Punjab
14 ਲੱਖ ਦਾ ਸਾਲਾਨਾ ਪੈਕੇਜ ਠੁਕਰਾ ਫ਼ੌਜ ਦਾ ਵੱਡਾ ਅਫ਼ਸਰ ਬਣਿਆ ਮੁੰਡਾ, ਦੇਖ ਭਾਵੁਕ ਹੋਇਆ ਪਿਓ

ਕਹਿੰਦੇ ਹਨ ਕਿ ‘ਮਨ ਵਿਚ ਕੁਝ ਕਰਨ ਦਾ ਜਜ਼ਬਾ ਹੋਵੇ ਤਾਂ ਉਹ ਮਿਹਨਤ ਜਰੂਰ ਰੰਗ ਲੈ ਕੇ ਆਉਂਦੀ ਹੈ।’ ਗੱਲ ਕਰ ਰਹੇ ਹਾਂ ਅੰਮ੍ਰਿਤਸਰ ਦੇ ਰਾਜਾਸਾਂਸੀ ਹਲਕੇ ‘ਚ ਪੈਂਦੇ ਪਿੰਡ ਮਾਨਾਵਾਲਾ ਦੇ ਰਹਿਣ ਵਾਲੇ ਇਕ ਨੌਜਵਾਨ ਬਾਰੇ, ਜਿਸ ਦਾ ਨਾਂ ਹੈ ਮਨਿੰਦਰ ਪਾਲ ਸਿੰਘ, ਜੋ ਫ਼ੌਜ ਦਾ ਅਫ਼ਸਰ ਬਣ ਪਿੰਡ ਪਰਤਿਆ। ਇਸ ਖ਼ੁਸ਼ੀ ਦੇ ਮੌਕੇ ‘ਤੇ ਪਰਿਵਾਰ ਸਣੇ ਰਿਸ਼ਤੇਦਾਰਾਂ ਤੇ ਪਿੰਡ ਵਾਲਿਆਂ ਨੇ ਇੰਝ ਸਵਾਗਤ ਕੀਤਾ ਹੋਵੇ ਜਿਵੇਂ ਕਿਸੇ ਬਰਾਤ ਲਈ ਕੀਤਾ ਹੋਵੇ।
ਭਾਰੀ ਮੀਂਹ ਦੇ ਬਾਵਜੂਦ ਪਿੰਡ ਵਾਲਿਆਂ ਨੇ ਕੀਤਾ ਭਰਵਾ ਸਵਾਗਤ-
ਦੱਸ ਦਈਏ ਕਿ ਇਕ ਪਾਸੇ ਭਾਰੀ ਮੀਂਹ ਪੈ ਰਿਹਾ ਸੀ ਪਰ ਇਸ ਦੇ ਬਾਵਜੂਦ ਵੀ ਵੱਡੀ ਗਿਣਤੀ ‘ਚ ਇਲਾਕਾ ਵਾਸੀ ਮਨਿੰਦਰਪਾਲ ਸਿੰਘ ਦੇ ਘਰ ਪਹੁੰਚੇ ਜਿੱਥੇ ਉਨ੍ਹਾਂ ਨੇ ਫੁੱਲਾਂ ਦੀ ਵਰਖਾ ਕਰਕੇ ਅਤੇ ਢੋਲ ਦੀ ਥਾਪ ‘ਤੇ ਭੰਗੜੇ ਪਾ ਕੇ ਪਿੰਡ ਦੇ ਪੁੱਤ ਦੇ ਲੈਫਟੀਨੈਂਟ ਬਣਨ ਦੀ ਖੁਸ਼ੀ ਮਨਾਈ। ਘਰ ਵਿੱਚ ਵਿਆਹ ਵਰਗਾ ਮਾਹੌਲ ਸੀ।ਘਰ ਪਹੁੰਚੇ ਰਿਸ਼ਤੇਦਾਰਾਂ ਅਤੇ ਪਿੰਡ ਵਾਲਿਆਂ ਨੇ ਖ਼ੁਸ਼ੀ ਦੇ ਮੌਕੇ ‘ਤੇ ਖ਼ੂਬ ਰੌਣਕਾਂ ਲਾਈਆਂ।
