Connect with us

Punjab

CBSE ਦਾ ਸਖ਼ਤ ਫ਼ਰਮਾਨ! ਬੋਰਡ ਦੇ ਪੇਪਰ ਦੇਣ ਵਾਲੇ ਵਿਦਿਆਰਥੀ ਜ਼ਰੂਰ ਪੜ੍ਹਨ ਇਹ ਖ਼ਬਰ

Published

on

CBSE ਬੋਰਡ ਦੀਆਂ 10ਵੀਂ ਤੇ 12ਵੀਂ ਦੀਆਂ ਪ੍ਰੀਖਿਆਵਾਂ 15 ਫਰਵਰੀ 2025 ਤੋਂ ਸ਼ੁਰੂ ਹੋਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ। ਅਕਸਰ ਦੇਖਿਆ ਜਾਂਦਾ ਹੈ ਕਿ ਇਨ੍ਹਾਂ ਕਲਾਸਾਂ ਦੇ ਵਿਦਿਆਰਥੀ ਸਕੂਲ ਹਾਜ਼ਰੀ ਵੱਲ ਬਹੁਤਾ ਧਿਆਨ ਨਾ ਦੇ ਕੇ ਪੇਪਰਾਂ ਤੋਂ ਪਹਿਲਾਂ ਸਕੂਲ ਨੂੰ ਕਾਫੀ ਮਿਸ ਕਰਨਾ ਸ਼ੁਰੂ ਕਰ ਦਿੰਦੇ ਹਨ ਪਰ ਹੁਣ ਬੋਰਡ ਨੇ ਇਸ ਮਾਮਲੇ ’ਚ ਸਖਤ ਰੂਖ ਅਖਤਿਆਰ ਕਰਦਿਆਂ 10ਵੀਂ ਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਪਹਿਲਾਂ ਹੀ ਹਾਜ਼ਰੀ ਗਾਈਡਲਾਈਨ ਜਾਰੀ ਕਰ ਕੇ ਅਲਰਟ ਕਰਦੇ ਹੋਏ ਵਿਦਿਆਰਥੀਆਂ ਦੇ ਨਾਲ-ਨਾਲ ਸਕੂਲ ਪ੍ਰਬੰਧਕਾਂ ਨੂੰ ਵੀ ਸਖਤ ਨਿਰਦੇਸ਼ ਦਿੱਤੇ ਹਨ।

ਬੋਰਡ ਨੇ ਆਪਣੀ ਜਾਰੀ ਕੀਤੀ ਗਾਈਡਲਾਈਨ ’ਚ ਸਪੱਸ਼ਟ ਕਰਦਿਆਂ ਕਿਹਾ ਕਿ ਜੇਕਰ ਬੋਰਡ ਦੀ ਪ੍ਰੀਖਿਆਵਾਂ ਦੇਣ ਵਾਲੇ ਵਿਦਿਆਰਥੀਆਂ ਦੀ ਹਾਜ਼ਰੀ 75 ਫੀਸਦੀ ਤੋਂ ਘੱਟ ਪਾਈ ਗਈ ਤਾਂ ਜਿਥੇ ਉਨ੍ਹਾਂ ਵਿਦਿਆਰਥੀਆਂ ਨੂੰ ਪ੍ਰੀਖਿਆ ’ਚ ਬੈਠਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ, ਉਥੇ ਅਜਿਹੇ ਹਾਲਾਤਾਂ ’ਚ ਸਬੰਧਤ ਸਕੂਲ ਦੀ ਐਫੀਲੀਏਸ਼ਨ ਵੀ ਰੱਦ ਕੀਤੀ ਜਾ ਸਕਦੀ ਹੈ।ਕਿਉਂਕਿ ਵੱਡੀ ਗਿਣਤੀ ਵਿਦਿਆਰਥੀ ਨਵੰਬਰ ਮਹੀਨੇ ਤੋਂ ਬਾਅਦ ਪ੍ਰੀਖਿਆ ਦੀ ਤਿਆਰੀ ਕਰਨ ਦੇ ਚੱਕਰ ’ਚ ਸਕੂਲ ਮਿਸ ਕਰਨਾ ਸ਼ੁਰੂ ਕਰ ਦਿੰਦੇ ਹਨ ਅਤੇ ਇਹ ਵਿਦਿਆਰਥੀ ਪ੍ਰੈਕਟੀਕਲ ਜਾਂ ਪ੍ਰੀ-ਬੋਰਡ ਇਮਤਿਹਾਨਾਂ ਦੌਰਾਨ ਹੀ ਸਕੂਲ ਆਉਂਦੇ ਹਨ ਜਦਕਿ ਬਾਕੀ ਸਮਾਂ ਉਹ ਘਰ ਰਹਿ ਕੇ ਹੀ ਪੜ੍ਹਨ ਨੂੰ ਤਰਜੀਹ ਦਿੰਦੇ ਹਨ।

