Corona Virus
ਤਲਵੰਡੀ ਰਾਏ ਦਾ ਭੱਜਿਆ ਕੋਰੋਨਾ ਪੌਜ਼ਿਟਿਵ ਮਰੀਜ਼ ਕੀਤਾ ਗਿਆ ਕਾਬੂ
ਰਾਏਕੋਟ, ਹੇਮਰਾਜ ਬੱਬਰ, 19 ਜੂਨ : ਕੋਰੋਨਾ ਮਹਾਮਾਰੀ ਦਾ ਕਹਿਰ ਦਿਨੋ – ਦਿਨ ਵੱਧਦਾ ਹੀ ਜਾ ਰਿਹਾ ਹੈ, ਸਗੋਂ ਕੋਰੋਨਾ ਵਾਇਰਸ ਨੇ ਰਾਏਕੋਟ ਇਲਾਕੇ ਵਿੱਚ ਮੁੜ ਦੂਜੀ ਵਾਰ ਉਸ ਸਮੇਂ ਦਸਤਕ ਦਿੱਤੀ, ਜਦੋਂ ਓਟ ਸੈਂਟਰ ਵਿੱਚ ਦਵਾਈ ਲੈਣ ਗਏ ਪਿੰਡ ਤਲਵੰਡੀ ਰਾਏ ਦੇ ਸਤਪਾਲ ਸਿੰਘ ਉਰਫ ਸੱਤੀ ਪੁੱਤਰ ਸੁਖਦੇਵ ਸਿੰਘ ਇੱਕ ਵਿਅਕਤੀ ਦਾ ਕੋਰੋਨਾ ਟੈਸਟ ਪਾਜ਼ੀਟਿਵ ਆ ਗਿਆ, ਪ੍ਰੰਤੂ ਪਤਾ ਲੱਗਣ ‘ਤੇ ਬੀਤੀ ਕੱਲ ਦੇਰ ਸ਼ਾਮ ਉਕਤ ਵਿਅਕਤੀ ਘਰੋਂ ਮੋਟਰ ਸਾਈਕਲ ਲੈ ਕੇ ਫਰਾਰ ਹੋ ਗਿਆ, ਜਿਸ ਕਾਰਨ ਪੁਲਿਸ, ਸਿਹਤ ਤੇ ਸਿਵਲ ਪ੍ਰਸਾਸ਼ਨ ਨੂੰ ਹੱਥਾ ਪੈਰਾਂ ਦੀ ਪੈ ਗਈ, ਉੱਥੇ ਹੀ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਅੱਜ ਸਵੇਰ 11 ਵਜੇ ਦੇ ਕਰੀਬ ਬੱਸ ਸਟੈਂਡ ਰਾਏਕੋਟ ਦੇ ਨਜ਼ਦੀਕ ਲੁਧਿਆਣਾ- ਬਠਿੰਡਾ ਰਾਜ ਮਾਰਗ ‘ਤੇ ਇੱਕ ਗੰਨੇ ਦੇ ਰਸ਼ ਵਾਲੀ ਰੇਹੜੀ ਤੋਂ ਉਕਤ ਵਿਅਕਤੀ ਨੂੰ ਸਰਪੰਚ ਜਸਪ੍ਰੀਤ ਸਿੰਘ ਅਤੇ ਪੁਲਿਸ ਥਾਣਾ ਸਦਰ ਰਾਏਕੋਟ ਦੇ ਮੁੱਖੀ ਨਿਧਾਨ ਸਿੰਘ ਦੀ ਅਗਵਾਈ ਵਾਲੀ ਪੁਲਿਸ ਨੇ ਭਾਰੀ ਮੁਸੱਕਤ ਦੇ ਕਾਬੂ ਕਰ ਲਏ ਜਾਣ ‘ਤੇ ਪ੍ਰਸਾਸ਼ਨ ਅਤੇ ਲੋਕਾਂ ਨੇ ਸੁੱਖ ਦਾ ਸਾਹ ਲਿਆ, ਉੱਥੇ ਹੀ ਸਿਹਤ ਵਿਭਾਗ ਸੁਧਾਰ ਦੀ ਟੀਮ ਨੇ ਉਕਤ ਵਿਅਕਤੀ ਨੂੰ ਐਂਬੂਲੈਂਸ ਰਾਹੀਂ ਲੁਧਿਆਣਾ ਵਿਖੇ ਭੇਜ ਦਿੱਤਾ।
ਇਸ ਮੌਕੇ ਗੱਲਬਾਤ ਕਰਦਿਆ ਸਿਹਤ ਵਿਭਾਗ ਦੇ ਕਰਮਚਾਰੀਆਂ ਨੇ ਦੱਸਿਆ ਕਿ ਪਿੰਡ ਤਲਵੰਡੀ ਰਾਏ ਦਾ ਵਸਨੀਕ ਸਤਪਾਲ ਸਿੰਘ ਓਟ ਸੈਂਟਰ ਰਾਏਕੋਟ ਵਿਖੇ ਦਵਾਈ ਲੈਣ ਜਾਣ ਮੌਕੇ 14 ਜੂਨ ਨੂੰ ਕੋਰੋਨਾ ਟੈਸਟ ਲਈ ਸੈਂਪਲ ਲਿਆ ਗਿਆ ਸੀ, ਜਿਸ ਦੀ ਬੀਤੀ ਕੱਲ ਦੇਰ ਸ਼ਾਮ ਰਿਪੋਰਟ ਪਾਜ਼ੀਟਿਵ ਆਉਣ ‘ਤੇ ਉਸ ਨੂੰ ਸੂਚਿਤ ਕੀਤਾ ਗਿਆ ਤਾਂ ਉਕਤ ਵਿਅਕਤੀ ਘਰੋਂ ਭੱਜ ਗਿਆ, ਜਿਸ ਨੂੰ ਅੱਜ ਪੁਲਿਸ ਪ੍ਰਸਾਸ਼ਨ ਤੇ ਪਿੰਡਵਾਸੀਆਂ ਦੀ ਮਦਦ ਨਾਲ ਕਾਬੂ ਕਰ ਲਿਆ ਗਿਆ ਅਤੇ ਉਸ ਨੂੰ ਲੁਧਿਆਣਾ ਵਿਖੇ ਭੇਜ ਦਿੱਤਾ ਗਿਆ, ਉੱਥੇ ਹੀ ਉਸ ਦੇ ਸੰਪਰਕ ਵਿੱਚ ਆਉਣ ਵਾਲੇ 18 ਵਿਅਕਤੀ ਦੀ ਲਿਸਟ ਸਾਹਮਣੇ ਆਈ ਹੈ, ਜਿਨਾਂ ਨੂੰ ਘਰਾਂ ਵਿੱਚ ਇਕਾਂਤਵਾਸ ਕੀਤਾ ਗਿਆ ਹੈ ਅਤੇ ਉਨਾਂ ਦੇ ਸੈਂਪਲ ਲਏ ਜਾਣਗੇ। ਥਾਣਾ ਮੁੱਖੀ ਨਿਧਾਨ ਸਿੰਘ ਨੇ ਲੋਕਾਂ ਨੂੰ ਕੋਰੋਨਾ ਮਹਾਂਮਾਰੀ ਦੇ ਭਿਆਨਕ ਦੌਰ ਵਿੱਚ ਸਾਵਧਾਨੀਆਂ ਵਰਤਣ ਦੀ ਸਲਾਹ ਦਿੱਤੀ ਹੈ।