ਮਨਿੰਦਰਪਾਲ ਦੇ ਪਿਤਾ ਵੀ ਕਰ ਚੁੱਕੇ ਫ਼ੌਜ ‘ਚ ਨੌਕਰੀ-
ਜੇਕਰ ਲੈਫਟੀਨੈਂਟ ਮਨਿੰਦਰ ਪਾਲ ਸਿੰਘ ਦੇ ਪਰਿਵਾਰ ਦੀ ਗੱਲ ਕਰੀਏ ਤਾਂ ਉਨ੍ਹਾਂ ਦੇ ਪਿਤਾ ਨੇ ਲੰਬੇ ਸਮੇਂ ਬਤੌਰ ਫੌਜੀ ਦੇਸ਼ ਦੀ ਸੇਵਾ ਕੀਤੀ ਹੈ। ਫੌਜੀ ਰਹੇ ਪਿਤਾ ਦਾ ਸੁਪਨਾ ਸੀ ਕਿ ਉਨ੍ਹਾਂ ਦਾ ਪੁੱਤ ਵੀ ਫੌਜ ‘ਚ ਅਫਸਰ ਬਣੇ।ਇਨ੍ਹਾਂ ਹੀ ਨਹੀਂ ਬਿਨਾਂ ਮਾਂ ਦੇ ਬੱਚੇ ਦੀ ਪੜ੍ਹਾਈ ਲਈ ਪਿਤਾ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਪਰ ਪਿਓ ਪੁੱਤ ਨੇ ਮੁਸ਼ਕਿਲ ਹਾਲਾਤਾਂ ਦੇ ਬਾਵਜੂਦ ਹਾਰ ਨਹੀਂ ਮੰਨੀ। ਜਦੋਂ ਮਨਿੰਦਰਪਾਲ ਸਿੰਘ ਫੌਜੀ ਅਫ਼ਸਰ ਬਣ ਘਰ ਪਰਤਿਆ ਤਾਂ ਦੇਖ ਕੇ ਪਿਤਾ ਤੀਰਥ ਸਿੰਘ ਭਾਵੁਕ ਹੋ ਗਏ।
ਆਈਲੈਟਸ ਕਰਕੇ ਲਾਈ ਕੈਨੇਡਾ ਦੀ ਫਾਇਲ-
ਦੱਸ ਦਈਏ ਕਿ ਮਨਿੰਦਰਪਾਲ ਸਿੰਘ ਨੇ ਇੰਨੀ ਮਿਹਨਤ ਕੀਤੀ ਕਿ ਉਸ ਦੇ ਰਾਹ ਵਿੱਚ ਆਰਥਿਕ ਤੰਗੀ ਅਤੇ ਅਨੇਕਾਂ ਮੁਸ਼ਕਿਲਾਂ ਵੀ ਅੜਿੱਕਾ ਨਹੀਂ ਬਣ ਸਕੀਆਂ। ਉਸਨੇ ਬਾਰ੍ਹਵੀਂ ਜਮਾਤ ਪਾਸ ਕਰਨ ਉਪਰੰਤ ਐਨ.ਡੀ.ਏ ਕਰਨ ਲੱਗਿਆ ਜਿਸ ਵਿੱਚੋਂ ਉਹ ਪਾਸ ਨਾ ਹੋਣ ਤੇ ਵਿਦੇਸ਼ ਜਾਣ ਦਾ ਪ੍ਰੋਗਰਾਮ ਬਣਾ ਲਿਆ, ਇਸ ਤੋਂ ਬਾਅਦ ਉਸ ਨੇ ਆਈਲੈਟਸ ‘ਚੋਂ 8 ਨੰਬਰ ਲੈ ਕੈਨੇਡਾ ਦੀ ਫਾਈਲ ਲਗਾ ਦਿੱਤੀ ਸੀ ਪਰ ਅਚਾਨਕ ਹੀ ਉਨ੍ਹਾਂ ਵੱਲੋਂ ਸਲਾਹ ਬਦਲ ਦਿੱਤੀ ਸੀ।
