Connect with us

Punjab

ਸੁਖਬੀਰ ਬਾਦਲ ਨੇ ਮੰਨਿਆ ਗੜਗੱਜ ਸੰਗਤ ਵੱਲੋਂ ਪ੍ਰਵਾਨਿਤ ਜਥੇਦਾਰ ਨਹੀਂ!

Published

on

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੰਨ ਲਿਆ ਹੈ ਕਿ ਉਨ੍ਹਾਂ ਵੱਲੋਂ ਥਾਪੇ ਗਏ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੱਖ ਸੰਗਤ ਵੱਲੋਂ ਪ੍ਰਵਾਨਿਤ ਜਥੇਦਾਰ ਨਹੀਂ ਹਨ। ਬੀਤੇ ਦਿਨ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਮਨਾਏ ਗਏ ਘੱਲੂਘਾਰਾ ਦਿਵਸ ਮੌਕੇ ਜੋ ਕੁੱਝ ਬਦਲਿਆ ਨਜ਼ਰ ਆਇਆ ਉਸ ਤੋਂ ਸਪੱਸ਼ਟ ਹੋ ਗਿਆ ਹੈ ਕਿ ਸੁਖਬੀਰ ਸਿੰਘ ਬਾਦਲ ਨੇ ਖੁਦ ਮੰਨ ਲਿਆ ਹੈ ਕਿ ਜੋ ਲੋਕ ਕੁਲਦੀਪ ਸਿੰਘ ਗੜਗੱਜ ਨੂੰ ਜਥੇਦਾਰ ਬਣਾਏ ਜਾਣ ‘ਤੇ ਸਵਾਲ ਚੁੱਕ ਰਹੇ ਹਨ ਉਹ ਠੀਕ ਹਨ।6 ਜੂਨ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ 25 ਸਾਲਾਂ ਵਿੱਚ ਪਹਿਲੀ ਵਾਰ ਕੌਮ ਦੇ ਨਾਮ ਸੰਦੇਸ਼ ਨਹੀਂ ਦਿੱਤਾ ਗਿਆ ਅਤੇ ਨਾ ਹੀ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਗਿਆ। ਜਥੇਦਾਰ ਦੀ ਥਾਂ ‘ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।

ਘੱਲੂਘਾਰਾ ਦਿਵਸ 1999 ਵਿੱਚ ਮਨਾਉਣਾ ਸ਼ੁਰੂ ਕੀਤਾ ਗਿਆ ਸੀ ਅਤੇ ਉਦੋਂ ਤੋਂ ਹੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਕੌਮ ਦੇ ਨਾਮ ਸੰਦੇਸ਼ ਦਿੱਤਾ ਜਾਂਦਾ ਰਿਹਾ ਹੈ।ਇਸ ਦਿਨ ਹਰ ਸਾਲ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਜੂਨ 1984 ਵਿੱਚ ਸ਼ਹੀਦ ਹੋਏ ਸਿੰਘਾਂ ਦੇ ਪਰਿਵਾਰਾਂ ਨੂੰ ਵੀ ਸਨਮਾਨਿਤ ਕੀਤਾ ਜਾਂਦਾ ਰਿਹਾ ਹੈ। ਲੇਕਿਨ ਇਸ ਵਾਰ ਸਭ ਕੁੱਝ ਬਦਲਿਆ ਨਜ਼ਰ ਆਇਆ ਹੈ। ਕੁਲਦੀਪ ਸਿੰਘ ਗੜਗੱਜ ਨੂੰ ਸੰਦੇਸ਼ ਕਿਉੰ ਨਹੀਂ ਦੇਣ ਦਿੱਤਾ ਗਿਆ?ਤੇ ਉਨ੍ਹਾਂ ਨੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕਿਉੰ ਨਹੀਂ ਕੀਤਾ? ਇਹ ਤੁਸੀਂ ਸਭ ਜਾਣਦੇ ਹੋ ਕਿ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ (ਧੁੰਮਾਂ) ਨੇ ਐਲਾਨ ਕੀਤਾ ਸੀ ਕਿ ਗੜਗੱਜ ਕੌਮ ਤੋਂ ਪ੍ਰਵਾਨਿਤ ਜਥੇਦਾਰ ਨਹੀਂ ਹਨ ਇਸ ਲਈ ਉਨ੍ਹਾਂ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਕੌਮ ਦੇ ਨਾਮ ਸੰਦੇਸ਼ ਨਹੀਂ ਦੇਣ ਦਿੱਤਾ ਜਾਵੇਗਾ।ਉਨ੍ਹਾਂ ਵਾਂਗ ਹੀ ਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ ਨੇ ਵੀ ਐਲਾਨ ਕਰ ਦਿੱਤਾ ਸੀ ਕਿ ਕਿਸੇ ਵੀ ਹਾਲਤ ਵਿੱਚ ਕੁਲਦੀਪ ਸਿੰਘ ਗੜਗੱਜ ਨੂੰ ਸੰਦੇਸ਼ ਨਹੀਂ ਦੇਣ ਦਿੱਤਾ ਜਾਵੇਗਾ। ਇਸੇ ਤਰ੍ਹਾਂ ਹੀ ਸ਼ਹੀਦਾਂ ਦੇ ਪਰਿਵਾਰਾਂ ਨੇ ਵੀ ਕਿਹਾ ਸੀ ਕਿ ਉਹ ਕੁਲਦੀਪ ਸਿੰਘ ਗੜਗੱਜ ਨੂੰ ਜਥੇਦਾਰ ਨਹੀਂ ਮੰਨਦੇ ਇਸ ਲਈ ਉਹ ਗੜਗੱਜ ਤੋਂ ਸਨਮਾਨ ਨਹੀਂ ਲੈਣਗੇ।

