Punjab
ਬਰਨਾਲਾ ‘ਚ ਅਕਾਲੀ ਲੀਡਰ ਵੱਲੋਂ ਤਿਹਰਾ ਕਤਲਕਾਂਡ ਦੀ ਵਾਰਦਾਤ
ਬਰਨਾਲਾ ‘ਚ ਤਿਹਰਾ ਕਤਲਕਾਂਡ ਦੀ ਵਾਰਦਾਤ ਸਾਹਮਣੇ ਆਈ ਹੈ| ਦੱਸ ਦੇਈਏ ਅਕਾਲੀ ਆਗੂ ਅਤੇ ਕਾਲਾ ਮਹਿਰ ਸਟੇਡੀਅਮ ਦੇ ਸਾਬਕਾ ਪ੍ਰਧਾਨ ਕੁਲਵੀਰ ਸਿੰਘ ਮਾਨ ਵੱਲੋਂ ਆਪਣੀ ਧੀ, ਮਾਂ ਅਤੇ ਪਾਲਤੂ ਕੁੱਤੇ ਨੂੰ ਮਾਰਨ ਤੋਂ ਬਾਅਦ ਗੋਲੀ ਮਾਰ ਕੇ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਇਹ ਘਟਨਾ ਬਰਨਾਲਾ ਦੇ ਰਾਮ ਰਾਜਿਆ ਕਲੋਨੀ ਵਿੱਚ ਸ਼ਾਮ 7 ਵਜੇ ਵਾਪਰੀ ਹੈ | ਅਕਾਲੀ ਆਗੂ ਨੇ ਆਪਣੀ ਮਾਂ, ਧੀ ਅਤੇ ਆਪਣੇ ਪਾਲਤੂ ਕੁੱਤੇ ਨੂੰ ਗੋਲੀ ਮਾਰਨ ਤੋਂ ਬਾਅਦ ਖੁਦ ਨੂੰ ਵੀ ਗੋਲੀ ਮਾਰ ਲਈ ਹੈ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਉਸ ਦੀ ਪਤਨੀ ਰੋਜ਼ਾਨਾ ਦੀ ਤਰ੍ਹਾਂ ਸ਼ਾਮ ਨੂੰ ਦੁੱਧ ਲੈਣ ਗਈ ਸੀ। ਇਸ ਵਾਰਦਾਤ ਨੂੰ ਉਸਨੇ ਆਪਣੀ ਰਿਵਾਲਵਰ ਨਾਲ ਅੰਜਾਮ ਦਿੱਤਾ।
ਇਹ ਪੂਰਾ ਪਰਿਵਾਰ ਬਰਨਾਲਾ ਦੀ ਰਾਮ ਰਾਜ ਕਾਲੋਨੀ ‘ਚ ਰਹਿ ਰਿਹਾ ਸੀ । ਮ੍ਰਿਤਕਾਂ ਦੀ ਪਛਾਣ ਕੁਲਵੀਰ ਸਿੰਘ ਮਾਨ, ਉਸ ਦੀ ਮਾਤਾ ਬਲਵੰਤ ਕੌਰ ਅਤੇ ਬੇਟੀ ਨਿਮਰਤ ਕੌਰ ਵਜੋਂ ਹੋਈ ਹੈ। ਗੋਲੀਆਂ ਦੀ ਆਵਾਜ਼ ਸੁਣ ਕੇ ਜਦੋਂ ਉਸਦਾ ਪਾਲਤੂ ਕੁੱਤਾ ਭੌਂਕਣ ਲੱਗਾ ਤਾਂ ਕੁਲਵੀਰ ਨੇ ਮਰਨ ਤੋਂ ਪਹਿਲਾਂ ਕੁੱਤੇ ਨੂੰ ਵੀ ਗੋਲੀ ਮਾਰ ਦਿੱਤੀ।
ਕੁੱਝ ਸਮੇਂ ਪਹਿਲਾਂ ਹੀ ਕਨੈਡਾ ਤੋਂ ਆਈ ਸੀ ਧੀ
ਕੁਲਵੀਰ ਮਾਨ ਨੇ ਸਭ ਤੋਂ ਵੱਧ ਗੋਲੀਆਂ ਆਪਣੀ 21 ਸਾਲਾ ਧੀ ਨਿਮਰਤ ਕੌਰ ‘ਤੇ ਚਲਾਈਆਂ। ਉਹ ਕੁਝ ਸਮਾਂ ਪਹਿਲਾਂ ਕੈਨੇਡਾ ਤੋਂ ਆਪਣੇ ਮਾਤਾ-ਪਿਤਾ ਨਾਲ ਛੁੱਟੀਆਂ ਮਨਾਉਣ ਆਈ ਸੀ। ਕੁਲਵੀਰ ਨੇ ਆਪਣੇ ਲਾਇਸੈਂਸੀ ਰਿਵਾਲਵਰ ਤੋਂ ਆਪਣੀ ਬੇਟੀ ‘ਤੇ ਤਿੰਨ ਗੋਲੀਆਂ ਚਲਾਈਆਂ। ਫਿਰ ਉਸ ਨੇ ਬਜ਼ੁਰਗ ਮਾਂ ‘ਤੇ ਦੋ ਗੋਲੀਆਂ ਅਤੇ ਕੁੱਤੇ ‘ਤੇ ਇਕ ਗੋਲੀ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।