ਬੀਟੈੱਕ ਕਰਨ ਮਗਰੋਂ ਬੰਗਲੌਰ ‘ਚ ਮਿਲਿਆ ਸੀ 14 ਲੱਖ ਦਾ ਪੈਕੇਜ-
ਇਸ ਹੀ ਨਹੀਂ ਮਨਿੰਦਰਪਾਲ ਨੇ ਦੇਸ਼ ਦੀ ਸੇਵਾ ਦੇ ਲਈ ਫੌਜ ‘ਚ ਜਾਣ ਦੇ ਲਈ ਤਿਆਰੀ ਸ਼ੁਰੂ ਕਰ ਦਿੱਤੀ। ਪਰ ਬੀਟੈੱਕ ਪਾਸ ਕਰਨ ਉਪਰੰਤ ਉਸ ਨੂੰ ਬੰਗਲੌਰ ਵਿੱਚ 14 ਲੱਖ ਰੁਪਏ ਦਾ ਸਲਾਨਾ ਪੈਕੇਜ ਤੇ ਨੌਕਰੀ ਕਰਨ ਦਾ ਆਫਰ ਵੀ ਮਿਲੀ ਸੀ । ਉਸ ਨੇ ਫੇਰ ਵੀ ਐੱਸ.ਐੱਸ.ਬੀ ਦੀ ਤਿਆਰੀ ਨਹੀਂ ਛੱਡੀ, ਜਿਸਦਾ ਨਤੀਜਾ ਇਹ ਰਿਹਾ ਕਿ ਉਨ੍ਹਾਂ ਨੇ ਪਹਿਲੀ ਵਾਰ ‘ਚ ਹੀ ਟੈਸਟ ਨੂੰ ਪਾਸ ਕਰ ਲਿਆ।
ਦਾਸਤਾਨ ਸੁਣਾਉਂਦਿਆਂ ਭਾਵੁਕ ਹੋਇਆ ਮਨਿੰਦਰਪਾਲ ਸਿੰਘ-
ਹੰਝੂ ਭਰੀਆਂ ਅੱਖਾਂ ਨਾਲ ਲੈਫਟੀਨੈਂਟ ਬਣਨ ਦੀ ਦਾਸਤਾਨ ਸੁਣਾਉਂਦੇ ਹੋਏ ਮਨਿੰਦਰਪਾਲ ਸਿੰਘ ਨੇ ਕਿਹਾ ਕਿ ਨੌਜਵਾਨ ਪੀੜੀ ਨੂੰ ਵਿਦੇਸ਼ ਜਾਣ ਦੀ ਥਾਂ ਇੱਥੇ ਹੀ ਮਿਹਨਤ ਕਰ ਉੱਚਾ ਮੁਕਾਮ ਹਾਸਿਲ ਕਰਨ ਦੀ ਸਲਾਹ ਦਿੱਤੀ ਹੈ। ਦੱਸ ਦੇਈਏ ਕਿ ਪਰਿਵਾਰ ਦੇ ਨਾਲ ਨਾਲ ਖੁਸ਼ੀ ਵਿੱਚ ਪੂਰੇ ਪਿੰਡ ਦੇ ਭੁੰਜੇ ਪੈਰ ਨਹੀਂ ਲੱਗ ਰਹੇ ਸਨ। ਹੋਰ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਅੱਜ ਉਨ੍ਹਾਂ ਨੂੰ ਆਪਣੇ ਪੁੱਤ ‘ਤੇ ਮਾਣ ਮਹਿਸੂਸ ਹੋ ਰਿਹਾ ਹੈ।