ਪਹਿਲਾਂ ਤਾਂ ਸੁਖਬੀਰ ਸਿੰਘ ਬਾਦਲ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਬਾਬਾ ਹਰਨਾਮ ਸਿੰਘ ਖਾਲਸਾ ਨੂੰ ਮਨਾਉਣ ਲਈ ਭੇਜਿਆ ਪਰ ਉਹ ਟੱਸ ਤੋਂ ਮੱਸ ਨਹੀਂ ਸਨ ਹੋਏ ਫਿਰ ਸੁਖਬੀਰ ਸਿੰਘ ਬਾਦਲ ਖ਼ੁਦ ਬਾਬਾ ਧੁੰਮਾਂ ਨੂੰ ਮਿਲੇ ਪਰ ਉਹ ਆਪਣੇ ਫੈਸਲੇ ‘ਤੇ ਅੜੇ ਰਹੇ। ਨਿਹੰਗ ਸਿੰਘ ਜਥੇਬੰਦੀਆਂ ਨੂੰ ਮਨਾਉਣ ਦੀ ਵੀ ਕੋਸ਼ਿਸ ਕੀਤੀ ਗਈ ਲੇਕਿਨ ਸੁਖਬੀਰ ਸਿੰਘ ਬਾਦਲ ਨੂੰ ਸਫਲਤਾ ਨਹੀਂ ਮਿਲੀ। ਆਖਿਰ ਸੁਖਬੀਰ ਨੂੰ ਇਹ ਮੰਨਣਾ ਪਿਆ ਕਿ ਕੁਲਦੀਪ ਸਿੰਘ ਗੜਗੱਜ ਸੰਗਤ ਵੱਲੋਂ ਪ੍ਰਵਾਨਿਤ ਜਥੇਦਾਰ ਨਹੀਂ ਹਨ, ਇਸ ਲਈ 25 ਸਾਲ ਤੋਂ ਚੱਲੀ ਆ ਰਹੀ ਮਰਿਆਦਾ ਬਦਲ ਕੇ ਗਿਆਨੀ ਗੜਗੱਜ ਤੋਂ ਕੇਵਲ ਇੱਕ ਅਰਦਾਸੀਏ ਗ੍ਰੰਥੀ ਦਾ ਕਾਰਜ ਕਰਵਾਇਆ ਗਿਆ।