ਕੌਣ ਸੀ ਗੋਲੀਆਂ ਮਾਰਨ ਵਾਲਾ ਕੁਲਵੀਰ ਸਿੰਘ ਮਾਨ
ਕੁਲਵੀਰ ਮਾਨ ਅਕਾਲੀ ਆਗੂ ਰਹੇ ਹਨ। ਬਰਨਾਲਾ ਤੋਂ ਅਕਾਲੀ ਦਲ ਦੇ ਇੰਚਾਰਜ ਕੁਲਵੰਤ ਸਿੰਘ ਕੀਤੂ ਨਾਲ ਵੀ ਉਨ੍ਹਾਂ ਦੀ ਡੂੰਘੀ ਸਾਂਝ ਹੈ। ਕੁਲਵੀਰ ਮਾਨ ਨੇ ਯੂਥ ਅਕਾਲੀ ਆਗੂ ਵਜੋਂ ਸ਼ਹਿਰ ਦੀ ਸੇਵਾ ਕੀਤੀ ਹੈ। ਇਸ ਤੋਂ ਇਲਾਵਾ ਕੁਲਵੀਰ ਮਾਨ ਬਾਬਾ ਕਾਲਾ ਮਹਿਰ ਸਪੋਰਟਸ ਕਲੱਬ ਦੇ ਪ੍ਰਧਾਨ ਵੀ ਰਹੇ ਹਨ।
ਪੁਲਿਸ ਨੇ ਦਿੱਤੀ ਜਾਣਕਾਰੀ
ਇਹ ਵਾਰਦਾਤ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਟੀਮ ਘਰ ਪਹੁੰਚੀ | ਬਰਨਾਲਾ ਦੇ ਡੀਐਸਪੀ ਸਤਵੀਰ ਸਿੰਘ ਬੈਂਸ ਨੇ ਦੱਸਿਆ ਕਿ ਪੁਲਿਸ ਦੀ ਹੁਣ ਤੱਕ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਕੁਲਵੀਰ ਸਿੰਘ ਮਾਨ ਡਿਪ੍ਰੈਸ਼ਨ ਤੋਂ ਪੀੜਤ ਸੀ ਅਤੇ ਇਸ ਲਈ ਦਵਾਈਆਂ ਵੀ ਲੈ ਰਿਹਾ ਸੀ। ਕੁਝ ਸਮਾਂ ਪਹਿਲਾਂ ਉਨ੍ਹਾਂ ਦੀ ਸਰਜਰੀ ਵੀ ਹੋਈ ਸੀ। ਉਸ ਨੂੰ ਸੌਣ ਵਿਚ ਵੀ ਤਕਲੀਫ਼ ਹੁੰਦੀ ਸੀ।
ਡੀਐਸਪੀ ਨੇ ਦੱਸਿਆ ਕਿ ਘਰ ਵਿੱਚ ਲੱਗੇ ਸੀਸੀਟੀਵੀ ਕੈਮਰੇ ਤੋਂ ਪਤਾ ਲੱਗਦਾ ਹੈ ਕਿ ਕੁਲਵੀਰ ਨੇ ਸਭ ਤੋਂ ਪਹਿਲਾਂ ਉਸ ਦੀ ਲੜਕੀ ਨੂੰ ਮਾਰਿਆ। ਫਿਰ ਉਸਦੀ ਮਾਂ ਅਤੇ ਕੁੱਤੇ ਨੂੰ ਮਾਰ ਦਿੱਤਾ। ਇਸ ਤੋਂ ਬਾਅਦ ਉਸ ਨੇ ਖੁਦ ਨੂੰ ਗੋਲੀ ਮਾਰ ਲਈ। ਲਾਸ਼ਾਂ ਨੂੰ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ। ਉਸਦਾ ਪੋਸਟਮਾਰਟਮ ਅੱਜ ਹੋਵੇਗਾ। ਪੁਲਿਸ ਨੇ ਕੁਲਵੀਰ ਦੀ ਪਤਨੀ ਦੇ ਬਿਆਨਾਂ ਤੋਂ ਬਾਅਦ ਧਾਰਾ 174 ਤਹਿਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ।