Connect with us

Punjab

ਐਤਕੀ ਪੰਜਾਬ ‘ਚ ਪ੍ਰਵਾਸੀ ਪੰਛੀਆਂ ਦੀ ਘਟੀ ਆਮਦ, ਜਾਣੋ ਇਸ ਪਿੱਛੇ ਕੀ ਹੈ ਵਜ੍ਹਾ?

Published

on

ਐਤਕੀ ਵੀ ਪਿਛਲੀ ਵਾਰ ਨਾਲੋਂ ਕਾਫੀ ਘੱਟ ਗਿਣਤੀ ਵਿੱਚ ਵਿਦੇਸ਼ੀ ਪੰਛੀ ਪੰਜਾਬ ਅੰਦਰ ਨਜ਼ਰ ਆ ਰਹੇ ਹਨ। ਗੱਲ ਕਰ ਰਹੇ ਹਾਂ ਪੰਜਾਬ ਵਿੱਚ ਕੇਸ਼ੋਪੁਰ ਛੰਭ ਅਤੇ ਰਣਜੀਤ ਸਾਗਰ ਝੀਲ ਦੀ ਜਿੱਥੇ ਪਿਛਲੀ ਵਾਰ ਨਾਲੋਂ ਇਸ ਵਾਰ ਵੀ ਵਿਦੇਸ਼ੀ ਪੰਛੀਆਂ ਦੀ ਆਮਦ ਘਟੀ ਹੈ। ਪੰਛੀਆਂ ਦੀ ਆਮਦ ਘੱਟ ਹੋਣ ਪਿੱਛੇ ਕਾਰਨ ਬਾਰੇ ਗੱਲ ਕਰੀਏ ਤਾਂ ਉਹ ਇਹ ਹੈ ਕਿ ਨਵੰਬਰ ਮਹੀਨੇ ਵਿਚ ਵਧੇਰੇ ਗਰਮੀ ਨੂੰ ਮੰਨਿਆ ਜਾ ਸਕਦਾ ਹੈ।

ਦੱਸ ਦੇਈਏ ਕਿ ਕੇਸ਼ੋਪੁਰ ਛੰਭ ਜੋ ਕਰੀਬ ਸਾਡੇ 850 ਏਕੜ ਵਿਚ ਫੈਲਿਆ ਹੋਇਆ ਹੈ। ਇਸੇ ਤਰ੍ਹਾਂ ਹੀ ਰਣਜੀਤ ਸਾਗਰ ਡੈਮ ਦੀ ਝੀਲ ਵੀ ਸੈਂਕੜੇ ਏਕੜਾਂ ਵਿਚ ਫੈਲੀ ਹੋਈ ਹੈ। ਇਨ੍ਹਾਂ ਵਿਚ ਹਰ ਵਾਰ ਵਿਦੇਸ਼ਾਂ ਤੋਂ ਵੱਖ-ਵੱਖ ਪ੍ਰਜਾਤੀਆਂ ਦੇ ਤਕਰੀਬਨ 20 ਹਜ਼ਾਰ ਤੋਂ ਵੱਧ ਪੰਛੀ ਪਹੁੰਚਦੇ ਹਨ, ਪਰ ਇਸ ਵਾਰ ਬਹੁਤ ਘੱਟ ਗਿਣਤੀ ਵਿਚ ਵੇਖਣ ਨੂੰ ਮਿਲ ਰਹੇ ਹਨ। ਇਸ ਵਾਰ ਨਵੰਬਰ ਮਹੀਨੇ ਵਿਚ ਠੰਡ ਨਾ ਹੋਣ ਕਾਰਨ ਰੂਸ ਸਮੇਤ ਹੋਰ ਠੰਡੇ ਦੇਸ਼ਾਂ ਤੋਂ ਆਉਣ ਵਾਲੇ ਪ੍ਰਵਾਸੀ ਪੰਛੀਆਂ ਦੀ ਆਮਦ ਬਹੁਤ ਘੱਟ ਗਈ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆ ਡੀ.ਐੱਫ.ਓ ਵਾਇਲਡ ਲਾਈਫ ਪਰਮਜੀਤ ਸਿੰਘ ਨੇ ਦੱਸਿਆ ਕਿ ਇਸ ਵਾਰ ਠੰਡ ਘੱਟ ਹੋਣ ਕਾਰਨ ਪਿਛਲੇ ਸਾਲ ਦੇ ਮੁਕਾਬਲੇ ਪ੍ਰਵਾਸੀ ਪੰਛੀ ਘੱਟ ਆਏ ਹਨ। ਉਮੀਦ ਹੈ ਕਿ 15 ਤਾਰੀਖ਼ ਤੱਕ ਰਣਜੀਤ ਸਾਗਰ ਡੈਮ ਝੀਲ ਅਤੇ ਕੇਸ਼ੋਪੁਰ ਛੰਭ ਦੇ ਇਲਾਕੇ ਦੇ ਆਸ-ਪਾਸ ਦੇ ਇਲਾਕਿਆਂ ਵਿਚ ਆਪਣੀ ਆਮਦ ਪੂਰੀ ਕਰ ਲਈ ਜਾਵੇਗੀ। ਇਸ ਸਮੇਂ ਪੰਛੀਆਂ ਦੀਆਂ ਚਾਰ ਤੋਂ ਪੰਜ ਕਿਸਮਾਂ ਆਈਆਂ ਹਨ, ਜੋ ਘੱਟ ਠੰਡੇ ਇਲਾਕਿਆਂ ਵਿਚ ਰਹਿ ਸਕਦੇ ਹਨ। ਇਹ ਪੰਛੀ ਸਭ ਤੋਂ ਪਹਿਲਾਂ ਆਉਂਦੇ ਹਨ ਅਤੇ ਸਭ ਤੋਂ ਅਖੀਰ ਵਿਚ ਜਾਂਦੇ ਹਨ। ਇਨ੍ਹਾਂ ਦੇ ਇੱਥੇ ਠਹਿਰਣ ਲਈ ਵਿਭਾਗ ਵੱਲੋਂ ਪੂਰੇ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ 15 ਤਾਰੀਖ਼ ਤੱਕ ਕੇਸ਼ੋਪੁਰ ਛੰਭ ਅਤੇ ਰਣਜੀਤ ਸਾਗਰ ਡੈਮ ਝੀਲ ਦਾ ਸਾਰਾ ਇਲਾਕਾ ਪ੍ਰਵਾਸੀ ਪੰਛੀਆਂ ਨਾਲ ਭਰ ਜਾਵੇਗਾ। ਪਿਛਲੇ ਸਾਲ ਇੱਥੇ 20 ਤੋਂ 22 ਹਜ਼ਾਰ ਪੰਛੀਆਂ ਨੇ ਪ੍ਰਵਾਸ ਕੀਤਾ ਸੀ ਅਤੇ ਉਮੀਦ ਹੈ ਕਿ ਇਸ ਸਾਲ ਵੀ ਇਨ੍ਹਾਂ ਦੀ ਗਿਣਤੀ ਵਧੇਗੀ।