India
ਨੂਰਮਹਿਲ ਇਲਾਕੇ ‘ਚ ਸੁਨੀਲ ਜਾਖੜ ਨੇ ਕਿਸਾਨਾਂ ਨਾਲ ਕੀਤੀ ਮੁਲਾਕਾਤ

ਜਲੰਧਰ, ਪਰਮਜੀਤ ਰੰਗਪੁਰੀ, 7 ਜੁਲਾਈ : ਜਲੰਧਰ ਵਿੱਚ ਅੱਜ ਦਾ ਦਿਨ ਰਾਜਨੀਤਕ ਤੌਰ ਤੇ ਧਰਨੇ ਪ੍ਰਦਰਸ਼ਨ ਅਤੇ ਇੱਕ ਦੂਜੀ ਪਾਰਟੀ ਦੇ ਇਲਜ਼ਾਮਾਂ ਦਾ ਰਿਹਾ। ਅੱਜ ਸਵੇਰੇ ਜਿੱਥੇ ਜਲੰਧਰ ਵਿੱਚ ਅਕਾਲੀ ਦਲ ਨੇ ਕਾਂਗਰਸ ਸਰਕਾਰ ਦੇ ਖਿਲਾਫ ਧਰਨਾ ਪ੍ਰਦਰਸ਼ਨ ਕੀਤਾ। ਉਹਦੇ ਦੂਸਰੇ ਪਾਸੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਅੱਜ ਜਲੰਧਰ ਦੇ ਨੂਰਮਹਿਲ ਇਲਾਕੇ ਵਿੱਚ ਕਿਸਾਨਾਂ ਨਾਲ ਮੁਲਾਕਾਤ ਕੀਤੀ।
ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਦਾ ਦੇਸ਼ ਲਈ ਅਨਾਜ ਉਤਪਾਦਨ ਵਿੱਚ ਸਭ ਤੋਂ ਵੱਡਾ ਯੋਗਦਾਨ ਹੈ ਅਤੇ ਅੱਜ ਇਹੀ ਕਿਸਾਨ ਨੇ ਜਿਨ੍ਹਾਂ ਕਰਕੇ ਦੇਸ਼ ਦੇ ਅਨਾਜ ਦੇ ਗੋਦਾਮ ਭਰੇ ਹੋਏ ਪਏ ਨੇ। ਪਰ ਬਾਵਜੂਦ ਇਸ ਦੇ ਕੇਂਦਰ ਸਰਕਾਰ ਵੱਲੋਂ ਕਿਸਾਨ ਮਾਰੂ ਨੀਤੀਆਂ ਲਿਆਂਦੀਆਂ ਜਾ ਰਹੀਆਂ ਹਨ, ਉਨ੍ਹਾਂ ਕਿਹਾ ਕਿ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗਰੀਬ ਲੋਕਾਂ ਨੂੰ ਤਿੰਨ ਮਹੀਨੇ ਤੱਕ ਅਨਾਜ ਮੁਫ਼ਤ ਦੇਣ ਦੀ ਗੱਲ ਸਿਰਫ ਇਸ ਲਈ ਕਰ ਰਹੇ ਹਨ ਕਿਉਂਕਿ ਦੇਸ਼ ਵਿੱਚ ਅਨਾਜ ਦੀ ਕੋਈ ਕਮੀ ਨਹੀਂ ਹੈ, ਪਰ ਇਸ ਦੇ ਦੂਸਰੇ ਪਾਸੇ ਕੇਂਦਰ ਸਰਕਾਰ ਕਿਸਾਨ ਮਾਰੂ ਨੀਤੀਆਂ ਲਿਆ ਕੇ ਕਿਸਾਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਦੀ ਇਸ ਨੀਤੀ ਵਿੱਚ ਅਕਾਲੀ ਦਲ ਵੀ ਨਾਲ ਰਲਿਆ ਹੋਇਆ ਹੈ।
ਜਾਖੜ ਨੇ ਕਿਹਾ ਕਿ ਕੇਂਦਰ ਸਰਕਾਰ ਵਿੱਚ ਪੰਜਾਬ ਦੇ ਕਈ ਮੰਤਰੀ ਨੇ ਪਰ ਇਹ ਮੰਤਰੀ ਪੰਜਾਬ ਲਈ ਕੁਝ ਵੀ ਕਰਨ ਦੀ ਬਜਾਏ ਪੰਜਾਬ ਨੂੰ ਪਿੱਛੇ ਕਰਨ ਤੇ ਲੱਗੇ ਹੋਏ ਹਨ। ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧੇ ਨੂੰ ਲੈ ਕੇ ਜਾਖੜ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਡੀਜ਼ਲ ਅਤੇ ਪੈਟਰੋਲ ਤੇ ਲਗਾਏ ਗਏ ਟੈਕਸ ਕਰਕੇ ਡੀਜ਼ਲ ਪੈਟਰੋਲ ਏਨਾ ਮਹਿੰਗਾ ਹੈ ਅਤੇ ਜੇ ਅਕਾਲੀ ਦਲ ਇਸ ਬਾਰੇ ਕੋਈ ਪ੍ਰਦਰਸ਼ਨ ਕਰਦਾ ਹੈ ਤਾਂ ਪਹਿਲੇ ਉਨ੍ਹਾਂ ਨੂੰ ਕੇਂਦਰ ਸਰਕਾਰ ਨਾਲ ਗੱਲ ਕਰਨੀ ਚਾਹੀਦੀ ਹੈ। ਆਪਣੇ ਚੋਣ ਵਾਅਦੇ ਮੁਤਾਬਿਕ ਨੌਜਵਾਨਾਂ ਨੂੰ ਮੋਬਾਈਲ ਦੇਣ ਦੇ ਮਾਮਲੇ ਵਿੱਚ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਆਪਣੇ ਇਸ ਵਾਅਦੇ ਨੂੰ ਜ਼ਰੂਰ ਪੂਰਾ ਕਰੇਗੀ ਹਾਲਾਂਕਿ ਚਾਈਨਾ ਤੋਂ ਹੁਣ ਸਮਾਨ ਨਹੀਂ ਆ ਰਿਹਾ।