ਇਸ ਵਾਰ ਕੌਮ ਦੇ ਨਾਮ ਸੰਦੇਸ਼ ਦਿੱਤਾ ਹੀ ਨਹੀਂ ਗਿਆ ਕਿਉੰਕਿ ਇਸ ਵਾਰ ਕੋਈ ਜਥੇਦਾਰ (ਪ੍ਰਵਾਨਿਤ) ਹੈ ਹੀ ਨਹੀਂ ਸੀ। ਇਸ ਵਾਰ ਦੋ ਬਦਲਾਅ ਹੋਰ ਵੀ ਵੇਖਣ ਨੂੰ ਮਿਲੇ ਪਹਿਲਾ ਬਾਬਾ ਹਰਨਾਮ ਸਿੰਘ ਖਾਲਸਾ ਪਹਿਲੀ ਵਾਰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਘੱਲੂਘਾਰਾ ਦਿਵਸ ਮਨਾਉਣ ਲਈ ਆਏ। ਪਹਿਲਾਂ ਹਰ ਸਾਲ ਉਹ ਦਮਦਮੀ ਟਕਸਾਲ ਵੱਲੋਂ ਘੱਲੂਘਾਰਾ ਦਿਵਸ ਮਹਿਤਾ ਚੌਕ ਬਟਾਲਾ ਵਿਖੇ ਮਨਾਉਂਦੇ ਰਹੇ ਹਨ। ਦੂਜਾ ਬਦਲਾਅ ਇਹ ਸੀ ਕਿ ਸਿਮਰਨਜੀਤ ਸਿੰਘ ਮਾਨ ਜਥੇਦਾਰ ਦੇ ਹੱਕ ਵਿੱਚ ਖੜੇ ਨਜ਼ਰ ਆਏ ਅਤੇ ਸ਼ਾਂਤਮਈ ਤਰੀਕੇ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੁੱਜੇ।

ਪਿਛਲੇ ਸਮੇਂ ਦੌਰਾਨ ਘੱਲੂਘਾਰਾ ਦਿਵਸ ਵਾਲੇ ਦਿਨ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਦੇ ਲੋਕਾਂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟਾਸਕ ਫੋਰਸ ਵਿਚਾਲੇ ਝੜਪਾਂ ਹੁੰਦੀਆਂ ਰਹੀਆਂ ਹਨ ਅਤੇ ਮਹੌਲ ਖ਼ਰਾਬ ਹੁੰਦਾ ਰਿਹਾ ਹੈ। ਇਸ ਵਾਰ ਇੱਕ ਗੱਲ ਵਧੀਆ ਵੇਖਣ ਨੂੰ ਮਿਲੀ ਹੈ ਕਿ ਇੱਕਾ ਦੁੱਕਾ ਘਟਨਾਵਾਂ ਦੇ ਇਲਾਵਾ ਘੱਲੂਘਾਰਾ ਦਿਵਸ ਅਮਨ ਅਮਾਨ ਨਾਲ ਨੇਪਰੇ ਚੜ੍ਹਿਆ। ਹੁਣ ਜਦੋਂ ਸੁਖਬੀਰ ਸਿੰਘ ਬਾਦਲ ਨੇ ਮੰਨ ਹੀ ਲਿਆ ਹੈ ਕਿ ਕੁਲਦੀਪ ਸਿੰਘ ਗੜਗੱਜ ਨੂੰ ਕੌਮ ਪ੍ਰਵਾਨ ਨਹੀਂ ਕਰਦੀ ਤਾਂ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਕੌਮ ਦਾ ਪ੍ਰਵਾਨਿਤ ਜਥੇਦਾਰ ਲਗਾਇਆ ਜਾਵੇ। ਸਿੱਖ ਸਿਆਸਤਦਾਨੋਂ ਹਉਮੈ ਛੱਡ ਕੇ ਇੱਕ ਮੰਚ ‘ਤੇ ਇਕੱਠੇ ਹੋਵੋ, ਇਸ ਵਿੱਚ ਹੀ ਕੌਮ ਅਤੇ ਪੰਜਾਬ ਦਾ ਭਲਾ ਹੈ।

ਕੁਲਵੰਤ ਸਿੰਘ ਗੱਗੜਪੁਰੀ