਾਰੀਆਂ ਦੇ ਬੱਸਾਂ ਵਿਚ ਉਤਰਨ ਜਾਂ ਚੜ੍ਹਣ ਸਮੇਂ ਧਿਆਨ ਨਹੀਂ ਦਿੱਤਾ ਜਾਂਦਾ ਹੈ। ਇਸ ਕਰਕੇ ਹਾਦਸਾ ਹੋਣ ਦਾ ਖਦਸ਼ਾ ਵੀ ਬਣਿਆ ਰਹਿੰਦਾ ਹੈ।
ਇਸ ਸੰਬੰਧੀ ਮੁੱਖ ਦਫ਼ਤਰ ਵਲੋਂ ਪਹਿਲਾਂ ਵੀ ਹੁਕਮਾਂ ਰਾਹੀਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ। ਪ੍ਰੰਤੂ ਕੰਡਕਟਰਾਂ ਵਲੋਂ ਉਕਤ ਹਦਾਇਤਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ ਹੈ। ਇਸ ਲਈ ਮੁੜ ਹਦਾਇਤ ਕੀਤੀ ਜਾਂਦੀ ਹੈ ਕਿ ਜਿਨ੍ਹਾਂ ਕੰਡਕਟਰਾਂ ਵਲੋਂ ਉਕਤ ਅਨੁਸਾਰ ਜਾਰੀ ਕੀਤੀਆਂ ਹਦਾਇਤਾਂ ਦੀ ਪਾਲਣਾ ਨਹੀਂ ਕੀਤੀ ਜਾਂਦੀ ਅਤੇ ਡਿਊਟੀ ਦੌਰਾਨ ਜੇਕਰ ਕੋਈ ਕੰਡਕਟਰ ਬੱਸ ਦੀ 1 ਨੰਬਰ ਸੀਟ ਜਾਂ ਡਰਾਇਵਰ ਕੋਲ ਇੰਜਣ ‘ਤੇ ਬੈਠਾ ਪਾਇਆ ਜਾਂਦਾ ਹੈ ਤਾਂ ਉਸ ਕੰਡਕਟਰ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।