ਜਿਸਨੂੰ ਦੇਖਦੇ ਹੋਏ ਬੋਰਡ ਨੇ ਨਵੰਬਰ ਮਹੀਨਾ ਸ਼ੁਰੂ ਹੋਣ ਤੋਂ ਪਹਿਲਾਂ ਹੀ ਇਹ ਗਾਈਡਲਾਈਨ ਜਾਰੀ ਕਰ ਕੇ ਵਿਦਿਆਰਥੀਆਂ ਅਤੇ ਸਕੂਲ ਪ੍ਰਬੰਧਕਾਂ ਨੂੰ ਅਲਰਟ ਕੀਤਾ ਹੈ ਕਿ ਸੀ. ਬੀ. ਐੱਸ. ਈ. ਬੋਰਡ ਇਮਤਿਹਾਨ ’ਚ ਸ਼ਾਮਲ ਹੋਣ ਲਈ ਵਿਦਿਆਰਥੀਆਂ ਦਾ ਘੱਟੋ-ਘੱਟ ਹਾਜ਼ਰੀ ਦੇ ਨਿਯਮ ਨੂੰ ਧਿਆਨ ’ਚ ਰੱਖਣਾ ਜ਼ਰੂਰੀ ਹੈ। ਭਾਵ ਬੋਰਡ ਐਗਜ਼ਾਮ ਦੇਣ ਲਈ ਵਿਦਿਆਰਥੀ ਦੀ 75 ਫ਼ੀਸਦੀ ਹਾਜ਼ਰੀ ਹੋਣੀ ਜ਼ਰੂਰੀ ਹੈ।

ਉਕਤ ਗਾਈਡਲਾਈਨ ’ਚ ਬੋਰਡ ਨੇ ਇਹ ਵੀ ਕਿਹਾ ਕਿ ਮੈਡੀਕਲ ਐਮਰਜੈਂਸੀ, ਰਾਸ਼ਟਰੀ ਖੇਡਾਂ ’ਚ ਭਾਗ ਲੈਣਾ ਜਾਂ ਕੋਈ ਹੋਰ ਗੰਭੀਰ ਸਥਿਤੀ ਵਰਗੇ ਕੁਝ ਖਾਸ ਹਾਲਾਤਾਂ ਦੌਰਾਨ ਵਿਦਿਆਰਥੀਆਂ ਨੂੰ 25 ਫ਼ੀਸਦੀ ਦੀ ਛੋਟ ਦਾ ਪ੍ਰਬੰਧ ਵੀ ਕੀਤਾ ਗਿਆ ਹੈ ਪਰ ਇਹ ਛੋਟ ਵਿਦਿਆਰਥੀ ਨੂੰ ਉਕਤ ਹਾਲਾਤ ਬਾਰੇ ਸਬੰਧਤ ਦਸਤਾਵੇਜ਼ੀ ਸਬੂਤ ਦਿਖਾਉਣ ਤੋਂ ਬਾਅਦ ਹੀ ਮਿਲੇਗੀ।

ਇਸ ਲਈ ਸਕੂਲ ਨੂੰ ਵਿਦਿਆਰਥੀਆਂ ਦਾ ਹਾਜ਼ਰੀ ਰਿਕਾਰਡ ਰੱਖਣਾ ਹੋਵੇਗਾ। ਬੋਰਡ ਕਿਸੇ ਵੀ ਸਮੇਂ ਇਸ ਦੀ ਜਾਂਚ ਕਰ ਸਕਦਾ ਹੈ। ਇਸ ਚੈਕਿੰਗ ਦੌਰਾਨ ਜੇਕਰ ਰਿਕਾਰਡ ਅਧੂਰਾ ਪਾਇਆ ਜਾਂਦਾ ਹੈ ਜਾਂ ਇਹ ਸਪੱਸ਼ਟ ਹੁੰਦਾ ਹੈ ਕਿ ਵਿਦਿਆਰਥੀ ਨਿਯਮਿਤ ਤੌਰ ’ਤੇ ਸਕੂਲ ਨਹੀਂ ਆ ਰਹੇ ਤਾਂ ਸਕੂਲ ਨੂੰ ਸਖਤ ਕਾਰਵਾਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜਿਸ ’ਚ ਸਕੂਲ ਦੀ ਐਫਲੀਏਸ਼ਨ ਵੀ ਰੱਦ ਕੀਤੀ ਜਾ ਸਕਦੀ ਹੈ।